ਜਾਪਾਨ ''ਚ ਮਾਂ ਨੇ ਢਿੱਡੋਂ ਜੰਮੇ ਬੱਚਿਆਂ ਨਾਲ ਕਮਾਇਆ ਵੈਰ, ਸੀਮੈਂਟ ਦੀਆਂ ਬਾਲਟੀਆਂ ''ਚ ਸੁੱਟੇ ਬੱਚੇ

11/21/2017 3:51:06 PM

ਟੋਕੀਓ (ਭਾਸ਼ਾ)— ਜਾਪਾਨ ਵਿਚ ਮੰਗਲਵਾਰ ਨੂੰ ਇਕ ਅਜਿਹੀ ਔਰਤ ਨੂੰ ਗ੍ਰਿਫਤਾਰ ਕੀਤਾ ਗਿਆ ਹੈ, ਜਿਸ ਨੇ ਸੀਮੈਂਟ ਨਾਲ ਭਰੀਆਂ ਬਾਲਟੀਆਂ ਵਿਚ ਆਪਣੇ 4 ਬੱਚਿਆਂ ਨੂੰ ਸੁੱਟ ਦਿੱਤਾ ਸੀ ਅਤੇ ਇਨ੍ਹਾਂ ਬਾਲਟੀਆਂ ਨੂੰ ਦੋ ਦਹਾਕਿਆਂ ਤੱਕ ਆਪਣੇ ਘਰ ਵਿਚ ਹੀ ਰੱਖਿਆ। ਪੁਲਸ ਬੁਲਾਰੇ ਨੇ ਕਿਹਾ ਕਿ 53 ਸਾਲਾ ਮਯੁਸੀ ਸੈਤੋ ਨੇ ਜਾਂਚਕਰਤਾਵਾਂ ਨੂੰ ਦੱਸਿਆ ਕਿ ਉਸ ਨੇ 1992 ਤੋਂ 1997 ਦਰਮਿਆਨ ਬੱਚਿਆਂ ਨੂੰ ਜਨਮ ਦਿੱਤਾ ਸੀ। ਸਥਾਨਕ ਮੀਡੀਆ ਨੇ ਰਿਪੋਰਟ ਦਿੱਤੀ ਹੈ ਕਿ ਮਯੁਸੀ ਨੇ ਸੋਮਵਾਰ ਨੂੰ ਆਸਕੋ ਥਾਣੇ ਵਿਚ ਆਤਮ-ਸਮਰਪਣ ਕੀਤਾ ਅਤੇ ਆਪਣਾ ਜ਼ੁਰਮ ਕਬੂਲ ਕੀਤਾ। 
ਆਪਣੇ ਕਬੂਲਨਾਮੇ ਵਿਚ ਮਯੁਸੀ ਨੇ ਕਿਹਾ ਕਿ ਉਹ ਸਮਝਦੀ ਸੀ ਕਿ ਉਹ ਆਪਣੀ ਖਰਾਬ ਆਰਥਿਕ ਹਾਲਤ ਕਾਰਨ ਆਪਣੇ ਬੱਚਿਆਂ ਦਾ ਪਾਲਣ ਪੋਸ਼ਣ ਨਹੀਂ ਕਰ ਸਕੇਗੀ, ਜਿਸ ਕਾਰਨ ਉਸ ਨੇ ਅਜਿਹਾ ਕੀਤਾ ਸੀ। ਅਧਿਕਾਰੀਆਂ ਨੂੰ ਉਸ ਦੇ ਘਰ ਦੀ ਤਲਾਸ਼ੀ ਕਰਨ 'ਤੇ ਸੀਮੇਂਟ ਨਾਲ ਭਰੀਆਂ ਬਾਲਟੀਆਂ ਮਿਲੀਆਂ। ਬਾਲਟੀਆਂ ਦਾ ਸਕੈਨ ਕਰਨ ਤੋਂ ਪਤਾ ਲੱਗਾ ਕਿ ਇਨ੍ਹਾਂ ਵਿਚ ਬੱਚਿਆਂ ਦੇ ਅਵਸ਼ੇਸ਼ ਹਨ। ਪੁਲਸ ਅਜੇ ਵੀ ਔਰਤ ਤੋਂ ਪੁੱਛ-ਗਿੱਛ ਕਰ ਰਹੀ ਹੈ। ਔਰਤ ਨੇ ਪੁਲਸ ਨੂੰ ਦੱਸਿਆ, ''ਮੈਂ ਸਮਝਦੀ ਸੀ ਕਿ ਮੈਂ ਉਨ੍ਹਾਂ ਦੀ ਪਰਵਰਿਸ਼ ਦਾ ਖਰਚਾ ਨਹੀਂ ਚੁੱਕ ਸਕਦੀ। ਮੇਰੇ ਨਾਲ ਗੱਲ ਕਰਨ ਵਾਲਾ ਕੋਈ ਨਹੀਂ ਸੀ।'' ਪੁਲਸ ਮੁਤਾਬਕ ਬੱਚਿਆਂ ਦੀ ਮੌਤ ਦਾ ਕਾਰਨ ਅਜੇ ਸਾਫ ਨਹੀਂ ਹੋ ਸਕਿਆ ਹੈ।


Related News