ਇਟਲੀ ਪੁਲਸ ਨੇ ਵਿਸ਼ੇਸ਼ ਮਿਸ਼ਨ ਤਹਿਤ ਜ਼ਬਤ ਕੀਤੀਆਂ ਨਕਲੀ ਕੋਰੋਨਾ ਦਵਾਈਆਂ

Monday, Jan 25, 2021 - 02:42 PM (IST)

ਇਟਲੀ ਪੁਲਸ ਨੇ ਵਿਸ਼ੇਸ਼ ਮਿਸ਼ਨ ਤਹਿਤ ਜ਼ਬਤ ਕੀਤੀਆਂ ਨਕਲੀ ਕੋਰੋਨਾ ਦਵਾਈਆਂ

ਰੋਮ, (ਕੈਂਥ)- ਇਟਲੀ 'ਤੇ ਕੋਵਿਡ-19 ਅਤੇ ਰਾਜਸੀ ਸੰਕਟ ਕਾਰਨ ਉਲਝਣਾਂ ਭਰੇ ਬੱਦਲ ਮੰਡਰਾ ਰਹੇ ਹਨ, ਜਿਨ੍ਹਾਂ ਤੋਂ ਬਚਣ ਲਈ ਜਿੱਥੇ ਸਿਹਤ ਕਰਮਚਾਰੀ ਦਿਨ-ਰਾਤ ਇਕ ਕਰ ਰਹੇ ਹਨ। ਉੱਥੇ ਹੀ, ਪ੍ਰਧਾਨ ਮੰਤਰੀ ਜੁਸੇਪੇ ਕੌਂਤੇ ਹਰ ਹੀਲਾ ਕਰਨ ਵਿਚ ਰੁੱਝੇ ਹਨ ਤਾਂ ਜੋ ਸਰਕਾਰ ਬਚ ਸਕੇ। 

ਇਸ ਦੇ ਨਾਲ ਹੀ ਇਟਲੀ ਵਿਚ ਆਏ ਦਿਨ ਨਸ਼ਾ ਤਸਕਰਾਂ, ਗੁੱਟਬੰਦੀ ਦੀਆਂ ਲੜਾਈਆਂ ਜਾਂ ਨਕਲੀ ਦਵਾਈਆਂ ਦਾ ਵਪਾਰ ਕਰਨ ਵਾਲੇ ਗਿਰੋਹਾਂ ਦੀ ਗਿਣਤੀ ਵਿਚ ਦਿਨੋਂ-ਦਿਨ ਵਾਧਾ ਹੋ ਰਿਹਾ ਹੈ। ਇਨ੍ਹਾਂ ਨੂੰ ਨੱਥ ਪਾਉਣ ਲਈ ਪੁਲਸ ਪ੍ਰਸ਼ਾਸਨ ਜੰਗੀ ਪੱਧਰ ਸਰਗਰਮ ਹੈ, ਜਿਸ ਤਹਿਤ ਇਟਲੀ ਪੁਲਸ ਵਲੋਂ ਪੂਰੀ ਇਟਲੀ ਵਿਚ ਵੱਖ-ਵੱਖ ਜਗ੍ਹਾ 'ਤੇ ਅਪਰਾਧੀਆਂ ਨੂੰ ਫੜਨ ਲਈ ਵਿਸ਼ੇਸ਼ ਮੁਹਿੰਮ ਚਲਾਏ ਜਾ ਰਹੇ ਹਨ । ਬੀਤੇ ਦਿਨ ਉਤਰੀ ਇਟਲੀ ਦੀ ਪੁਲਸ ਵਲੋਂ ਨਕਲੀ ਐਂਟੀ ਕੋਵਿਡ ਦਵਾਈਆਂ ਦਾ ਜ਼ਖ਼ੀਰਾ ਬਰਾਮਦ ਕੀਤਾ ਗਿਆ । 

ਇਟਾਲੀਅਨ ਮੀਡੀਆ ‘ਚ ਨਸ਼ਰ ਹੋਈ ਜਾਣਕਾਰੀ ਅਨੁਸਾਰ ਪੁਲਸ ਵਲੋਂ ਇਕ ਵਿਸ਼ੇਸ਼ ਟੀਮਾਂ ਦਾ ਗਠਨ ਕਰਕੇ ਛਾਪੇਮਾਰੀ ਕੀਤੀ ਗਈ ਸੀ, ਜਿਸ ਵਿਚ ਚੀਨੀ ਮੂਲ ਦੇ ਨਾਗਰਿਕ ਜੋ ਕਿ ਚੀਨ ਤੋਂ ਕੋਰੋਨਾ ਮਹਾਮਾਰੀ ਨੂੰ ਰੋਕਣ ਲਈ ਨਕਲੀ ਦਵਾਈਆਂ ਦਾ ਵਪਾਰ ਕਰਦੇ ਸਨ ਪਰ ਜਦੋਂ ਪੁਲਸ ਵੱਲੋਂ ਛਾਪੇਮਾਰੀ ਕੀਤੀ ਗਈ ਤਾਂ ਪੁਲਸ ਐਂਟੀ ਕੋਵਿਡ ਦੀਆਂ ਨਕਲੀ ਦਵਾਈਆਂ ਨੂੰ ਕਾਬੂ ਕਰਨ ਵਿਚ ਕਾਮਯਾਬ ਹੋ ਗਈ।

ਪੁਲਸ ਵੱਲੋਂ ਪਾਓਲੋ ਸਾਰਪੀ ਇਲਾਕੇ 'ਚ ਚੀਨੀ ਮੂਲ ਗੋਦਾਮ ਵਿਚੋਂ 64,320 ਕੈਪਸੂਲ, ਅਤੇ 55 ਸ਼ੀਸ਼ੀਆਂ ਨਕਲੀ ਸੀਰਪ (ਸਰਬਤ) ਜ਼ਬਤ ਕੀਤਾ ਗਿਆ ਹੈ, ਜਿਸ ਦੀ ਕੀਮਤ ਲਗਭਗ 150,000 ਯੂਰੋ ਦੱਸੀ ਜਾ ਰਹੀ ਹੈ। ਪੁਲਸ ਵਲੋਂ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਇਟਲੀ ਦੀ ਨੈਸ਼ਨਲ ਮੈਡੀਕਲ ਏਜੰਸੀ ਦੀ ਬਗੈਰ ਮਨਜ਼ੂਰੀ ਤੋਂ ਇਹ ਦਵਾਈਆਂ ਇਟਲੀ ਵਿਚ ਚੀਨ ਤੋਂ ਮੰਗਵਾਈਆਂ ਗਈਆਂ ਸਨ, ਜੋ ਕਿ ਚੀਨੀ ਮੂਲ ਦੇ ਲੋਕ ਇਸ ਦਵਾਈ ਨੂੰ ਸਰਦੀਆਂ ਵਿਚ ਜੁਕਾਮ ਅਤੇ ਬੁਖ਼ਾਰ ਅਤੇ ਕੋਰੋਨਾ ਦੇ ਲੱਛਣਾਂ ਤੋਂ ਬਚਣ ਲਈ ਵਰਤੋਂ ਕਰਦੇ ਸਨ।

ਦੂਜੇ ਪਾਸੇ, ਫਿਰੈਂਸੇ ਸ਼ਹਿਰ ਦੀ ਪੁਲਸ ਵਲੋਂ ਇਸੇ ਲੜੀ ਤਹਿਤ 2,112 ਨਕਲੀ ਐਂਟੀ ਕੋਵਿਡ ਦਵਾਈਆਂ ਦੀ ਖੇਪ ਬਰਾਬਦ ਕੀਤੀ ਗਈ ਹੈ। ਇਸੇ ਲੜੀ ਤਹਿਤ ਇਟਲੀ ਦੀ ਰਾਜਧਾਨੀ ਦੇ ਸ਼ਹਿਰ ਚਮਪੀਨੋ ਦੀ ਪੁਲਸ ਵਲੋਂ 2 ਇਟਾਲੀਅਨ  ਮੂਲ ਦੇ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਜਿਨ੍ਹਾਂ ਕੋਲੋਂ ਭਾਰੀ ਮਾਤਰਾ ਵਿਚ ਨਸ਼ੀਲੇ ਪਦਾਰਥ ਬਰਾਮਦ ਕੀਤੇ ਗਏ ਹਨ। 41 ਸਾਲਾ ਰੋਮਨ ਅਤੇ 30 ਸ਼ਮਪੀਨੋ ਜਿਨ੍ਹਾਂ ਕੋਲੋਂ 75 ਕਿਲੋ ਭੰਗ ਅਤੇ 5 ਕਿਲੋ ਗਾਜਾ ਬਰਾਬਦ ਕੀਤਾ ਗਿਆ ਹੈ। 
ਇਨ੍ਹਾਂ ਦੋਵਾਂ ਨੇ ਇਹ ਨਸ਼ੀਲੇ ਪਦਾਰਥਾਂ ਦਾ ਜ਼ਖ਼ੀਰਾ ਰੋਮ ਦੇ ਨੇੜੇ ਤੇੜੇ ਦੇ ਇਲਾਕਿਆਂ ਵਿੱਚ ਵੱਖ-ਵੱਖ ਜਗ੍ਹਾ 'ਤੇ ਰੱਖਿਆ ਹੋਇਆ ਸੀ, ਪੁਲਸ ਵਲੋਂ ਸ਼ੱਕ ਦੇ ਤੌਰ 'ਤੇ ਇਨ੍ਹਾਂ ਨੂੰ ਘੁੰਮਦਿਆਂ ਹੋਇਆ ਰੋਕਿਆ ਤਾਂ ਇਨ੍ਹਾਂ ਵਲੋਂ ਆਪਣੀ ਬਾਰੇ  ਸਹੀ ਜਾਣਕਾਰੀ ਪੁਲਸ ਨੂੰ ਨਹੀਂ ਦਿੱਤੀ ਜਿਸ ਕਾਰਨ ਪੁਲਸ ਦਾ ਸ਼ੱਕ ਹੋਰ ਪੱਕਾ ਹੋ ਗਿਆ ਤੇ ਪੁਲਸ ਨੇ ਰੰਗੇ ਹੱਥੀਂ ਦੋਸ਼ੀਆਂ ਨੂੰ ਕਾਬੂ ਕਰ ਲਿਆ ਹੈ । ਪੁਲਸ ਵਲੋਂ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਕੇ ਅਦਾਲਤ ਵਿਚ ਪੇਸ਼ ਕੀਤਾ ਗਿਆ ਹੈ । ਦੋਸ਼ੀਆਂ  ਕੋਲੋ ਹੋਰ ਜਾਣਕਾਰੀ ਲਈ ਪੁੱਛ-ਗਿੱਛ ਜਾਰੀ ਹੈ।


author

Lalita Mam

Content Editor

Related News