ਗੁਰਦੁਆਰਾ ਸੁਖਮਨੀ ਸਾਹਿਬ, ਸੁਜਾਰਾ (ਮਾਨਤੋਵਾ) ਵਿਖੇ ਗੁਰਮਤਿ ਸਮਾਗਮ ਆਯੋਜਿਤ (ਤਸਵੀਰਾਂ)

Monday, Mar 16, 2026 - 02:40 PM (IST)

ਗੁਰਦੁਆਰਾ ਸੁਖਮਨੀ ਸਾਹਿਬ, ਸੁਜਾਰਾ (ਮਾਨਤੋਵਾ) ਵਿਖੇ ਗੁਰਮਤਿ ਸਮਾਗਮ ਆਯੋਜਿਤ  (ਤਸਵੀਰਾਂ)

ਮਾਨਤੋਵਾ (ਕੈਂਥ) ਉੱਤਰੀ ਇਟਲੀ ਦੇ ਸ਼ਹਿਰ ਮਾਨਤੋਵਾ ਦੇ ਕਸਬਾ ਸੁਜਾ਼ਰਾ ਵਿਖੇ ਸਥਿਤ ਗੁਰਦੁਆਰਾ ਸੁਖਮਨੀ ਸਾਹਿਬ ਵਿਖੇ ਸੰਤ ਬਾਬਾ ਨਿਧਾਨ ਸਿੰਘ ਜੀ ਸੇਵਾ ਸੁਸਾਇਟੀ, ਇਟਲੀ ਵੱਲੋਂ ਸ਼ਹੀਦ ਅਕਾਲੀ ਬਾਬਾ ਫੂਲਾ ਸਿੰਘ ਜੀ ਅਤੇ ਸੰਤ ਬਾਬਾ ਰਣਜੀਤ ਸਿੰਘ ਜੀ ਭੋਗਪੁਰ (ਫਗਵਾੜਾ) ਵਾਲਿਆਂ ਦੀ ਨਿੱਘੀ ਅਤੇ ਮਿੱਠੀ ਯਾਦ ਨੂੰ ਸਮਰਪਿਤ ਸਲਾਨਾ ਗੁਰਮਤਿ ਸਮਾਗਮ ਕਰਵਾਇਆ ਗਿਆ। ਸੰਤ ਬਾਬਾ ਨਿਧਾਨ ਸਿੰਘ ਜੀ ਸੇਵਾ ਸੁਸਾਇਟੀ ਇਟਲੀ ਦੇ ਮੁੱਖ ਸੇਵਾਦਾਰ ਭਾਈ ਗੁਰਮੇਲ ਸਿੰਘ ਭੱਟੀ ਵੱਲੋਂ ਪ੍ਰੈਸ ਨਾਲ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਗਿਆ ਕਿ ਸੁਸਾਇਟੀ ਵੱਲੋਂ ਬੀਤੇ ਕਈ ਵਰ੍ਹਿਆਂ ਤੋਂ ਇਹਨਾਂ ਮਹਾਨ ਯੋਧਿਆਂ ਤੇ ਸੂਰਬੀਰਾਂ ਦੇ ਦਿਨ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਮਨਾਏ ਜਾਂਦੇ ਹਨ। 

PunjabKesari

PunjabKesari

ਉਹਨਾਂ ਨੇ ਅੱਗੇ ਕਿਹਾ ਕਿ ਸਾਡੀ ਕੌਮ ਦੇ ਇਹਨਾਂ ਸ਼ਹੀਦਾਂ ਅਤੇ ਯੋਧਿਆਂ ਤੋਂ ਸਾਨੂੰ ਸਿੱਖਿਆ ਲੈਣੀ ਚਾਹੀਦੀ ਹੈ ਅਤੇ ਆਉਣ ਵਾਲੀ ਪੀੜ੍ਹੀ ਨੂੰ ਉਹਨਾਂ ਦੇ ਉੱਚੇ ਅਤੇ ਸੁੱਚੇ ਜੀਵਨ ਬਾਰੇ ਸੁਣ ਕੇ ਭਵਿੱਖ ਵਿੱਚ ਉੱਚੇ ਆਚਰਣ ਦੇ ਮਾਲਕ ਬਣਨ ਵਿੱਚ ਸੇਧ ਮਿਲੇਗੀ। ਇਸ ਮੌਕੇ 14 ਮਾਰਚ ਦਿਨ ਸ਼ਨੀਵਾਰ ਸ਼ਾਮ ਅਤੇ 15 ਮਾਰਚ ਦਿਨ ਐਤਵਾਰ ਸਵੇਰ ਦੇ ਵਿਸ਼ੇਸ਼ ਦੀਵਾਨ ਸਜਾਏ ਗਏ। ਬਾਬਾ ਭੁਪਿੰਦਰ ਸਿੰਘ ਸੰਗਤਪੁਰੇ ਵਾਲਿਆਂ ਨੇ ਆਪਣੇ ਨਿਵੇਕਲੇ ਅੰਦਾਜ਼ 'ਚ ਕਥਾ ਕੀਰਤਨ ਰਾਹੀਂ ਸੰਗਤਾਂ ਨੂੰ ਗੁਰ ਇਤਿਹਾਸ ਅਤੇ ਸਿੱਖ ਇਤਿਹਾਸ ਨਾਲ ਜੋੜਦਿਆਂ ਅਕਾਲੀ ਬਾਬਾ ਫੂਲਾ ਸਿੰਘ ਜੀ ਵੱਲੋਂ ਲੜੀਆਂ ਕਸੂਰ,ਅਟਕ, ਮੁਲਤਾਨ, ਪੇਸ਼ਾਵਰ ਅਤੇ ਨੌਸ਼ਿਹਰਾ ਦੀਆਂ ਲੜਾਈਆਂ ਦਾ ਜ਼ਿਕਰ ਕਰਦਿਆਂ ਦੱਸਿਆ ਕਿ ਕਿਵੇਂ ਉਹ ਅਕਾਲ ਪੁਰਖ ਨੂੰ ਅਰਦਾਸਾ ਸੋਧ ਕੇ ਜੰਗ ਦੇ ਮੈਦਾਨ ਵਿੱਚ ਉੱਤਰਦੇ ਹਨ ਅਤੇ ਜਿੱਤ ਪ੍ਰਾਪਤ ਕਰਦੇ ਸਨ। 

PunjabKesari

ਅੰਤ ਨੌਸ਼ਿਹਰਾ ਦੀ ਲੜਾਈ ਵਿੱਚ ਸੂਰਮਗਤੀ ਨਾਲ ਲੜਦੇ ਹੋਏ ਉਹਨਾਂ ਨੇ ਸ਼ਹੀਦੀ ਪ੍ਰਾਪਤ ਕੀਤੀ। ਉਹਨਾਂ ਦੀ ਸੂਰਮਗਤੀ ਦੀਆਂ ਗਾਥਾਵਾਂ ਸੁਣ ਕੇ ਪੰਡਾਲ ਵਿੱਚ ਹਾਜ਼ਰ ਸੰਗਤਾਂ "ਧੰਨ ਗੁਰੂ ਧੰਨ ਗੁਰੂ ਦੇ ਸਿੰਘ" ਪੁਕਾਰ ਰਹੀਆਂ ਸਨ। ਸਮਾਪਤੀ ਸਮੇਂ ਸੰਤ ਬਾਬਾ ਨਿਧਾਨ ਸਿੰਘ ਜੀ ਸੇਵਾ ਸੁਸਾਇਟੀ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਮੂਹ ਸੰਗਤਾਂ ਨੂੰ ਜੀ ਆਇਆ ਨੂੰ ਆਖਿਆ ਗਿਆ ਅਤੇ ਉਹਨਾਂ ਦਾ ਧੰਨਵਾਦ ਕੀਤਾ ਗਿਆ। ਪ੍ਰਬੰਧਕ ਕਮੇਟੀ ਵੱਲੋਂ ਜਥਿਆਂ ਦਾ ਅਤੇ ਸੰਤ ਬਾਬਾ ਨਿਧਾਨ ਸਿੰਘ ਸੇਵਾ ਸੁਸਾਇਟੀ ਦਾ ਸਿਰੋਪਾਉ ਦੀ ਬਖਸ਼ਿਸ਼ ਕਰਕੇ ਸਨਮਾਨ ਕੀਤਾ ਗਿਆ। ਇਸ ਮੌਕੇ ਆਈਆਂ ਸੰਗਤਾਂ ਲਈ ਗੁਰੂ ਦਾ ਲੰਗਰ ਅਟੁੱਟ ਵਰਤਾਇਆ ਗਿਆ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News