ਇਟਲੀ ''ਚ ਸਜਾਇਆ ਗਿਆ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਅਲੌਕਿਕ ਨਗਰ ਕੀਰਤਨ
Tuesday, Oct 14, 2025 - 12:25 PM (IST)

ਮਿਲਾਨ (ਸਾਬੀ ਚੀਨੀਆ)- ਇਟਲੀ ਦੇ ਬਰੇਸ਼ੀਆ ਦੇ ਬੋਰਗੋ ਸੰਨ ਯਾਕਮੋ ਵਿਖੇ ਸਥਿਤ ਗੁਰਦੁਆਰਾ ਸਾਹਿਬ ਬਾਬਾ ਮੱਖਣ ਸ਼ਾਹ ਲੁਬਾਣਾ ਸਿੱਖ ਸੈਂਟਰ ਦੁਆਰਾ ਹਰ ਸਾਲ ਦੀ ਤਰਾਂ ਇਸ ਸਾਲ ਵੀ ਪਹਿਲੀ ਪਾਤਸ਼ਾਹੀ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਬੜੀ ਸ਼ਾਨੋ ਸ਼ੌਕਤ ਅਤੇ ਚੜ੍ਹਦੀਕਲਾ ਨਾਲ ਸਜਾਇਆ ਗਿਆ। ਸੰਗਤਾਂ ਦੇ ਸਹਿਯੋਗ ਨਾਲ ਸਜਾਏ ਇਸ ਵਿਸ਼ਾਲ ਨਗਰ ਕੀਰਤਨ 'ਚ ਵੱਡੀ ਗਿਣਤੀ ਵਿੱਚ ਸ਼ਾਮਲ ਹੋਈਆਂ ਸੰਗਤਾਂ ਨੇ ਨਗਰ ਕੀਰਤਨ ਦੀਆ ਰੌਣਕਾਂ ਨੂੰ ਵਧਾਇਆ।
ਧੰਨ ਧੰਨ ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਅਤੇ ਪੰਜ ਪਿਆਰਿਆਂ ਦੀ ਅਗਵਾਈ ਹੇਠ ਸਜਾਏ ਨਗਰ ਕੀਰਤਨ ਦੀ ਆਰੰਭਤਾ ਗੁਰਦੁਆਰਾ ਸਾਹਿਬ ਤੋਂ ਹੋਈ। ਇਸ ਮੌਕੇ ਵੱਖ-ਵੱਖ ਰਾਗੀ ਜੱਥਿਆਂ ਦੁਆਰਾ ਸੰਗਤਾਂ ਨੂੰ ਗੁਰੁ ਇਤਿਹਾਸ ਸਰਵਣ ਕਰਵਾਇਆ ਗਿਆ। ਇਸ ਮੌਕੇ ਸੇਵਾਦਾਰਾਂ ਵੱਲੋਂ ਗੁਰੂ ਸਾਹਿਬ ਦੇ ਸਤਿਕਾਰ ਨੂੰ ਮੁੱਖ ਰੱਖਦਿਆਂ ਜਿੱਥੇ ਸ਼ਹਿਰ ਦੀਆਂ ਪੂਰੀਆਂ ਗਲੀਆਂ ਨੂੰ ਸੁਚੱਜੇ ਤਰੀਕੇ ਨਾਲ ਸਾਫ ਕੀਤਾ ਗਿਆ, ਉੱਥੇ ਹੀ ਫੁੱਲਾਂ ਦੀ ਵਰਖਾ ਕੀਤੀ ਗਈ।
ਨਗਰ ਨਿਵਾਸੀ ਅਤੇ ਇਲਾਕੇ ਦੀਆ ਸੰਗਤਾਂ ਦੁਆਰਾ ਜਗ੍ਹਾ-ਜਗ੍ਹਾ 'ਤੇ ਨਗਰ ਕੀਰਤਨ ਦਾ ਸਵਾਗਤ ਕੀਤਾ ਗਿਆ। ਬੋਰਗੋ ਸੰਨ ਯਾਕਮੋ ਦੇ ਪਿਆਸੇ ਵਿੱਚ ਨਗਰ ਕੀਰਤਨ ਦਾ ਪੜਾਅ ਕੀਤਾ ਗਿਆ, ਜਿੱਥੇ ਕਮੂਨੇ ਦੇ ਪ੍ਰਸ਼ਾਸ਼ਨਿਕ ਅਧਿਕਾਰੀਆਂ ਨੇ ਵੀ ਨਗਰ ਕੀਰਤਨ ਵਿੱਚ ਸ਼ਮੂਲੀਅਤ ਕੀਤੀ। ਉਨ੍ਹਾਂ ਸੰਗਤਾਂ ਨੂੰ ਸਜਾਏ ਜਾ ਰਹੇ ਨਗਰ ਕੀਰਤਨ ਦੀ ਵਧਾਈ ਦਿੱਤੀ।
ਸਮਾਪਤੀ ਮੌਕੇ ਨਗਰ ਕੀਰਤਨ 'ਤੇ ਹੈਲੀਕਾਪਟਰ ਰਾਹੀਂ ਫੁੱਲਾਂ ਦੀ ਵਰਖਾ ਕੀਤੀ ਗਈ। ਬੁੱਢਾ ਦਲ ਇਟਲੀ ਦੇ ਸਿੰਘਾਂ ਦੁਆਰਾ ਗੱਤਕੇ ਦੇ ਅਲੌਕਿਕ ਦ੍ਰਿਸ਼ ਪੇਸ਼ ਕੀਤੇ ਗਏ। ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਨਗਰ ਦੇ ਮੇਅਰ, ਪ੍ਰਸ਼ਾਸ਼ਨਿਕ ਅਧਿਕਾਰੀਆਂ, ਆਏ ਹੋਏ ਜਥਿਆਂ ਅਤੇ ਹੋਰਨਾਂ ਗੁਰਦੁਆਰਿਆਂ ਦੇ ਪ੍ਰਬੰਧਕਾਂ ਦਾ ਵਿਸ਼ੇਸ਼ ਤੌਰ 'ਤੇ ਸਨਮਾਨ ਕੀਤਾ ਗਿਆ। ਨੌਜਵਾਨਾਂ ਵੱਲੋਂ ਆਈਆ ਹੋਈਆ ਸੰਗਤਾਂ ਦੇ ਲਈ ਵੱਖ-ਵੱਖ ਸਟਾਲਾਂ ਦੇ ਰੂਪ ਵਿੱਚ ਗੁਰੂ ਕੇ ਲੰਗਰ ਅਤੁੱਟ ਵਰਤਾਏ ਗਏ।
ਇੱਥੇ ਇਹ ਵੀ ਦੱਸਣਯੋਗ ਹੈ ਕਿ ਹਰ ਸਾਲ ਅਕਤੂਬਰ ਦੇ ਮਹੀਨੇ ਵਿੱਚ ਪਹਿਲੀ ਪਾਤਸ਼ਾਹੀ ਧੰਨ ਧੰਨ ਸ੍ਰੀ ਗੁਰੁ ਨਾਨਕ ਦੇਵ ਜੀ ਦੇ ਪ੍ਰਕਾਸ਼ ਗੁਰਪੂਰਬ ਨੂੰ ਸਮਰਪਿਤ ਬੋਰਗੋ ਸੰਨ ਯਾਕਮੋ ਵਿਖੇ ਸਜਾਏ ਜਾਂਦੇ ਨਗਰ ਕੀਰਤਨ ਵਿੱਚ ਇਟਲੀ ਦੇ ਵੱਖ ਵੱਖ ਹਿੱਸਿਆ ਤੋਂ ਸੰਗਤ ਦਰਸ਼ਨਾਂ ਨੂੰ ਪਹੁੰਚਦੀਆਂ ਹਨ।
ਇਹ ਵੀ ਪੜ੍ਹੋ- ''ਨੋਬਲ ਲਈ ਨਹੀਂ, ਲੋਕਾਂ ਦੀ ਜਾਨ ਬਚਾਉਣ ਲਈ...'' , ਟਰੰਪ ਨੇ ਮੁੜ ਲਿਆ ਭਾਰਤ-ਪਾਕਿ ਜੰਗ ਰੁਕਵਾਉਣ ਦਾ ਕ੍ਰੈਡਿਟ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e