ਪਿੰਡ ਇਸਲਾਮਵਾਲਾ ਦੇ ਸਰਪੰਚ ਦੇ ਪੁੱਤ ਦੀ ਚਿੱਟੇ ਕਾਰਣ ਮੌਤ, ਦੋ ਮਹੀਨੇ ਪਹਿਲਾਂ ਹੋਇਆ ਸੀ ਵਿਆਹ
Friday, Jun 06, 2025 - 06:00 PM (IST)

ਮੰਡੀ ਅਰਨੀਵਾਲਾ (ਸੁਖਦੀਪ) : ਨੇੜਲੇ ਪਿੰਡ ਇਸਲਾਮਵਾਲਾ ਦੇ ਮੌਜੂਦਾ ਸਰਪੰਚ ਦੇ ਪੁੱਤਰ ਦੀ ਚਿੱਟੇ ਦੀ ਓਵਰਡੋਜ਼ ਨਾਲ ਮੌਤ ਹੋਣ ਦੀ ਖ਼ਬਰ ਹੈ। ਜਾਣਕਾਰੀ ਦਿੰਦਿਆਂ ਪਿੰਡ ਇਸਲਾਮਵਾਲਾ ਦੇ ਮੌਜੂਦਾ ਸਰਪੰਚ ਅਤੇ ਮ੍ਰਿਤਕ ਦੇ ਪਿਤਾ ਸੁਖਪਾਲ ਸਿੰਘ ਨੇ ਦੱਸਿਆ ਕਿ ਉਹ ਅੱਜ ਘਰ ’ਚ ਮੌਜੂਦ ਨਹੀਂ ਸਨ। ਦੁਪਹਿਰ ਵੇਲੇ ਉਸਦੇ ਪੁੱਤਰ ਰੁਪਿੰਦਰ ਸਿੰਘ ਨੇ ਆਪਣੇ ਛੋਟੇ ਭਰਾ ਨੂੰ ਕਿਹਾ ਕਿ ਉਹ ਉਸਦੇ ਕਮਰੇ ’ਚੋਂ ਬਾਹਰ ਚਲਾ ਜਾਵੇ। ਜਦੋਂ ਉਹ ਬਾਹਰ ਗਿਆ ਤਾਂ ਰੁਪਿੰਦਰ ਸਿੰਘ ਨੇ ਕਥਿਤ ਨਸ਼ੇ ਦਾ ਟੀਕਾ ਲਗਾਇਆ। ਜਿਸ ਕਾਰਨ ਉਸਦੀ ਮੌਤ ਹੋ ਗਈ। ਉਨ੍ਹਾਂ ਕਿਹਾ ਕਿ ਇਹ ਦੁਖਦਾਇਕ ਘਟਨਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਉਨ੍ਹਾਂ ਵੱਲੋਂ ਪਿੰਡ ’ਚ ਵਿਕਦੇ ਨਸ਼ੇ ਸਬੰਧੀ ਕਈ ਵਾਰ ਥਾਣਾ ਅਰਨੀਵਾਲਾ ਦੀ ਪੁਲਸ ਨੂੰ ਕਈ ਵਾਰ ਸੂਚਿਤ ਕੀਤਾ ਹੈ ਪਰ ਪੁਲਸ ਵੱਲੋਂ ਇਨ੍ਹਾਂ ਨਸ਼ਾ ਤਸਕਰਾਂ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਗਈ।
ਉਨ੍ਹਾਂ ਦੱਸਿਆ ਕਿ ਉਸਦੇ ਪੁੱਤਰ ਦਾ ਮਹਿਜ ਦੋ ਕੁ ਮਹੀਨੇ ਪਹਿਲਾਂ ਹੀ ਵਿਆਹ ਹੋਇਆ ਸੀ। ਅਜੇ ਵਿਆਹ ਦੀਆਂ ਖੁਸ਼ੀਆਂ ਹੀ ਖਤਮ ਨਹੀਂ ਹੋਈਆਂ ਸਨ ਕਿ ਉਨ੍ਹਾਂ ਦੇ ਘਰ ਮਾਤਮ ਛਾ ਗਿਆ। ਇਸ ਮਾਮਲੇ ਦੇ ਸੰਬੰਧ 'ਚ ਥਾਣਾ ਅਰਨੀਵਾਲਾ ਦੇ ਐੱਸ.ਐੱਚ.ਓ ਅੰਗਰੇਜ ਕੁਮਾਰ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਨਾਲ ਸੰਪਰਕ ਨਹੀਂ ਹੋ ਸਕਿਆ।