ਬ੍ਰਾਜ਼ੀਲ ; ਪਾਰਟੀ ਹਾਲ ''ਚ ਭਿੜ ਗਈਆਂ 2 ਧਿਰਾਂ ! ਚੱਲੀਆਂ ਤਾਬੜਤੋੜ ਗੋਲ਼ੀਆਂ, 6 ਲੋਕਾਂ ਦੀ ਗਈ ਜਾਨ
Saturday, Nov 15, 2025 - 11:45 AM (IST)
ਇੰਟਰਨੈਸ਼ਨਲ ਡੈਸਕ- ਦੱਖਣੀ ਅਮਰੀਕੀ ਦੇਸ਼ ਬ੍ਰਾਜ਼ੀਲ ਤੋਂ ਇਕ ਬੇਹੱਦ ਸਨਸਨੀਖੇਜ਼ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਸ਼ੁੱਕਰਵਾਰ ਨੂੰ ਰੀਓ ਡੀ ਜਨੇਰੀਓ ਵਿੱਚ ਇੱਕ ਪਾਰਟੀ ਹਾਲ ਵਿੱਚ 2 ਧਿਰਾਂ ਵਿਚਾਲੇ ਹੋਈ ਗੋਲੀਬਾਰੀ ਵਿੱਚ ਘੱਟੋ-ਘੱਟ 6 ਲੋਕ ਮਾਰੇ ਗਏ ਹਨ, ਜਦਕਿ ਇੱਕ ਹੋਰ ਜ਼ਖਮੀ ਹੋ ਗਿਆ।
ਜਾਣਕਾਰੀ ਦਿੰਦੇ ਹੋਏ ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਗੋਲੀਬਾਰੀ ਉੱਤਰੀ ਹੋਨੋਰੀਓ ਗੁਰਗੇਲ ਇਲਾਕੇ ਵਿੱਚ ਹੋਈ, ਜਿੱਥੇ ਅਪਰਾਧਿਕ ਗਿਰੋਹ ਕੋਮਾਂਡੋ ਵਰਮੇਲਹੋ ਦੇ ਮੈਂਬਰ ਕਥਿਤ ਤੌਰ 'ਤੇ ਇੱਕ ਪਾਰਟੀ ਕਰ ਰਹੇ ਸਨ। ਸ਼ੁਰੂਆਤੀ ਜਾਂਚ ਮੁਤਾਬਕ ਵਿਰੋਧੀ ਗਿਰੋਹ, ਟੇਰਸੀਰੋ ਕੋਮਾਂਡੋ ਪੁਰੋ, ਨੇ ਉਕਤ ਜਗ੍ਹਾ 'ਤੇ ਹਮਲਾ ਕਰ ਦਿੱਤਾ, ਜਿਸ ਕਾਰਨ ਦੋਹਾਂ ਧਿਰਾਂ ਵਿਚਾਲੇ ਭਿਆਨਕ ਗੋਲੀਬਾਰੀ ਹੋ ਗਈ ਤੇ 6 ਲੋਕਾਂ ਦੀ ਮੌਤ ਹੋ ਗਈ।
ਜ਼ਿਕਰਯੋਗ ਹੈ ਕਿ ਸੁਰੱਖਿਆ ਬਲਾਂ ਨੇ 28 ਅਕਤੂਬਰ ਨੂੰ ਰੀਓ ਡੀ ਜਨੇਰੀਓ ਵਿੱਚ ਕੋਮਾਂਡੋ ਵਰਮੇਲਹੋ ਦੇ ਖਿਲਾਫ ਇੱਕ ਵੱਡੀ ਛਾਪੇਮਾਰੀ ਸ਼ੁਰੂ ਕੀਤੀ ਸੀ, ਜਿਸ ਵਿੱਚ ਘੱਟੋ-ਘੱਟ 121 ਲੋਕ ਮਾਰੇ ਗਏ ਸਨ। ਇਸ ਮਾਮਲੇ ਨੇ ਦੁਨੀਆ ਭਰ 'ਚ ਕਾਫ਼ੀ ਧਿਆਨ ਖਿੱਚਿਆ ਸੀ ਤੇ ਨਸਾ ਤਸਕਰਾਂ ਖ਼ਿਲਾਫ਼ ਇਸ ਨੂੰ ਸਭ ਤੋਂ ਵੱਡੀ ਕਾਰਵਾਈ ਮੰਨਿਆ ਜਾ ਰਿਹਾ ਹੈ।
