ਇਟਲੀ ''ਚ ਘਰੇਲੂ ਅੱਤਿਆਚਾਰ ਕਾਰਨ 80 ਲੱਖ ਔਰਤਾਂ ਦਿਮਾਗੀ ਪ੍ਰੇਸ਼ਾਨੀ ਦੀਆਂ ਸ਼ਿਕਾਰ

04/24/2019 3:19:14 PM

ਰੋਮ, (ਕੈਂਥ)— ਇਟਲੀ ਬੇਸ਼ੱਕ ਮਹਿਲਾ ਪ੍ਰਧਾਨ ਦੇਸ਼ ਹੈ ਪਰ ਇੱਥੇ ਵੀ ਔਰਤਾਂ ਨਾਲ ਹਿੰਸਾ ਵਾਲੀਆਂ ਘਟਨਾਵਾਂ ਹੋਣਾ ਆਮ ਜਿਹਾ ਬਣਦਾ ਜਾ ਰਿਹਾ ਹੈ। ਇਟਲੀ ਦੀ ਸਿਰਮੌਰ ਸੰਸਥਾ ਈਸਤਤ ਵੱਲੋਂ ਜਾਰੀ ਰਿਪੋਰਟ ਵਿੱਚ ਪਿਛਲੇ ਸਮੇਂ ਦੌਰਾਨ 8 ਮਿਲੀਅਨ ਤੋਂ ਵੱਧ ਔਰਤਾਂ ਦਿਮਾਗੀ ਦੁਰਵਿਵਹਾਰ ਦੀਆਂ ਸ਼ਿਕਾਰ ਸਨ । ਇਨ੍ਹਾਂ ਵਿੱਚ 4.5 ਮਿਲੀਅਨ ਅਜਿਹੀਆਂ ਔਰਤਾਂ ਹਨ, ਜਿਨ੍ਹਾਂ ਦਾ ਜਿਨਸੀ ਹਿੰਸਾ ਦੇ ਕਿਸੇ ਰੂਪ 'ਚ ਨੁਕਸਾਨ ਹੋਇਆ। ਇਨ੍ਹਾਂ ਜੁਰਮਾਂ 'ਚ ਜਬਰ-ਜਨਾਹ ਹੋਣਾ ਅਤੇ ਇਸ ਦੀ ਕੋਸ਼ਿਸ਼ ਕਰਨਾ ਸ਼ਾਮਲ ਹੈ। 
ਘਰੇਲੂ ਹਿੰਸਾ ਕਾਰਨ ਔਰਤਾਂ ਦੀਆਂ ਹੱਤਿਆਵਾਂ—
2013 ਵਿੱਚ 179 ਔਰਤਾਂ 
2015 ਵਿੱਚ 142 ਔਰਤਾਂ
2016 ਵਿੱਚ 150 ਔਰਤਾਂ
2017 ਵਿੱਚ ਸਿਰਫ਼ 10 ਮਹੀਨਿਆਂ ਦੌਰਾਨ ਹੀ 114 ਔਰਤਾਂ ਦੀ ਹੱਤਿਆ ਦੇ ਕੇਸ ਸਾਹਮਣੇ ਆਏ ਸਨ। 
ਹਾਲਾਂਕਿ ਸਾਰੀਆਂ ਘਰੇਲੂ ਹਿੰਸਕ ਪੀੜਤ ਔਰਤਾਂ ਕੇਸ ਦਰਜ ਨਹੀਂ ਕਰਵਾਉਂਦੀਆਂ ਪਰ ਕੁਝ ਕੇਸ ਅਜਿਹੇ ਵੀ ਹਨ, ਜਿਨ੍ਹਾਂ ਵਿੱਚ 27 ਫੀਸਦੀ ਅਜਿਹੀਆਂ ਔਰਤਾਂ ਵੀ ਹਨ ਜਿਹੜੀਆਂ 15 ਸਾਲ ਦੀ ਉਮਰ ਵਿੱਚ ਹੀ ਕਿਸੇ ਕਿਸਮ ਦੀ ਸਰੀਰਕ ਅਤੇ ਜਿਨਸੀ ਹਿੰਸਾ ਦਾ ਸ਼ਿਕਾਰ ਹੋ ਜਾਂਦੀਆਂ ਹਨ। ਸੰਨ 2000 ਤੋਂ ਹੁਣ ਤੱਕ 3000 ਔਰਤਾਂ ਦੀ ਘਰੇਲੂ ਹਿੰਸਾ ਵਿੱਚ ਹੱਤਿਆ ਹੋ ਚੁੱਕੀ ਹੈ। ਔਰਤਾਂ ਵਿਰੁੱਧ ਘਰੇਲੂ ਹਿੰਸਾ ਇਟਲੀ ਵਿੱਚ ਸਭ ਤੋਂ ਗੰਭੀਰ ਅਪਰਾਧ ਮੰਨਿਆ ਜਾ ਰਿਹਾ ਹੈ, ਹਾਲਾਂਕਿ ਸਮੁੱਚਾ ਅਪਰਾਧ ਪ੍ਰਸ਼ਾਸਨ ਦੀ ਬਾਜ ਅੱਖ ਕਾਰਨ ਘੱਟ ਰਿਹਾ ਹੈ।
ਇਟਲੀ ਵਿੱਚ ਔਰਤਾਂ ਨਾਲ ਹਿੰਸਾ ਰੋਕਣ ਲਈ ਸਰਕਾਰ ਪੂਰੀ ਤਰ੍ਹਾਂ ਪੱਬਾਂ ਭਾਰ ਹੈ ਜਿਸ ਲਈ ਇਟਲੀ ਸਰਕਾਰ 26 ਅਰਬ ਯੂਰੋ ਖਰਚ ਕਰ ਰਹੀ ਹੈ ਜਦੋਂ ਕਿ ਯੂਰਪ ਭਰ ਵਿੱਚ 226 ਅਰਬ ਯੂਰੋ ਔਰਤਾਂ ਨਾਲ ਹਿੰਸਕ ਘਟਨਾਵਾਂ ਉੱਪਰ ਖਰਚੇ ਜਾ ਰਹੇ ਹਨ। ਇਟਲੀ ਸਰਕਾਰ ਔਰਤਾਂ ਨਾਲ ਹਿੰਸਕ ਘਟਨਾਵਾਂ ਕਰਨ ਵਾਲੇ ਅਪਰਾਧੀਆਂ ਨੂੰ ਮਿਲਣ ਵਾਲੀਆਂ ਸਜ਼ਾਵਾਂ ਨੂੰ ਪਹਿਲਾਂ ਤੋਂ ਜ਼ਿਆਦਾ ਸਖ਼ਤ ਕਰ ਰਹੀ ਹੈ, ਜਿਸ ਸੰਬਧੀ ਜਲਦ ਪ੍ਰਸਤਾਵ ਪਾਰਲੀਮੈਂਟ ਵਿੱਚ ਪਾਸ ਹੋਣ ਦੀ ਉਮੀਦ ਹੈ। ਇਟਲੀ 'ਚ ਔਰਤਾਂ ਨਾਲ ਹਿੰਸਕ ਘਟਨਾਵਾਂ 80 ਫੀਸਦੀ ਇਟਾਲੀਅਨ ਲੋਕਾਂ ਵੱਲੋਂ ਹੀ ਕੀਤੀਆਂ ਜਾ ਰਹੀਆਂ ਹਨ, ਜਦੋਂ ਕਿ ਸਿਰਫ਼ 20 ਫੀਸਦੀ ਵਿਦੇਸ਼ੀ ਸ਼ਾਮਲ ਹਨ। 
ਜ਼ਿਕਰਯੋਗ ਹੈ ਕਿ ਬੇਸ਼ੱਕ ਔਰਤਾਂ ਬਿਨਾ ਪੂਰੀ ਦੁਨੀਆ ਅਧੂਰੀ ਹੀ ਨਹੀਂ ਨਕਾਰਾ ਵੀ ਹੈ ਪਰ ਇਸ ਦੇ ਬਾਵਜੂਦ ਔਰਤ ਦੀ ਜੋ ਸੰਸਾਰ ਭਰ ਵਿੱਚ ਦੁਰਦਸ਼ਾ ਹੋ ਰਹੀ ਹੈ, ਉਹ ਹੈਰਾਨ ਕਰਨ ਦੇ ਨਾਲ-ਨਾਲ ਅਗਾਂਹ ਵਧੂ ਸੋਚ ਦਾ ਹੋਕਾ ਦੇਣ ਵਾਲੇ ਸਮਾਜ ਲਈ ਸਵਾਲੀਆ ਚਿੰਨ੍ਹ ਵੀ ਹੈ। ਔਰਤਾਂ ਵਿਰੁੱਧ ਅੱਤਿਆਚਾਰ ਇੱਕ ਵੱਡੀ ਜਨਤਕ ਸਿਹਤ ਸਮੱਸਿਆ ਹੈ ਅਤੇ ਔਰਤਾਂ ਦੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਹੈ। ਵਰਲਡ ਹੈਲਥ ਆਰਗੇਨਾਈਜੇਸ਼ਨ ਵਲੋਂ ਪ੍ਰਕਾਸ਼ਿਤ ਗਲੋਬਲ ਅੰਦਾਜ਼ਿਆਂ ਤੋਂ ਇਹ ਜਾਣਕਾਰੀ ਮਿਲ ਰਹੀ ਹੈ ਕਿ ਦੁਨੀਆਂ ਭਰ ਵਿੱਚ 3 ਵਿੱਚੋਂ 1 ਔਰਤ ਭਾਵ 35 ਫੀਸਦੀ ਔਰਤਾਂ ਆਪਣੀ ਪੂਰੀ ਜ਼ਿੰਦਗੀ ਦੌਰਾਨ ਆਪਣੇ ਜੀਵਨ ਸਾਥੀ ਜਾਂ ਕਿਸੇ ਹੋਰ ਮਰਦ ਦੀ ਭੌਤਿਕ ਜਾਂ ਜਿਨਸੀ ਹਿੰਸਾ ਨੂੰ ਹੱਡੀ ਹੰਢਾਉਣ ਲਈ ਮਜ਼ਬੂਰ ਤੇ ਬੇਵੱਸ ਹਨ। ਉਂਝ ਸੰਸਾਰ ਭਰ ਵਿੱਚ 30 ਫੀਸਦੀ ਔਰਤਾਂ ਆਪਣੇ ਜੀਵਨ ਸਾਥੀ ਤੋਂ ਹੀ ਹਿੰਸਾ ਕਾਰਨ ਪ੍ਰਭਾਵਿਤ ਹਨ।ਵਿਸ਼ਵ ਪਧੱਰ 'ਤੇ 38 ਫੀਸਦੀ ਔਰਤਾਂ ਦੀ ਮੌਤ ਦਾ ਕਾਰਨ ਉਨ੍ਹਾਂ ਦੇ ਜੀਵਨ ਸਾਥੀ ਬਣ ਰਹੇ ਹਨ, ਇਨ੍ਹਾਂ ਵਿੱਚ ਕਈ ਅਜਿਹੇ ਵੀ ਜੀਵਨ ਸਾਥੀ ਵੀ ਹਨ ਜਿਹੜੇ ਆਪਣੇ ਜੀਵਨ ਸਾਥੀ ਨੂੰ ਬਹੁਤ ਹੀ ਬੇਦਰਦੀ ਨਾਲ ਮੌਤ ਦੇ ਘਾਟ ਉਤਾਰ ਦਿੰਦੇ ਹਨ। ਸਮਾਜ ਨੂੰ ਔਰਤਾਂ ਦੀ ਅਹਿਮੀਅਤ ਨੂੰ ਸਮਝਣ ਦੀ ਲੋੜ ਹੈ ਤਾਂ ਕਿ ਕਿਸੇ ਨੂੰ ਵੀ ਕੋਈ ਪ੍ਰੇਸ਼ਾਨੀ ਨਾ ਹੋਵੇ।


Related News