ਸਿਰਫਿਰਾ ਆਸ਼ਕ ਕੁੜੀ ਦੇ ਪਿੱਛੇ-ਪਿੱਛੇ ਭਾਰਤ ਤੋਂ ਪਹੁੰਚਿਆ ਅਮਰੀਕਾ, ਉਹ ਹੋਇਆ ਜੋ ਸੋਚਿਆ ਨਹੀਂ ਸੀ (ਤਸਵੀਰਾਂ)

04/29/2016 2:26:49 PM

 
ਵਾਸ਼ਿੰਗਟਨ— ਅਮਰੀਕਾ ਵਿਚ ਇਕ ਸਨਕੀ ਭਾਰਤੀ ਵਿਅਕਤੀ ਨੂੰ ਇਸ਼ਕ ਮਿਜਾਜ਼ੀ ਭਾਰੀ ਪੈ ਗਈ ਅਤੇ ਉਸ ਨੂੰ 10 ਸਾਲਾਂ ਤੱਕ ਇਕ ਕੁੜੀ ਦਾ ਪਿੱਛਾ ਕਰਨ ਕਰਕੇ 19 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ। 32 ਸਾਲਾ ਜਤਿੰਦਰ ਸਿੰਘ ਨਾਮੀ ਇਸ ਵਿਅਕਤੀ ਨੇ ਭਾਰਤ ਦੇ ਦਿੱਲੀ ਤੋਂ ਅਮਰੀਕਾ ਦੇ ਟੈਕਸਾਸ ਤੱਕ ਤਕਰੀਬਨ ਇਕ ਦਹਾਕੇ ਤੱਕ ਪੀੜਤ ਕੁੜੀ ਦਾ ਪਿੱਛਾ ਕੀਤਾ। ਕੋਲਿਨ ਕਾਊਂਟੀ ਦੇ ਜ਼ਿਲਾ ਅਟਾਰਨੀ ਗ੍ਰੇਗ ਵਿਲਿਆ ਨੇ ਬੁੱਧਵਾਰ ਨੂੰ ਫੈਸਲਾ ਸੁਣਾਉਂਦੇ ਹੋ ਕਿਹਾ ਕਿ ਜਿਊਰੀ ਨੇ ਪੀੜਤਾ ਦੇ ਇਕ ਦਹਾਕੇ ਤੱਕ ਚੱਲੇ ਆ ਰਹੇ ਪਿੱਛਾ ਕੀਤੇ ਜਾਣ ਵਾਲੇ ਬੁਰੇ ਸੁਪਨੇ ਦਾ ਅੰਤ ਕਰ ਦਿੱਤਾ ਹੈ। 
ਜ਼ਿਕਰਯੋਗ ਹੈ ਕਿ ਜਤਿੰਦਰ ਦੀ ਮੁਲਾਕਾਤ ਪੀੜਤਾ ਨਾਲ ਦਿੱਲੀ ਦੇ ਕਾਲਜ ਵਿਚ ਪੜ੍ਹਾਈ ਦੌਰਾਨ ਹੋਈ ਸੀ। ਉਹ ਦੋਵੇਂ ਸਿਰਫ ਸਹਿਪਾਠੀ ਹੀ ਸਨ ਪਰ ਜਤਿੰਦਰ ਨੇ 2006 ਵਿਚ ਪੀੜਤਾ ਨੂੰ ਵਿਆਹ ਲਈ ਪਰਪੋਜ਼ ਕਰ ਦਿੱਤਾ। ਪੀੜਤਾ ਦੇ ਇਨਕਾਰ ਕਰਨ ਤੋਂ ਬਾਅਦ ਵੀ ਜਤਿੰਦਰ ਨੇ ਉਸ ਦਾ ਪਿੱਛਾ ਨਹੀਂ ਛੱਡਿਆ। ਜਤਿੰਦਰ ਹਰ ਰੋਜ਼ ਕਾਲਜ ਤੋਂ ਘਰ ਤੱਕ ਉਸ ਦਾ ਪਿੱਛਾ ਕਰਦਾ ਸੀ। 2007 ਵਿਚ ਪੀੜਤਾ ਨੇ ਨਿਊਯਾਰਕ ਯੂਨੀਵਰਸਿਟੀ ਵਿਚ ਦਾਖਲਾ ਲਿਆ ਅਤੇ ਭਾਰਤ ਛੱਡ ਦਿੱਤਾ। ਉਸ ਸਮੇਂ ਵੀ ਜਤਿੰਦਰ ਦੀ ਸਨਕ ਖਤਮ ਨਹੀਂ ਹੋਈ। ਉਸ ਨੇ ਪੀੜਤਾ ਦੇ ਪਿਤਾ ਨੂੰ ਡਰਾਉਣਾ-ਧਮਕਾਉਣਾ ਸ਼ੁਰੂ ਕਰ ਦਿੱਤਾ, ਜਿਸ ਕਰਕੇ ਉਸ ਖਿਲਾਫ ਪੁਲਸ ਵਿਚ ਮਾਮਲਾ ਵੀ ਦਰਜ ਕਰਵਾਇਆ ਗਿਆ ਪਰ ਸਮਝੌਤਾ ਹੋਣ ਕਰਕੇ ਉਸ ਨੂੰ ਛੱਡ ਦਿੱਤਾ ਗਿਆ। ਜਤਿੰਦਰ ਇੱਥੇ ਹੀ ਨਹੀਂ ਰੁਕਿਆ ਅਤੇ ਉਹ ਪੀੜਤਾ ਦੇ ਪਿੱਛੇ-ਪਿੱਛੇ ਅਮਰੀਕਾ ਤੱਕ ਪਹੁੰਚ ਗਿਆ। ਉੱਥੇ ਉਸ ਨੇ ਉਸ ਯੂਨੀਵਰਸਿਟੀ ਵਿਚ ਵੀ ਦਾਖਲਾ ਲੈਣ ਦੀ ਕੋਸ਼ਿਸ਼ ਕੀਤੀ, ਜਿੱਥੇ ਪੀੜਤਾ ਪੜ੍ਹਾਈ ਕਰ ਰਹੀ ਸੀ। ਯੂਨੀਵਰਸਿਟੀ ਨੇ ਉਸ ਨੂੰ ਦਾਖਲਾ ਨਹੀਂ ਦਿੱਤਾ ਅਤੇ ਕੰਪਲੈਕਸ ਤੋਂ ਦੂਰ ਰਹਿਣ ਦੇ ਹੁਕਮ ਦਿੱਤੇ। ਜਤਿੰਦਰ ਨੇ ਉੱਥੇ ਵੀ ਕਾਲਜ ਤੋਂ ਲੈ ਕੇ ਇਕ ਤਕਨੀਕੀ ਕੰਪਨੀ ਵਿਚ ਪੀੜਤਾ ਦੀ ਨੌਕਰੀ ਲੱਗਣ ਤੱਕ ਉਸ ਦਾ ਪਿੱਛਾ ਕੀਤਾ। 2011 ਵਿਚ ਪੀੜਤਾ ਪਲੇਨੋ ਚਲੀ ਗਈ। 2011 ਤੋਂ 2014 ਤੱਕ ਜਤਿੰਦਰ ਉਸ ਨੂੰ ਫੋਨ ਅਤੇ ਹੋਰ ਇਲੈਕਟ੍ਰਾਨਿਕ ਮਾਧਿਅਮਾਂ ਰਾਹੀਂ ਧਮਕਾਉਂਦਾ ਰਿਹਾ। ਪੀੜਤਾ ਲਗਭਗ ਇਕ ਦਹਾਕੇ ਤੋਂ ਖੌਫ ਵਿਚ ਜ਼ਿੰਦਗੀ ਬਤੀਤ ਕਰ ਰਹੀ ਸੀ ਪਰ ਉਸ ਦੇ ਖੌਫ ਦਾ ਅੰਤ ਉਸ ਸਮੇਂ ਹੋਇਆ ਜਦੋਂ ਜਤਿੰਦਰ ਉਸ ਦੇ ਪਲੇਨੋ ਵਿਖੇ ਉਸ ਦੇ ਘਰ ਤੱਕ ਪਹੁੰਚ ਗਿਆ। ਉੱਥੇ ਉਸ ਨੇ ਪੀੜਤਾ ਦਾ ਪਾਸਪੋਰਟ, ਸਮਾਜਿਕ ਸੁਰੱਖਿਆ ਕਾਰਡ, ਹੋਰ ਦਸਤਾਵੇਜ਼ ਅਤੇ ਗਹਿਣੇ ਚੋਰੀ ਕਰਨ ਦੀ ਕੋਸ਼ਿਸ਼ ਕੀਤੀ, ਜਿਸ ਦੀ ਸ਼ਿਕਾਇਤ ਪੁਲਸ ਨੂੰ ਕਰਨ ''ਤੇ ਉਨ੍ਹਾਂ ਨੇ ਜਤਿੰਦਰ ਨੂੰ ਗ੍ਰਿਫਤਾਰ ਕਰ ਲਿਆ।

Kulvinder Mahi

News Editor

Related News