ਥਾਰ ਵਾਲੀ ਬਰਖ਼ਾਸਤ ਕਾਂਸਟੇਬਲ ਅਮਨਦੀਪ ਕੌਰ ਦੀ ਵਿਗੜੀ ਸਿਹਤ, ਹਸਪਤਾਲ ''ਚ ਦਾਖ਼ਲ
Wednesday, May 28, 2025 - 11:01 AM (IST)

ਬਠਿੰਡਾ (ਵਿਜੇ ਵਰਮਾ) : ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ 'ਚ ਵਿਜੀਲੈਂਸ ਵੱਲੋਂ ਗ੍ਰਿਫ਼ਤਾਰ ਅਤੇ ਤਿੰਨ ਦਿਨਾਂ ਦੇ ਪੁਲਸ ਰਿਮਾਂਡ 'ਤੇ ਬਰਖ਼ਾਸਤ ਮਹਿਲਾ ਪੁਲਸ ਮੁਲਾਜ਼ਮ ਅਮਨਦੀਪ ਕੌਰ ਨੂੰ ਮੰਗਲਵਾਰ ਦੇਰ ਰਾਤ ਅਚਾਨਕ ਤੇਜ਼ ਦਰਦ ਹੋਣ ਲੱਗਾ।ਇਸ ਤੋਂ ਬਾਅਦ ਵਿਜੀਲੈਂਸ ਟੀਮ ਤੁਰੰਤ ਉਸਨੂੰ ਸਿਵਲ ਹਸਪਤਾਲ ਲੈ ਗਈ। ਡਿਊਟੀ 'ਤੇ ਤਾਇਨਾਤ ਮਹਿਲਾ ਡਾ. ਸੋਫੀਆ ਗਰਗ ਨੇ ਪੁਸ਼ਟੀ ਕੀਤੀ ਕਿ ਅਮਨਦੀਪ ਕੌਰ ਦੇ ਗੁਰਦੇ ਦੇ ਹੇਠਾਂ ਵਾਲੀ ਟਿਊਬ 'ਚ ਪੱਥਰੀ ਮਿਲੀ ਹੈ, ਜਿਸ ਕਾਰਨ ਉਸਨੂੰ ਦਰਦ ਹੋ ਰਿਹਾ ਹੈ।
ਇਹ ਵੀ ਪੜ੍ਹੋ : ਪੰਜਾਬ ਦੇ ਸਕੂਲਾਂ 'ਚ ਇਨ੍ਹਾਂ ਤਾਰੀਖ਼ਾਂ ਲਈ ਹੋ ਗਿਆ ਵੱਡਾ ਐਲਾਨ, ਵਿਦਿਆਰਥੀਆਂ ਨੂੰ ਮਿਲੇਗੀ ਰਾਹਤ
ਸ਼ੁਰੂਆਤੀ ਜਾਂਚ ਤੋਂ ਬਾਅਦ ਉਸਨੂੰ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ। ਅਮਨਦੀਪ ਕੌਰ ਪਹਿਲਾਂ ਹੀ ਪੱਥਰੀ ਦੀ ਬੀਮਾਰੀ ਤੋਂ ਪੀੜਤ ਸੀ ਪਰ ਪੁਲਸ ਰਿਮਾਂਡ ਦੌਰਾਨ ਦਰਦ ਅਚਾਨਕ ਵੱਧ ਗਿਆ, ਜਿਸ ਕਾਰਨ ਵਿਜੀਲੈਂਸ ਨੂੰ ਉਸਨੂੰ ਹਸਪਤਾਲ 'ਚ ਦਾਖ਼ਲ ਕਰਵਾਉਣਾ ਪਿਆ। ਦੱਸਣਯੋਗ ਹੈ ਕਿ ਅਪ੍ਰੈਲ ਮਹੀਨੇ 'ਚ ਅਮਨਦੀਪ ਕੌਰ ਨੂੰ ਏ. ਐੱਨ. ਟੀ. ਐੱਫ. ਟੀਮ ਨੇ 17 ਗ੍ਰਾਮ ਤੋਂ ਵੱਧ ਨਸ਼ੀਲੇ ਪਦਾਰਥਾਂ ਸਮੇਤ ਗ੍ਰਿਫ਼ਤਾਰ ਕੀਤਾ ਸੀ। ਇਸ ਗੰਭੀਰ ਮਾਮਲੇ 'ਚ ਉਸਦਾ ਨਾਂ ਸਾਹਮਣੇ ਆਉਣ ਤੋਂ ਬਾਅਦ ਪੁਲਸ ਵਿਭਾਗ ਨੇ ਉਸਨੂੰ ਤੁਰੰਤ ਪ੍ਰਭਾਵ ਨਾਲ ਬਰਖ਼ਾਸਤ ਕਰ ਦਿੱਤਾ ਸੀ। ਇੱਕ ਮਹੀਨਾ ਜੇਲ੍ਹ 'ਚ ਕੱਟਣ ਤੋਂ ਬਾਅਦ ਉਸਨੂੰ ਜ਼ਮਾਨਤ 'ਤੇ ਰਿਹਾਅ ਕਰ ਦਿੱਤਾ ਗਿਆ। ਹੁਣ ਵਿਜੀਲੈਂਸ ਬਿਊਰੋ ਨੇ ਆਮਦਨ ਤੋਂ ਵੱਧ ਜਾਇਦਾਦ ਰੱਖਣ ਦੇ ਮਾਮਲੇ 'ਚ ਉਸ ਖ਼ਿਲਾਫ਼ ਕਾਰਵਾਈ ਕਰਦਿਆਂ ਸੋਮਵਾਰ ਨੂੰ ਉਸਨੂੰ ਦੁਬਾਰਾ ਗ੍ਰਿਫ਼ਤਾਰ ਕਰ ਲਿਆ ਅਤੇ ਅਦਾਲਤ ਤੋਂ 3 ਦਿਨਾਂ ਦਾ ਪੁਲਸ ਰਿਮਾਂਡ ਹਾਸਲ ਕਰ ਲਿਆ ਪਰ ਹੁਣ ਉਸਦੀ ਵਿਗੜਦੀ ਸਿਹਤ ਕਾਰਨ ਇਹ ਪੁੱਛਗਿੱਛ ਕੁੱਝ ਸਮੇਂ ਲਈ ਰੁਕ ਗਈ ਹੈ।
ਇਹ ਵੀ ਪੜ੍ਹੋ : ਹੁਣ ਚੰਡੀਗੜ੍ਹ 'ਚ ਵੀ ਕੋਰੋਨਾ ਦੀ ਐਂਟਰੀ! ਪਹਿਲਾਂ ਹੀ ਹੋ ਜਾਓ ਸਾਵਧਾਨ
ਪੁੱਛਗਿੱਛ ਦੌਰਾਨ ਹਸਪਤਾਲ ਵਿੱਚ ਭਰਤੀ-ਕੀ ਹੁਣ ਰਿਮਾਂਡ ਪ੍ਰਭਾਵਿਤ ਹੋਵੇਗਾ?
ਹੁਣ ਵੱਡਾ ਸਵਾਲ ਇਹ ਹੈ ਕਿ ਕੀ ਸਿਹਤ ਕਾਰਨਾਂ ਕਰਕੇ ਵਿਜੀਲੈਂਸ ਜਾਂਚ ਪ੍ਰਭਾਵਿਤ ਹੋਵੇਗੀ? ਕੀ ਅਮਨਦੀਪ ਕੌਰ ਨੂੰ ਪੱਥਰੀ ਦੇ ਬਹਾਨੇ ਰਾਹਤ ਮਿਲੇਗੀ ਜਾਂ ਵਿਜੀਲੈਂਸ ਹਸਪਤਾਲ 'ਚ ਹੀ ਪੁੱਛਗਿੱਛ ਜਾਰੀ ਰੱਖੇਗੀ? ਆਉਣ ਵਾਲੇ ਦਿਨ ਇਸ ਹਾਈ ਪ੍ਰੋਫਾਈਲ ਮਾਮਲੇ ਨੂੰ ਲੈ ਕੇ ਕਈ ਖ਼ੁਲਾਸੇ ਹੋ ਸਕਦੇ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8