ਜੈਸ਼ੰਕਰ ਨੇ ਸੰਯੁਕਤ ਰਾਸ਼ਟਰ ਮੁਖੀ, ਈਰਾਨ, ਕੋਲੰਬੀਆ ਅਤੇ ਦੱਖਣੀ ਏਸ਼ੀਆ ਦੇ ਨੇਤਾਵਾਂ ਨਾਲ ਕੀਤੀਆਂ ਦੋ-ਪੱਖੀ ਬੈਠਕਾਂ

Sunday, Jan 21, 2024 - 11:06 AM (IST)

ਜੈਸ਼ੰਕਰ ਨੇ ਸੰਯੁਕਤ ਰਾਸ਼ਟਰ ਮੁਖੀ, ਈਰਾਨ, ਕੋਲੰਬੀਆ ਅਤੇ ਦੱਖਣੀ ਏਸ਼ੀਆ ਦੇ ਨੇਤਾਵਾਂ ਨਾਲ ਕੀਤੀਆਂ ਦੋ-ਪੱਖੀ ਬੈਠਕਾਂ

ਕੰਪਾਲਾ- ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਸ਼ਨੀਵਾਰ ਨੂੰ ਸੰਯੁਕਤ ਰਾਸ਼ਟਰ ਦੇ ਮੁਖੀ ਐਂਟੋਨੀਓ ਗੁਟਾਰੇਸ ਅਤੇ ਈਰਾਨ ਅਤੇ ਸ਼੍ਰੀਲੰਕਾ ਸਮੇਤ ਘੱਟੋ-ਘੱਟ 6 ਦੇਸ਼ਾਂ ਦੇ ਨੇਤਾਵਾਂ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨਾਲ ਦੋ-ਪੱਖੀ ਸਬੰਧਾਂ ਅਤੇ ਖੇਤਰੀ ਅਤੇ ਗਲੋਬਲ ਮਹੱਤਵ ਦੇ ਮੁੱਦਿਆਂ ’ਤੇ ਚਰਚਾ ਕੀਤੀ।
ਜੈਸ਼ੰਕਰ ਸ਼ੁੱਕਰਵਾਰ ਨੂੰ ਸ਼ੁਰੂ ਹੋਏ ਗੁੱਟਨਿਰਲੇਪ ਅੰਦੋਲਨ ਦੇ ਦੋ ਦਿਨਾ ਸੰਮੇਲਨ ’ਚ ਭਾਰਤ ਦੀ ਨੁਮਾਇੰਦਗੀ ਕਰਨ ਲਈ ਯੁਗਾਂਡਾ ਦੀ ਰਾਜਧਾਨੀ ਕੰਪਾਲਾ ’ਚ ਹਨ। ਉਹ ਸੰਮੇਲਨ ਦੌਰਾਨ ਗੁਟਾਰੇਸ ਨੂੰ ਮਿਲੇ ਅਤੇ ਇਸ ਦੀ ਇਕ ਫੋਟੋ ਵੀ ਸੋਸ਼ਲ ਮੀਡੀਆ ‘ਐਕਸ’ ’ਤੇ ਸਾਂਝੀ ਕੀਤੀ। ਜੈਸ਼ੰਕਰ ਨੇ ‘ਐਕਸ’ ’ਤੇ ਲਿਖਿਆ, ‘ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਐਂਟੋਨੀਓ ਗੁਟਾਰੇਸ ਨੂੰ ਮਿਲ ਕੇ ਹਮੇਸ਼ਾ ਵਾਂਗ ਖੁਸ਼ੀ ਹੋਈ। ਉਨ੍ਹਾਂ ਨਾਲ ਏਜੰਡਾ 2030, ਸੰਯੁਕਤ ਰਾਸ਼ਟਰ ਸੁਧਾਰ, ਪੱਛਮੀ ਏਸ਼ੀਆ ਦੀ ਸਥਿਤੀ, ਸਮੁੰਦਰੀ ਸੁਰੱਖਿਆ ਅਤੇ ਯੂਕ੍ਰੇਨ ਦੀ ਜੰਗ ਬਾਰੇ ਚਰਚਾ ਕੀਤੀ।
ਜੈਸ਼ੰਕਰ ਨੇ ਸੰਮੇਲਨ ਮੌਕੇ ਈਰਾਨੀ ਉਪ-ਰਾਸ਼ਟਰਪਤੀ ਮੁਹੰਮਦ ਮੋਖਬਰ, ਕੋਲੰਬੀਆ ਦੇ ਵਿਦੇਸ਼ ਮੰਤਰੀ ਅਲਵਾਰੋ ਲੇਵਾ ਦੁਰਾਨ ਅਤੇ ਫਿਲੀਪੀਨਜ਼ ਦੇ ਵਿਦੇਸ਼ ਮੰਤਰੀ ਐਨਰਿਕ ਏ ਮਾਨਲੋ ਨਾਲ ਵੀ ਮੁਲਾਕਾਤ ਕੀਤੀ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਈਰਾਨੀ ਨੇਤਾ ਨਾਲ ‘ਸਾਰਥਕ ਗੱਲਬਾਤ’ ਹੋਈ ਅਤੇ ਦੋਵਾਂ ਨੇਤਾਵਾਂ ਨੇ ‘ਦੋ-ਪੱਖੀ ਸਬੰਧਾਂ ਦੇ ਨਾਲ-ਨਾਲ ਹਾਲ ਹੀ ਦੇ ਖੇਤਰੀ ਵਿਕਾਸ’ ’ਤੇ ਚਰਚਾ ਕੀਤੀ।
ਵਿਦੇਸ਼ ਮੰਤਰੀ ਨੇ ‘ਐਕਸ’ ’ਤੇ ਲਿਖਿਆ, ‘ਸਹਿਯੋਗ ਦੇ ਸਾਡੇ ਏਜੰਡੇ ਨੂੰ ਅੱਗੇ ਵਧਾਉਣ ਲਈ ਇਸ ਸਮੇਂ ਸਹਿਮਤੀ ਪ੍ਰਗਟਾਈ ਗਈ।’ ਜੈਸ਼ੰਕਰ ਨੇ ਕਿਹਾ ਕਿ ਉਨ੍ਹਾਂ ਨੇ ਕੋਲੰਬੀਆ ਦੇ ਆਪਣੇ ਹਮਰੁਤਬਾ ਨਾਲ ‘‘ਵਿਸ਼ਵ ਪੱਧਰੀ ਮੁੱਦਿਆਂ ਅਤੇ ਸਾਡੇ ਦੁਵੱਲੇ ਸਬੰਧਾਂ’’ ’ਤੇ ਚਰਚਾ ਕੀਤੀ। ਉਨ੍ਹਾਂ ਕਿਹਾ, ‘‘ਫਿਲੀਪੀਨਜ਼ ਦੇ ਵਿਦੇਸ਼ ਮੰਤਰੀ ਨੂੰ ਮਿਲ ਕੇ ਬੜਾ ਚੰਗਾ ਲੱਗਾ। ਅਸੀਂ ਵਪਾਰ, ਨਿਵੇਸ਼ ਅਤੇ ਸੁਰੱਖਿਆ ਭਾਈਵਾਲੀ ’ਚ ਹੋਈ ਹਾਂਪੱਖੀ ਸੁਧਾਰ ਦੀ ਸਮੀਖਿਆ ਕੀਤੀ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

Aarti dhillon

Content Editor

Related News