ਨੇਪਾਲ ''ਚ ਫਿਰ ਤੋਂ ਭੜਕਿਆ ਜੈਨ-ਜ਼ੀ ਦਾ ਗੁੱਸਾ, ਹੋ ਗਈਆਂ ਝੜਪਾਂ
Wednesday, Nov 19, 2025 - 05:45 PM (IST)
ਵੈੱਬ ਡੈਸਕ: ਭਾਰਤ ਦੇ ਗੁਆਂਢੀ ਮੁਲਕ ਨੇਪਾਲ ਤੋਂ ਇਕ ਵਾਰ ਫ਼ਿਰ ਤੋਂ ਜੈਨ-ਜ਼ੀ ਪ੍ਰਦਰਸ਼ਨਾਂ ਦੇ ਸੇਕ ਦੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਹਨ, ਜਿੱਥੋਂ ਦੇ ਬਾਰਾ ਜ਼ਿਲ੍ਹੇ ਦੇ ਕੁਝ ਹਿੱਸਿਆਂ ਵਿੱਚ ਬੁੱਧਵਾਰ ਨੂੰ ਭਾਰੀ ਤਣਾਅ ਦੇਖਿਆ ਗਿਆ। ਇਹ ਹਿੰਸਕ ਝੜਪਾਂ 'ਜੈਨ-ਜ਼ੀ' ਨੌਜਵਾਨਾਂ ਅਤੇ ਅਹੁਦੇ ਤੋਂ ਹਟਾਏ ਗਏ ਪ੍ਰਧਾਨ ਮੰਤਰੀ ਕੇ.ਪੀ. ਸ਼ਰਮਾ ਓਲੀ ਦੀ ਪਾਰਟੀ, ਸੀ.ਪੀ.ਐੱਨ.-ਯੂ.ਐੱਮ.ਐੱਲ. ਦੇ ਵਰਕਰਾਂ ਵਿਚਕਾਰ ਹੋਈਆਂ।
ਝੜਪਾਂ ਤੋਂ ਬਾਅਦ ਸਥਿਤੀ ਨੂੰ ਕਾਬੂ 'ਚ ਕਰਨ ਲਈ ਬਾਰਾ ਜ਼ਿਲ੍ਹਾ ਪ੍ਰਸ਼ਾਸਨ ਦਫ਼ਤਰ ਨੇ ਸਿਮਾਰਾ ਹਵਾਈ ਅੱਡੇ ਦੇ 500 ਮੀਟਰ ਦੇ ਦਾਇਰੇ ਵਿੱਚ ਕਰਫਿਊ ਲਾਗੂ ਕਰ ਦਿੱਤਾ। ਅਧਿਕਾਰੀਆਂ ਨੇ ਦੱਸਿਆ ਕਿ ਇਹ ਕਰਫਿਊ ਦੁਪਹਿਰ 12:30 ਵਜੇ ਤੋਂ ਰਾਤ 8:00 ਵਜੇ ਤੱਕ ਲਾਗੂ ਰਹੇਗਾ, ਕਿਉਂਕਿ ਇਸ ਇਲਾਕੇ ਵਿੱਚ ਸੈਂਕੜੇ 'ਜੇਨ-ਜ਼ੀ' ਨੌਜਵਾਨ ਨੇਪਾਲ ਕਮਿਊਨਿਸਟ ਪਾਰਟੀ ਦੇ ਖਿਲਾਫ਼ ਨਾਅਰੇਬਾਜ਼ੀ ਕਰਦੇ ਹੋਏ ਇਕੱਠੇ ਹੋਏ ਸਨ।
ਪੁਲਸ ਨੇ ਜਾਣਕਾਰੀ ਦਿੱਤੀ ਕਿ ਇਹ ਝੜਪ ਉਸ ਸਮੇਂ ਹੋਈ ਜਦੋਂ ਸੀ.ਪੀ.ਐੱਨ.-ਯੂ.ਐੱਮ.ਐੱਲ. ਦੇ ਜਨਰਲ ਸਕੱਤਰ ਸ਼ੰਕਰ ਪੋਖਰੇਲ ਅਤੇ ਯੁਵਾ ਨੇਤਾ ਮਹੇਸ਼ ਬਸਨੇਤ ਨੂੰ ਲੈ ਕੇ ਬੁੱਧ ਏਅਰ ਦਾ ਜਹਾਜ਼ ਕਾਠਮੰਡੂ ਤੋਂ ਸਿਮਾਰਾ ਲਈ ਉਡਾਣ ਭਰਨ ਵਾਲਾ ਸੀ। ਇਨ੍ਹਾਂ ਦੋਹਾਂ ਨੇਤਾਵਾਂ ਨੇ ਉੱਥੇ ਇੱਕ ਸਰਕਾਰ ਵਿਰੋਧੀ ਰੈਲੀ ਨੂੰ ਸੰਬੋਧਨ ਕਰਨਾ ਸੀ। ਜਿਵੇਂ ਹੀ ਸੀਪੀਐਨ-ਯੂਐਮਐਲ ਨੇਤਾਵਾਂ ਦੇ ਸਿਮਾਰਾ ਪਹੁੰਚਣ ਦੀ ਖ਼ਬਰ ਫੈਲੀ, 'ਜੇਨ-ਜ਼ੀ' ਪ੍ਰਦਰਸ਼ਨਕਾਰੀ ਉਨ੍ਹਾਂ ਦੇ ਆਗਮਨ ਦਾ ਵਿਰੋਧ ਕਰਨ ਲਈ ਹਵਾਈ ਅੱਡੇ 'ਤੇ ਇਕੱਠੇ ਹੋ ਗਏ। ਇੱਥੇ ਉਨ੍ਹਾਂ ਦੀ ਸਥਾਨਕ ਸੀਪੀਐਨ-ਯੂਐਮਐਲ ਵਰਕਰਾਂ ਨਾਲ ਝੜਪ ਹੋ ਗਈ।
ਘਟਨਾ ਤੋਂ ਬਾਅਦ, ਬੁੱਧ ਏਅਰਲਾਈਨਜ਼ ਨੇ ਕਾਠਮੰਡੂ ਤੋਂ ਸਿਮਾਰਾ ਤੱਕ ਦੀਆਂ ਆਪਣੀਆਂ ਸਾਰੀਆਂ ਘਰੇਲੂ ਉਡਾਣਾਂ ਰੱਦ ਕਰ ਦਿੱਤੀਆਂ। ਰੱਦ ਕੀਤੀਆਂ ਗਈਆਂ ਉਡਾਣਾਂ ਵਿੱਚ ਉਹ ਫਲਾਈਟ ਵੀ ਸ਼ਾਮਲ ਸੀ ਜੋ ਸੀਪੀਐਨ-ਯੂਐਮਐਲ ਦੇ ਦੋ ਨੇਤਾਵਾਂ ਨੂੰ ਲੈ ਕੇ ਜਾ ਰਹੀ ਸੀ। ਝੜਪ ਦੇ ਮੱਦੇਨਜ਼ਰ, ਦੋਵੇਂ ਨੇਤਾ ਫਿਰ ਆਪਣੇ ਘਰ ਵਾਪਸ ਪਰਤ ਆਏ।
ਜ਼ਿਕਰਯੋਗ ਹੈ ਕਿ 'ਜੇਨ-ਜ਼ੈੱਡ' (Gen-Z) ਉਨ੍ਹਾਂ ਲੋਕਾਂ ਦਾ ਸਮੂਹ ਹੈ, ਜਿਨ੍ਹਾਂ ਦਾ ਜਨਮ 1997 ਅਤੇ 2012 ਦੇ ਵਿਚਕਾਰ ਹੋਇਆ ਹੈ, ਅਤੇ ਜਿਨ੍ਹਾਂ ਨੂੰ ਡਿਜੀਟਲ ਨੈਟਿਵ ਵੀ ਕਿਹਾ ਜਾਂਦਾ ਹੈ ਕਿਉਂਕਿ ਉਹ ਇੰਟਰਨੈਟ ਅਤੇ ਸਮਾਰਟਫੋਨ ਦੇ ਨਾਲ ਵੱਡੇ ਹੋਏ ਹਨ।
