ਇਟਲੀ : ਹੱਕਾਂ ਦੀ ਪ੍ਰਾਪਤੀ ਲਈ ਭਾਰਤੀਆਂ ਨੇ ਕੀਤਾ ਚੱਕਾ ਜਾਮ

Tuesday, Oct 22, 2019 - 03:14 PM (IST)

ਇਟਲੀ : ਹੱਕਾਂ ਦੀ ਪ੍ਰਾਪਤੀ ਲਈ ਭਾਰਤੀਆਂ ਨੇ ਕੀਤਾ ਚੱਕਾ ਜਾਮ

ਮਿਲਾਨ/ਇਟਲੀ (ਚੀਨੀਆ, ਕੈਂਥ): ਪਿਛਲੇ 40 ਸਾਲਾਂ ਤੋਂ ਇਟਲੀ ਦੇ ਖੇਤੀ ਮਾਲਕਾਂ ਵਲੋਂ ਆਪਣੇ ਖੇਤੀ ਫਾਰਮਾਂ 'ਤੇ ਕੰਮ ਕਰਦੇ ਵਿਦੇਸ਼ੀ ਕਾਮਿਆਂ ਦਾ ਸ਼ੋਸ਼ਣ ਕੀਤਾ ਜਾ ਰਿਹਾ ਹੈ। ਇਸ ਸ਼ੋਸ਼ਣ ਦੇ ਵਿਰੋਧ ਵਜੋਂ 1500 ਦੇ ਕਰੀਬ ਇਕੱਠੇ ਹੋਏ ਵਿਦੇਸ਼ੀ ਕਾਮਿਆਂ ਨੇ ਰੋਸ ਪ੍ਰਦਰਸ਼ਨ ਕੀਤਾ। ਪ੍ਰਦਰਸ਼ਨਕਾਰੀਆਂ ਨੇ ਸੈਂਟਰ ਇਟਲੀ ਦੇ ਜ਼ਿਲਾ ਲਾਤੀਨਾ ਵਿਖੇ ਪੈਰਫਾਤੂਰੇ ਦੇ ਮੋਹਰੇ ਸ਼ਾਂਤੀਮਈ ਧਰਨਾ ਦੇ ਕੇ ਕੁੰਭਕਰਨੀ ਨੀਂਦ ਸੁੱਤੀ ਸਰਕਾਰ ਦੇ ਕੰਨ ਖੋਲ੍ਹਣ ਲਈ ਖੇਤ ਮਜ਼ਦੂਰਾਂ ਦੇ ਹੋ ਰਹੇ ਸ਼ੋਸ਼ਣ ਨੂੰ ਰੋਕਣ ਲਈ ਇਟਾਲੀਅਨ ਖੇਤ ਮਾਫੀਏ ਵਿਰੁੱਧ ਆਵਾਜ਼ ਬੁਲੰਦ ਕੀਤੀ। ਇਸ ਦੇ ਨਾਲ ਹੀ ਉਨ੍ਹਾਂ ਨੇ ਇੰਨ੍ਹਾਂ ਖੂਨ ਪੀਣੇ ਮਾਲਕਾਂ 'ਤੇ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਹੈ। 

ਦੱਸਣਯੋਗ ਹੈ ਕਿ ਕੁਝ ਦਿਨ ਪਹਿਲਾਂ ਇਕ ਘਟਨਾ ਸਾਹਮਣੇ ਆਈ ਸੀ ਜਿਸ ਵਿਚ ਇਕ ਖੇਤੀ ਫਾਰਮ ਦੇ ਮਾਲਕ ਵਲੋਂ ਆਪਣੇ ਮਜ਼ਦੂਰਾਂ ਨੂੰ ਬੰਦੀ ਬਣਾਕੇ ਕੰਮ ਕਰਵਾਇਆ ਜਾ ਰਿਹਾ ਸੀ। ਜਦੋਂ ਇੰਨਾਂ ਕਾਮਿਆਂ ਨੇ ਆਪਣੇ ਪੈਸਿਆਂ ਦੀ ਮੰਗ ਕੀਤੀ ਤਾਂ ਉਕਤ ਮਾਲਕ ਨੇ ਆਪਣੀ ਬੰਦੂਕ ਨਾਲ ਗੋਲੀਆਂ ਚਲਾਉਂਦੇ ਹੋਏ ਇੰਨ੍ਹਾਂ ਕਾਮਿਆਂ ਨੂੰ ਜਾਨੋ ਮਾਰਨ ਦੀ ਧਮਕੀ ਦੇਕੇ ਇੰਨਾਂ ਨੂੰ ਚੁੱਪ ਚਾਪ ਕੰਮ ਕਰਦੇ ਰਹਿਣ ਲਈ ਮਜਬੂਰ ਕੀਤਾ।  

PunjabKesari

ਉਸ ਦਿਨ ਤੋ ਬਾਅਦ ਵਰਕਰਾਂ ਦੇ ਹੱਕਾਂ ਲਈ ਲੜਨ ਵਾਲੀਆਂ ਵੱਡੀਆ ਸੰਸਥਾਵਾਂ, ਫੇਲਾਈ, ਉਈਲਾ, ਚੀਜੀ, ਐਲ ਆਦਿ ਨੇ ਅਜਿਹੇ ਮਾਲਕਾਂ ਵਿਰੁੱਧ ਕਾਨੂੰਨੀ ਕਾਰਵਾਈ ਲਈ ਇਕ ਸ਼ੰਘਰਸ਼ ਆਰੰਭ ਕੀਤਾ ਸੀ ਤਾਂ ਜੋ ਇਟਾਲੀਅਨ ਮਾਲਕਾਂ ਵੱਲੋ ਵਿਦੇਸ਼ੀ ਕਾਮਿਆਂ ਨਾਲ ਕੀਤੀ ਜਾ ਰਹੀ ਧੱਕੇਸ਼ਾਹੀ ਨੂੰ ਰੋਕਿਆ ਜਾ ਸਕੇ। ਲਾਤੀਨਾ ਵਿਚ ਹੋਏ ਇਕੱਠ ਨੇ ਇਹ ਸਾਬਿਤ ਕਰ ਦਿੱਤਾ ਹੈ ਕਿ ਜੇਕਰ ਆਮ ਇੰਨਸਾਨ ਮਿਹਨਤ ਕਰਨੀ ਜਾਣਦਾ ਹੈ ਤਾਂ ਉਹ ਲੋੜ ਪੈਣ 'ਤੇ ਆਪਣੇ ਹੱਕਾਂ ਲਈ ਲੜਨਾ ਵੀ ਜਾਣਦਾ ਹੈ। ਦੱਸਣਯੋਗ ਹੈ ਕਿ ਅੱਜ ਦੇ ਇਸ ਭਾਰੀ ਇਕੱਠ ਨਾਲ ਇਟਲੀ ਦੇ ਖੇਤਾਂ ਵਿਚ ਕੰਮ ਕਰਨ ਵਾਲੇ ਮਿਹਨਤੀ ਲੋਕ ਸਰਕਾਰੀ ਲੋਕਤੰਤਰ ਦੀਆਂ ਅੱਖਾਂ ਖੋਲ੍ਹਣ ਵਿਚ ਕਾਮਯਾਬ ਜ਼ਰੂਰ ਹੋਣਗੇ। ਆਸ ਹੈ ਕਿ ਆਉਣ ਵਾਲੇ ਦਿਨਾਂ ਵਿਚ ਇਸ ਧਰਨੇ ਦੇ ਨਤੀਜੇ ਵੀ ਜਰੂਰ ਸਾਹਮਣੇ ਆਉਣਗੇ।


author

Vandana

Content Editor

Related News