ਦੋ ਸਾਲ ਪਹਿਲਾਂ ਫਰਾਂਸ ਗਈ ਦੋ ਬੱਚਿਆਂ ਦੀ ਮਾਂ ਜਸਵੀਰ ਕੌਰ ਨੇ ਕੀਤੀ ਖ਼ੁਦਕੁਸ਼ੀ
Saturday, Jul 06, 2024 - 06:46 PM (IST)

ਪੈਰਿਸ (ਭੱਟੀ ) - ਫਰਾਂਸ ਵਿਖ਼ੇ ਦੋ ਬੱਚਿਆਂ ਦੀ ਮਾਂ ਜਸਵੀਰ ਕੌਰ (29) ਪਤਨੀ ਮਨਜੀਤ ਸਿੰਘ ਨੇ ਘਰੇਲੂ ਜਿੰਦਗੀ ਤੋਂ ਤੰਗ ਆ ਕੇ ਆਪਣੇ ਰਿਹਾਇਸ਼ੀ ਘਰ ਵਿੱਚ ਬਣੇ ਗੈਰੇਜ ਵਿੱਚ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਹੈ | ਇਹ ਮਹਿਲਾ ਇਮੀਗ੍ਰੇਸ਼ਨ ਵੀਜ਼ੇ ਰਾਹੀਂ ਸਿਰਫ ਦੋ ਸਾਲ ਪਹਿਲਾਂ ਹੀ ਫਰਾਂਸ ਪਹੁੰਚੀ ਸੀ | ਥੋੜ੍ਹੇ ਦਿਨਾਂ ਤੋਂ ਬਾਅਦ ਹੀ ਇਸਦਾ ਆਪਣੇ ਘਰਵਾਲੇ(ਪਤੀ) ਨਾਲ ਕਾਟੋ-ਕਲੇਸ਼ ਸਿਰਫ ਇਸ ਕਰਕੇ ਸ਼ੁਰੂ ਹੋ ਗਿਆ ਕਿ ਉਹ ਘਰ ਲੇਟ ਕਿਉਂ ਆਉਂਦਾ ਹੈ ਜਾਂ ਫਿਰ ਕਦੇ ਕਦਾਈਂ ਕੰਮ ਦੀ ਵਜ੍ਹਾ ਕਰਕੇ ਘਰੋਂ ਗਾਇਬ ਕਿਉਂ ਰਹਿੰਦਾ ਹੈ |
ਪੈਸੇ ਪੱਖੋਂ ਇਹ ਪਰਿਵਾਰ ਬਹੁਤ ਵਧੀਆ ਹੈ, ਪਰ ਪੇਪਰ ਲੈ ਕੇ ਪੱਕਾ ਹੋਣ ਕਾਰਨ ਮਨਜੀਤ ਸਿੰਘ ਨੇ ਭਾਰਤ ਵਿਆਹ ਕਰਵਾਉਣ ਤੋਂ ਪਹਿਲਾਂ ਕਿਸੇ ਫਰੈਂਚ ਲੇਡੀ ਨਾਲ ਵਿਆਹ ਕਰਵਾਇਆ ਹੋਇਆ ਸੀ। ਜਿਸ ਵਿੱਚੋਂ ਇਸਦੀ 17 ਸਾਲਾ ਲੜਕੀ ਵੀ ਹੈ ਜੋ ਕਿ ਆਪਣੇ ਬਾਪ ਦੇ ਨਾਲ ਇੱਸੇ ਘਰ ਵਿੱਚ ਹੀਂ ਰਹਿੰਦੀ ਸੀ | ਦੂਸਰੇ ਬੱਚੇ 9 ਅਤੇ 6 ਸਾਲਾਂ ਦੇ ਹੋਣ ਕਾਰਨ ਘਬਰਾ ਗਏ ਸਨ ਜਦਕਿ ਫਰੈਂਚ ਔਰਤ ਦੀ ਕੁੜੀ ਨੇ ਪੁਲਸ ਨੂੰ ਕਾਲ ਕਰਕੇ ਮ੍ਰਿਤਕ ਦੇਹ ਨੂੰ ਥੱਲੇ ਉਤਰਵਾਇਆ। ਜਦੋਂ ਇਹ ਘਟਨਾ ਵਾਪਰੀ ਉਸ ਸਮੇਂ ਮਨਜੀਤ ਸਿੰਘ ਕੰਮ 'ਤੇ ਗਿਆ ਹੋਇਆ ਸੀ |
ਪੁਲਸ ਵੱਲੋਂ ਸੀਸੀਟੀਵੀ ਕੈਮਰਿਆਂ ਦੀ ਘੋਖ-ਪੜਤਾਲ ਕਰਨ ਉਪਰੰਤ ਦਰਸਾਇਆ ਗਿਆ ਕਿ ਮ੍ਰਿਤਕ ਜਸਵੀਰ ਕੌਰ ਨੇ ਖੁਦ ਆਪਣੀ ਜੀਵਨ ਲੀਲਾ ਸਮਾਪਤ ਕੀਤੀ ਹੈ। ਇਸ ਵਿਚ ਕਿਸੇ ਦਾ ਕੋਈ ਕਸੂਰ ਨਹੀਂ। ਬੇਸ਼ੱਕ ਉਸ ਨਾਲ ਘਰੇਲੂ ਹਰਾਸਮੈਂਟ ਹੁੰਦੀ ਰਹਿੰਦੀ ਸੀ ਪਰ ਉਸਦਾ ਘਰ ਵਾਲਾ ਬੇਕਸੂਰ ਹੈ | ਹੁਣ ਇਸ ਅਭਾਗਣ ਬੀਬੀ ਦਾ ਸਸਕਾਰ ਆਉਂਦੀ ਤੇਰਾਂ ਜੁਲਾਈ ਨੂੰ ਫਰਾਂਸ ਵਿਖ਼ੇ ਹੀਂ ਕੀਤਾ ਜਾਵੇਗਾ |