ਇਟਲੀ ਤੋਂ ਰਾਹਤ ਭਰੀ ਖ਼ਬਰ ; ਏਅਰਪੋਰਟ ਅਧਿਕਾਰੀਆਂ ਨੇ ਸਵਾ ਸਾਲ ਪਹਿਲਾਂ ਜ਼ਬਤ ਹੋਈ ਸ੍ਰੀ ਸਾਹਿਬ ਕੀਤੀ ਵਾਪਸ
Tuesday, Aug 19, 2025 - 03:05 PM (IST)

ਮਿਲਾਨ (ਸਾਬੀ ਚੀਨੀਆ)- ਇਟਲੀ 'ਚ ਵੱਸਦੇ ਸਿੱਖਾਂ ਨੂੰ ਉਸ ਸਮੇਂ ਵੱਡੀ ਰਾਹਤ ਮਿਲੀ, ਜਦੋਂ ਏਅਰਪੋਰਟ ਅਧਿਕਾਰੀਆਂ ਨੇ ਪੂਰੇ ਸਵਾ ਸਾਲ ਬਾਅਦ ਜ਼ਬਤ ਕੀਤੀ ਸ੍ਰੀ ਸਾਹਿਬ ਪੂਰੇ ਸਨਮਾਨ ਨਾਲ ਸਥਾਨਿਕ ਸਿੱਖ ਆਗੂਆਂ ਨੂੰ ਸੌਂਪ ਦਿੱਤੀ। ਅਪ੍ਰੈਲ 2024 ਵਿੱਚ ਪ੍ਰਸਿੱਧ ਢਾਡੀ ਮਿਲਖਾ ਸਿੰਘ ਮੌਜੀ ਜਦੋਂ ਆਪਣੇ ਸਾਥੀਆਂ ਨਾਲ ਇਟਲੀ ਦੇ ਬੈਰਗਮੋ ਏਅਰਪੋਰਟ ਤੋਂ ਬੈਲਜੀਅਮ ਲਈ ਜਾ ਰਹੇ ਸਨ ਤਾਂ ਏਅਰਪੋਰਟ ਅਧਿਕਾਰੀਆਂ ਨੇ ਉਨਾਂ ਦੇ ਸਾਮਾਨ ਵਿੱਚੋਂ ਕਿਰਪਾਨ ਮਿਲਣ ਨੂੰ ਲੈ ਕੇ ਇੱਕ ਮਾਮਲਾ ਦਰਜ ਕੀਤਾ ਸੀ ਉਸ ਮਾਮਲੇ ਨੂੰ ਸੁਲਝਾਉਂਦਿਆਂ ਏਅਰਪੋਰਟ ਅਧਿਕਾਰੀਆਂ ਨੇ ਦੁਆਰਾ ਸਿੱਖ ਆਗੂਆਂ ਨੂੰ ਬੁਲਾ ਕੇ ਢਾਡੀ ਜਥੇ ਦੀ ਸ੍ਰੀ ਸਾਹਿਬ ਪੂਰੇ ਸਨਮਾਨ ਨਾਲ ਵਾਪਸ ਕਰ ਦਿੱਤੀ ਹੈ।
ਇਸ ਸੰਬਧੀ ਜਾਣਕਾਰੀ ਦਿੰਦਿਆਂ ਸ੍ਰੀ ਗੁਰੂ ਗ੍ਰੰਥ ਸਹਿਬ ਸੇਵਾ ਸੰਭਾਲ ਇਟਲੀ (ਪੰਚ ਪ੍ਰਧਾਨੀ) ਦੇ ਪ੍ਰਬੰਧਕ ਅਤੇ ਗੁਰਦੁਆਰਾ ਮਾਤਾ ਸਾਹਿਬ ਕੌਰ ਜੀ ਕੋਵੋ ਦੇ ਮੁੱਖ ਸੇਵਾਦਾਰ ਭਾਈ ਰਜਿੰਦਰ ਸਿੰਘ ਰੰਮੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਿਛਲੇ ਸਾਲ ਇਟਲੀ ਦੇ ਬੈਰਗਮੋ ਏਅਰਪੋਰਟ 'ਤੇ ਢਾਡੀ ਮਿਲਖਾ ਸਿੰਘ ਜੀ ਦਾ ਪ੍ਰਸਿੱਧ ਢਾਡੀ ਜੱਥਾ ਜਦੋਂ ਜਾ ਰਿਹਾ ਸੀ ਤਾਂ ਉਥੋਂ ਦੇ ਅਧਿਕਾਰੀਆਂ ਨੇ ਉਨਾਂ ਨੂੰ ਸਮਾਨ ਦੀ ਚੈਕਿੰਗ ਦੌਰਾਨ ਉਨਾਂ ਦੇ ਸਮਾਨ ਵਿੱਚੋਂ ਮਿਲੀ ਕਿਰਪਾਨ ਕਾਰਨ ਉਨ੍ਹਾਂ 'ਤੇ ਮਾਮਲਾ ਦਰਜ ਕੀਤਾ ਸੀ। ਇਸ ਦੇ ਚਲਦਿਆਂ ਵੱਖ-ਵੱਖ ਸਿੱਖ ਆਗੂ ਏਅਰਪੋਰਟ ਅਧਿਕਾਰੀਆਂ ਨੂੰ ਵੀ ਮਿਲੇ ਸਨ।
ਬੀਤੇ ਦਿਨੀਂ ਏਅਰਪੋਰਟ ਅਧਿਕਾਰੀਆਂ ਦੁਆਰਾ ਢਾਡੀ ਮਿਲਖਾ ਸਿੰਘ ਦੀ ਸ੍ਰੀ ਸਾਹਿਬ ਗੁਰਦੁਆਰਾ ਮਾਤਾ ਸਾਹਿਬ ਕੌਰ ਕੋਵੋ ਦੀ ਕਮੇਟੀ ਨੂੰ ਵਾਪਸ ਕੀਤੀ ਗਈ, ਜਿਸ ਦੇ ਚੱਲਦਿਆਂ ਇਟਲੀ ਵੱਸਦੇ ਸਿੱਖਾਂ ਨੇ ਰਾਹਤ ਮਹਿਸੂਸ ਕੀਤੀ ਹੈ। ਉਨ੍ਹਾਂ ਕਿਹਾ ਕਿ ਅਧਿਕਾਰੀਆਂ ਨੂੰ ਸਿੱਖਾਂ ਦੇ ਧਾਰਮਿਕ ਚਿੰਨ ਬਾਰੇ ਦੱਸਿਆ ਗਿਆ, ਜਿਸ ਤੋਂ ਬਾਅਦ ਉਨ੍ਹਾਂ ਨੇ ਸ੍ਰੀ ਸਾਹਿਬ ਵਾਪਸ ਕੀਤੀ ਹੈ।
ਉਹਨਾਂ ਦੱਸਿਆ ਕਿ ਹੁਣ ਜਦੋਂ ਵੀ ਢਾਡੀ ਜੱਥਾ ਭਾਈ ਮਿਲਖਾ ਸਿੰਘ ਮੌਜੀ ਦਾ ਯੂਰਪ ਦੋਰੇ 'ਤੇ ਆਵੇਗਾ ਉਨ੍ਹਾਂ ਨੂੰ ਇਹ ਕਿਰਪਾਨ ਸੌਂਪੀ ਜਾਵੇਗੀ। ਪੰਚ ਪ੍ਰਧਾਨੀ ਦੇ ਵੱਖ ਵੱਖ ਆਗੂਆਂ ਨੇ ਵੀ ਹੁਣ ਇਸ ਮਾਮਲੇ 'ਤੇ ਖੁਸ਼ੀ ਜ਼ਾਹਿਰ ਕਰਦਿਆਂ ਕਿਹਾ ਕਿ ਇਹ ਬਹੁਤ ਰਾਹਤ ਦੀ ਗੱਲ ਹੈ ਕਿ ਪ੍ਰਸਿੱਧ ਢਾਡੀ ਮੌਜੀ ਸਾਹਿਬ ਦੀ ਸ੍ਰੀ ਸਾਹਿਬ ਏਅਰਪੋਰਟ ਅਧਿਕਾਰੀਆਂ ਦੁਆਰਾ ਵਾਪਸ ਕਰ ਦਿੱਤੀ ਗਈ ਹੈ। ਉਨ੍ਹਾਂ ਅੱਗੇ ਇਹ ਵੀ ਉਮੀਦ ਜਤਾਈ ਕਿ ਆਉਣ ਵਾਲੇ ਸਮੇਂ ਦੇ ਵਿੱਚ ਕਿਸੇ ਵੀ ਪ੍ਰਚਾਰਕ ਜਾਂ ਸਿੱਖ 'ਤੇ ਅਜਿਹਾ ਮਾਮਲਾ ਨਾ ਦਰਜ ਨਹੀਂ ਕੀਤਾ ਜਾਵੇਗਾ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e