​​​​​​​ਜਾਧਵ ਮਾਮਲਾ : ਪਾਕਿ ਨੇ ਇਕ ਫਿਰ ਖਾਰਿਜ ਕੀਤੀ ਭਾਰਤੀ ਵਕੀਲ ਨਿਯੁਕਤ ਕਰਨ ਦੀ ਮੰਗ

10/03/2020 12:10:31 AM

ਇਸਲਾਮਾਬਾਦ (ਇੰਟ.): ਪਾਕਿਸਤਾਨ ਨੇ ਭਾਰਤ ਦੀ ਮੰਗ ਨੂੰ ਮੁੜ ਤੋਂ ਖਾਰਿਜ ਕਰ ਦਿੱਤਾ ਹੈ ਜਿਸ ਵਿਚ ਉਸ ਨੇ ਮੌਤ ਦੀ ਸਜ਼ਾ ਦਾ ਸਾਹਮਣਾ ਕਰ ਰਹੇ ਕੁਲਭੂਸ਼ਣ ਜਾਧਵ ਨੂੰ ਇਕ ਭਾਰਤੀ ਵਕੀਲ ਦਿੱਤੇ ਜਾਣ ਦੀ ਗੱਲ ਕਹੀ ਸੀ ਤਾਂ ਕਿ ਉਸ ਨੂੰ ਇਸ ਦੇਸ਼ ਵਿਚ ਸੁਤੰਤਰ ਅਤੇ ਨਿਰਪੱਖ ਤੌਰ 'ਤੇ ਮੁਕੱਦਮਾ ਲੜਨ ਦਾ ਮੌਕਾ ਮਿਲ ਸਕੇ। 

ਵਿਦੇਸ਼ ਮੰਤਰਾਲੇ ਦੇ ਬੁਲਾਰੇ ਜਾਹਿਦ ਹਫੀਜ ਚੌਧਰੀ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਕਿਹਾ ਕਿ ਉਨ੍ਹਾਂ ਨੇ ਭਾਰਤ ਨੂੰ ਵਾਰ-ਵਾਰ ਦੱਸਿਆ ਹੈ ਕਿ ਅਦਾਲਤ ਵਿਚ ਕਮਾਂਡਰ ਜਾਧਵ ਦਾ ਪੱਖ ਸਿਰਫ ਉਹੀ ਵਕੀਲ ਰੱਖ ਸਕਦਾ ਹੈ, ਜਿਸ ਕੋਲ ਪਾਕਿਸਤਾਨ ਵਿਚ ਵਕਾਲਤ ਕਰਨ ਦਾ ਲਾਇਸੈਂਸ ਹੈ। ਹਫੀਜ ਚੌਧਰੀ ਨੇ ਕਿਹਾ ਕਿ ਭਾਰਤ ਦੇ ਸੁਪਰੀਮ ਕੋਰਟ ਨੇ ਵੀ ਆਪਣੇ ਇਕ ਫੈਸਲੇ ਵਿਚ ਕਿਹਾ ਸੀ ਕਿ ਦੇਸ਼ ਵਿਚ ਕੋਈ ਵਿਦੇਸ਼ੀ ਵਕੀਲ ਵਕਾਲਤ ਨਹੀਂ ਕਰ ਸਕਦਾ। ਪਿਛਲੇ ਮਹੀਨੇ ਭਾਰਤੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਨੁਰਾਗ ਸ੍ਰੀਵਾਸਤਵ ਨੇ ਕਿਹਾ ਸੀ ਕਿ ਪਾਕਿਸਤਾਨ ਸਰਕਾਰ ਕੌਮਾਂਤਰੀ ਅਦਾਲਤ ਦਾ ਫੈਸਲਾ ਲਾਗੂ ਕਰਨ ਵਿਚ ਅਸਫਲ ਰਹੀ ਹੈ। ਸ੍ਰੀਵਾਸਤਵ ਨੇ ਕਿਹਾ ਸੀ ਕਿ ਉਸ ਨੇ ਹੁਣ ਤੱਕ ਮੁੱਖ ਮੁੱਦਿਆਂ 'ਤੇ ਕੰਮ ਨਹੀਂ ਕੀਤਾ ਹੈ, ਜਿਸ ਵਿਚ ਮਾਮਲੇ ਨਾਲ ਜੁੜੇ ਦਸਤਾਵੇਜ਼ ਦੇਣਾ, ਬਿਨਾਂ ਸ਼ਰਤ ਕੁਲਭੂਸ਼ਣ ਜਾਧਵ ਨੂੰ ਡਿਪਲੋਮੈਟਿਕ ਸਹਾਇਤਾ ਦੇਣਾ ਅਤੇ ਸੁਤੰਤਰ ਤੇ ਨਿਰਪੱਖ ਸੁਣਵਾਈ ਲਈ ਭਾਰਤੀ ਜਾਂ ਕਵੀਨ ਦੇ ਵਕੀਲ ਨੂੰ ਨਿਯੁਕਤ ਕਰਨਾ ਸ਼ਾਮਲ ਹੈ।

ਕਵੀਨ ਦਾ ਵਕੀਲ ਇਕ ਅਜਿਹਾ ਬੈਰਿਸਟਰ ਜਾਂ ਬੁਲਾਰਾ ਹੁੰਦਾ ਹੈ, ਜਿਸ ਨੂੰ ਲਾਰਡ ਚਾਂਸਲਰ ਦੀ ਸਿਫਾਰਸ਼ 'ਤੇ ਬ੍ਰਿਟਿਸ਼ ਮਹਾਰਾਣੀ ਲਈ ਨਿਯੁਕਤ ਕੀਤਾ ਜਾਂਦਾ ਹੈ। ਇਹ ਪੁੱਛੇ ਜਾਣ 'ਤੇ ਕਿ ਕੀ ਪਾਕਿਸਤਾਨ ਨੇ ਜਾਧਵ ਨੂੰ ਉਸ ਦੀ ਪਤਨੀ ਅਤੇ ਪਿਤਾ ਨੂੰ ਮਿਲਣ ਦਾ ਪ੍ਰਬੰਧ ਕੀਤਾ ਹੈ, ਚੌਧਰੀ ਨੇ ਕਿਹਾ ਕਿ ਉਹ ਮਿਲਣ ਦੇ ਸਕਦੇ ਹਨ। ਹਾਲਾਂਕਿ ਭਾਰਤ ਵੱਲੋਂ ਅਜਿਹਾ ਕੋਈ ਪ੍ਰਸਤਾਵ ਅਜੇ ਤੱਕ ਨਹੀਂ ਆਇਆ ਹੈ।   


Baljit Singh

Content Editor

Related News