ਨੇਪਾਲ ; ਬੇਜ਼ੁਬਾਨਾਂ ਨਾਲ ਅਣਮਨੁੱਖੀ ਵਿਵਹਾਰ ! 2 ਭਾਰਤੀ ਗ੍ਰਿਫ਼ਤਾਰ
Saturday, Nov 15, 2025 - 05:11 PM (IST)
ਇੰਟਰਨੈਸ਼ਨਲ ਡੈਸਕ- ਭਾਰਤ ਦੇ ਗੁਆਂਢੀ ਮੁਲਕ ਨੇਪਾਲ ਤੋਂ ਇਕ ਬੇਹੱਦ ਸ਼ਰਮਸਾਰ ਕਰਨ ਵਾਲੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੋਂ ਦੀ ਰਾਜਧਾਨੀ ਕਾਠਮੰਡੂ ਵਿੱਚ ਕੁੱਤਿਆਂ ਦੇ 33 ਬੱਚਿਆਂ (ਕਤੂਰਿਆਂ) ਨੂੰ ਅਣਮਨੁੱਖੀ ਹਾਲਤਾਂ ਵਿੱਚ ਇੱਕ ਛੋਟੇ ਪਿੰਜਰੇ ਵਿੱਚ ਬੰਦ ਰੱਖਣ ਦੇ ਦੋਸ਼ਾਂ ਹੇਠ ਦੋ ਭਾਰਤੀ ਨਾਗਰਿਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।
ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਬਿਹਾਰ ਦੇ ਪਟਨਾ ਜ਼ਿਲ੍ਹੇ ਦੇ ਆਲਮਗੰਜ ਦੇ ਰਹਿਣ ਵਾਲੇ 18 ਸਾਲਾ ਮੁਹੰਮਦ ਗੁੱਡੂ ਅਤੇ 28 ਸਾਲਾ ਮੁਹੰਮਦ ਨਸਾਦ ਵਜੋਂ ਹੋਈ ਹੈ। ਨੇਪਾਲ ਪੁਲਸ ਨੇ ਇੱਕ ਪ੍ਰੈਸ ਬਿਆਨ ਵਿੱਚ ਦੱਸਿਆ ਕਿ ਪੁਲਸ ਦੀ ਇੱਕ ਟੀਮ ਨੇ ਚੌਮਾਟੀ ਖੇਤਰ ਵਿੱਚ ਇੱਕ ਕਿਰਾਏ ਦੇ ਸ਼ੈੱਡ ਵਿੱਚੋਂ ਇਨ੍ਹਾਂ ਕਤੂਰਿਆਂ ਨੂੰ ਬਚਾਇਆ।
ਪੁਲਸ ਅਨੁਸਾਰ, ਕਤੂਰਿਆਂ ਨੂੰ ਅਣਮਨੁੱਖੀ ਤਰੀਕੇ ਨਾਲ ਇੱਕ ਤੰਗ ਪਿੰਜਰੇ ਵਿੱਚ ਬੰਦ ਪਾਇਆ ਗਿਆ। ਬਚਾਏ ਗਏ ਕਤੂਰਿਆਂ ਨੂੰ ਅੱਗੇ ਦੇ ਪੁਨਰਵਾਸ ਲਈ ਇੱਕ ਗੈਰ-ਸਰਕਾਰੀ ਸੰਗਠਨ (ਟੀਮ ਸੰਕਲਪ ਨੇਪਾਲ) ਨੂੰ ਸੌਂਪ ਦਿੱਤਾ ਗਿਆ ਹੈ। ਦੋਵੇਂ ਗ੍ਰਿਫ਼ਤਾਰ ਵਿਅਕਤੀਆਂ ਨੂੰ ਪੰਜ ਦਿਨਾਂ ਦੀ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਗਿਆ ਹੈ।
