ਇਟਲੀ 'ਚ ਹੁਣ ਸਾਬਕਾ IMF ਅਰਥਸ਼ਾਸਤਰੀ ਨੂੰ ਸਰਕਾਰ ਬਣਾਉਣ ਦਾ ਦਿੱਤਾ ਗਿਆ ਸੱਦਾ
Wednesday, May 30, 2018 - 11:04 AM (IST)

ਰੋਮ(ਕੈਂਥ)— ਇਟਲੀ ਦੇ ਪ੍ਰਧਾਨ ਮੰਤਰੀ ਵਜੋਂ ਸਾਹਮਣੇ ਆਏ ਜੁਸੇਪੇ ਕੋਨਤੇ ਦੀਆਂ ਮੰਤਰੀ ਮੰਡਲ ਨੂੰ ਲੈ ਕੇ ਕੀਤੀਆਂ ਜਾ ਰਹੀਆਂ ਕਾਰਵਾਈਆਂ ਉਸ ਵੇਲੇ ਧਰੀਆਂ-ਧਰਾਈਆਂ ਰਹਿ ਗਈਆਂ ਜਦੋਂ ਰਾਸ਼ਟਰਪਤੀ ਸਰਜੀਓ ਮੈਤਾਰੇਲਾ ਨੇ ਵਿੱਤ ਮੰਤਰੀ ਅਹੁੱਦੇ ਲਈ ਪੇਸ਼ ਕੀਤੇ ਪਾਓਲੋ ਸਵੋਨਾ ਦੇ ਨਾਂ ਨੂੰ ਰੱਦ ਕਰ ਦਿੱਤਾ। ਤੁਹਾਨੂੰ ਦੱਸ ਦਈਏ ਕਿ ਇਟਲੀ ਦੇ ਨਵੇਂ ਬਣੇ ਪ੍ਰਧਾਨ ਮੰਤਰੀ ਜੁਸੇਪੇ ਕੋਨਤੇ ਆਪਣੇ ਮੰਤਰੀ ਮੰਡਲ ਦਾ ਢਾਂਚਾ ਖੜ੍ਹਾ ਕਰਨ ਲਈ ਮੰਤਰੀਆਂ ਦੀ ਸੂਚੀ ਲੈ ਕੇ ਰਾਸ਼ਟਰਪਤੀ ਕੋਲ ਗਏ ਸਨ ਪਰ ਪਾਓਲੋ ਸਵੋਨਾ ਦਾ ਨਾਮ ਆਉਂਦੇ ਹੀ, ਰਾਸ਼ਟਰਪਤੀ ਸਰਜੀਓ ਮੈਤਾਰੇਲਾ ਦਾ ਰਵੱਈਆ ਸਖ਼ਤ ਹੋ ਗਿਆ ਅਤੇ ਉਨ੍ਹਾਂ ਸਪਸ਼ੱਟ ਤੌਰ 'ਤੇ ਸਵੋਨਾ ਦੇ ਨਾਮ ਨੂੰ ਨਕਾਰ ਦਿੱਤਾ।
ਇਸ ਕਾਰਵਾਈ ਨਾਲ ਜੁਸੇਪੇ ਨੂੰ ਰਾਸ਼ਟਰਪਤੀ ਵੱਲੋਂ ਮਿਲੇ ਇਕ ਪ੍ਰਧਾਨ ਮੰਤਰੀ ਤੇ ਸਰਕਾਰ ਬਣਾਉਣ ਦੇ ਅਧਿਕਾਰ ਖਤਮ ਹੋ ਗਏ, ਜਿਸ ਲਈ ਰਾਸ਼ਟਰਪਤੀ ਵੱਲੋਂ ਕੀਤੇ ਇਸ ਫੈਸਲੇ ਦੀ ਸੱਜੇਪੱਖੀ ਰਾਜਨੀਤਕ ਪਾਰਟੀਆਂ ਦੇ ਕੁਝ ਆਗੂਆਂ ਵੱਲੋਂ ਵੀ ਨਿੰਦਾ ਵੀ ਕੀਤੀ ਗਈ। ਰਾਸ਼ਟਰਪਤੀ ਦੇ ਇਸ ਫੈਸਲੇ ਨਾਲ ਦੁਬਾਰਾ ਚੋਣਾਂ ਹੋਣ ਦੇ ਸੰਕੇਤ ਪ੍ਰਤੱਖ ਦਿਸਣੇ ਸ਼ੁਰੂ ਹੋ ਗਏ ਹਨ। ਇਸ ਤੋਂ ਪਹਿਲਾਂ ਕਿ ਦੁਬਾਰਾ ਚੋਣਾਂ ਹੋਣ ਰਾਸ਼ਟਰਪਤੀ ਨੇ ਸਾਬਕਾ ਆਈ. ਐਮ. ਐਫ. ਅਰਥਸ਼ਾਸਤਰੀ ਕਾਰਲੋ ਕੋਤਾਰੇਲੀ ਨੂੰ ਸਰਕਾਰ ਬਣਾਉਣ ਦਾ ਸੱਦਾ ਦਿੱਤਾ ਹੈ। ਹੁਣ ਦੇਖਣਾ ਬਣਦਾ ਹੈ ਕਿ ਕੀ ਕਾਰਲੋ ਜਲਦ ਮੰਤਰੀ ਮੰਡਲ ਗਠਿਤ ਕਰਕੇ ਕੋਈ ਚਮਤਕਾਰ ਦਿਖਾ ਪਾਉਂਦੇ ਹਨ ਜਾਂ ਫਿਰ ਇਟਲੀ ਦੁਬਾਰਾ ਹੋਣ ਵਾਲੀਆਂ ਲੋਕ ਸਭਾ ਚੋਣਾਂ ਦੇ ਖਰਚ ਦਾ ਬੋਝ ਝੱਲਣ ਲਈ ਬੇਵੱਸ ਤੇ ਲਾਚਾਰ ਹੋਵੇਗੀ। ਇਹ ਫੈਸਲਾ ਹੁਣ ਸਮੇਂ ਦੇ ਹੱਥ ਹੈ। ਤੁਹਾਨੂੰ ਦੱਸ ਦਈਏ ਕਿ ਰਾਸ਼ਟਰਪਤੀ ਵੱਲੋਂ ਪਾਓਲੇ ਸਵੋਨਾ ਦੇ ਨਾਮ ਨਾਲ ਸਹਿਮਤ ਨਾ ਹੋਣ ਦਾ ਸਭ ਤੋਂ ਵੱਡਾ ਕਾਰਨ ਇਹ ਹੈ ਕਿ ਪਾਓਲੇ ਸਵੋਨਾ ਨੇ ਸਦਾ ਹੀ ਆਪਣੀ ਸਰਗਰਮੀਆਂ ਵਿਚ ਇਟਲੀ ਨੂੰ ਯੂਰਪੀਅਨ ਯੂਨੀਅਨ ਵਿਚੋਂ ਬਾਹਰ ਕੱਢਣ ਲਈ ਕਾਰਵਾਈਆਂ ਨੂੰ ਅੰਜਾਮ ਦਿੱਤਾ ਹੈ।