ਇਟਲੀ : ਪਹਿਲਾਂ ਮੋਗਾ ਤੇ ਹੁਣ ਜਲੰਧਰ ਦੇ ਰਹਿਣ ਵਾਲੇ ਨੌਜਵਾਨ ਦੀ ਭੇਦਭਰੀ ਹਲਾਤ ਵਿਚ ਮੌਤ

02/26/2020 10:02:36 AM

ਰੋਮ, (ਕੈਥ)- ਇਟਲੀ ਦੇ ਸੂਬੇ ਲਾਸੀਓ ਵਿਚ ਬੀਤੇ ਦਿਨ ਮੋਗਾ ਦੇ ਰਹਿਣ ਵਾਲੇ ਇਕ ਨੌਜਵਾਨ ਦੀ ਸ਼ੱਕੀ ਹਾਲਤ ‘ਚ ਮੌਤ ਦੀ ਖਬਰ ਮਿਲੀ ਸੀ ਤੇ ਹੁਣ ਇਕ ਹੋਰ ਪੰਜਾਬੀ ਨੌਜਵਾਨ ਦੀ ਸ਼ੱਕੀ ਹਾਲਤ ‘ਚ ਮੌਤ ਹੋਣ ਦੀ ਖਬਰ ਨੇ ਪੰਜਾਬੀ ਭਾਈਚਾਰੇ ਨੂੰ ਹਿਲਾ ਕੇ ਰੱਖ ਦਿੱਤਾ ਹੈ। ਮਿਲੀ ਜਾਣਕਾਰੀ ਅਨੁਸਾਰ ਜ਼ਿਲਾ ਲਤੀਨਾ ਦੇ ਵੀਆ ਮਾਕੀਆ ਦਲ ਪਿਆਨੋ ਨੇੜੇ ਸ਼ਹਿਰ ਬੋਰਗੋ ਹਰਮਾਦਾ ਵਿਖੇ ਇਕ ਗਰੀਨ ਹਾਉਸ (ਇਟਾਲੀਅਨ ਭਾਸ਼ਾ ਵਿਚ 'ਸੇਹਰੇ' ਕਿਹਾ ਜਾਂਦਾ ਹੈ ਜਿਸ ਵਿਚ ਸਬਜ਼ੀਆਂ ਉਗਾਉਣ ਦਾ ਕੰਮ ਹੁੰਦਾ ਹੈ) ਵਿਚ ਜਲੰਧਰ ਦੇ ਰਹਿਣ ਵਾਲੇ ਨੌਜਵਾਨ ਦੀ ਭੇਦਭਰੀ ਹਾਲਤ ਵਿਚ ਲਾਸ਼ ਮਿਲੀ ਹੈ, ਜਿਸ ਦੀ ਸੂਚਨਾ ਇਟਾਲੀਅਨ ਪੁਲਸ ਨੇ ਲਾਸੀਓ ਸੂਬੇ ਦੇ ਸਮਾਜਸੇਵੀ ਸ. ਗੁਰਮੁੱਖ ਸਿੰਘ ਹਜਾਰਾ ਨੂੰ ਦਿੱਤੀ। ਇਟਾਲੀਅਨ ਪੁਲਸ ਅਨੁਸਾਰ ਇਸ ਦੀ ਲਾਸ਼ ਪਿਛਲੇ ਲਗਭਗ 10 ਦਿਨਾਂ ਤੋਂ ਸੇਹਰਿਆ ਵਿਚ ਪਈ ਸੀ । 

ਇਟਾਲੀਅਨ ਪੇਪਰਾਂ ਤੋਂ ਮਿ੍ਰਤਕ ਦੀ ਪਛਾਣ ਤਰਲੋਕ ਰਾਜ ਪਿੰਡ ਤਾਜਪੁਰ ਭਗਵਾਨਪੁਰ ਨੇੜੇ ਲਾਬੜਾ ਜ਼ਿਲਾ ਜਲੰਧਰ ਵਜੋਂ ਹੋਈ ਹੈ । ਜਿਸ ਥਾਂ ਤੋਂ ਇਸ ਪੰਜਾਬੀ ਦੀ ਲਾਸ਼ ਮਿਲੀ ਹੈ, ਉਸ ਥਾਂ ‘ਤੇ ਪਹਿਲਾਂ ਵੀ ਇਕ ਪੰਜਾਬੀ ਵਲੋਂ ਕੁਝ ਸਾਲ ਪਹਿਲਾਂ ਫਾਹਾ ਲੈ ਕੇ ਖੁਦਕੁਸ਼ੀ ਕੀਤੀ ਸੀ ਅਤੇ ਇਹ ਗਰੀਨ ਹਾਉਸ ਪਿਛਲੇ ਕਈ ਸਾਲਾਂ ਤੋਂ ਬੰਦ ਪਏ ਹਨ। ਇਟਲੀ ਦੇ ਸਮਾਜਸੇਵਕ ਸ. ਗੁਰਮੁੱਖ ਸਿੰਘ ਹਜਾਰਾ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਮ੍ਰਿਤਕ ਪੰਜਾਬੀ ਤਰਲੋਕ ਰਾਜ ਦੇ ਪਰਿਵਾਰ ਨਾਲ ਅਜੇ ਕੋਈ ਵੀ ਸਪੰਰਕ ਨਹੀਂ ਹੋ ਰਿਹਾ ਅਤੇ ਉਹ ਉਸ ਦੇ ਵਾਰਸਾਂ ਦੇ ਹਵਾਲੇ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। 

ਜ਼ਿਕਰਯੋਗ ਹੈ ਕਿ ਪਿਛਲੇ ਕਈ ਸਾਲਾਂ ਤੋਂ ਇਟਲੀ ਵਿਚ ਰਹਿੰਦੇ ਭਾਰਤੀਆਂ ਵਲੋਂ ਘਰੇਲੂ ਕਲੇਸ਼ ,ਕੰਮਾਂ ਦੀ ਘਾਟ, ਦਿਮਾਗੀ ਪ੍ਰੇਸ਼ਾਨੀ ਜਾਂ ਨਸ਼ਿਆਂ ਦੀ ਬਿਰਤੀ ਕਾਰਨ ਕੀਤੀਆਂ ਜਾ ਰਹੀਆਂ ਆਤਮ ਹੱਤਿਆਵਾਂ ਬੇਸ਼ੱਕ ਮਰਨ ਵਾਲਿਆਂ ਲਈ ਸੁੱਖ ਦਾ ਸਾਹ ਹੋ ਸਕਦੀਆਂ ਹਨ ਪਰ ਇਨ੍ਹਾਂ ਮੌਤਾਂ ਨੇ ਉਨ੍ਹਾਂ ਮਾਪਿਆਂ ਨੂੰ ਸਦਾ ਲਈ ਬੇਆਸਰਾ ਕਰ ਦਿੱਤਾ, ਜਿਨ੍ਹਾਂ  ਨੇ ਘਰ ਦੀ ਗਰੀਬੀ ਦੂਰ ਕਰਨ ਲਈ ਜ਼ਮੀਨਾਂ ਗਹਿਣੇ ਰੱਖ ਕੇ ਅਤੇ ਕਰਜ਼ੇ ਚੁੱਕ ਕੇ ਆਪਣੇ ਜਿਗਰ ਦੇ ਟੋਟਿਆਂ ਨੂੰ ਵਿਦੇਸ਼ ਭੇਜਿਆ ।


Related News