ਭਾਰਤ ਸਰਕਾਰ ਦੀਆਂ ਕੋਰੋਨਾ ਹਿਦਾਇਤਾਂ ਨੂੰ ਟਿੱਚ ਜਾਣਦੇ ਨੇ ਇਟਲੀ ਦੇ ਕੁਝ ਏਜੰਟ, ਇੰਝ ਕਰਦੇ ਨੇ ਧੋਖਾਧੜੀ
Friday, Feb 19, 2021 - 02:12 PM (IST)
ਰੋਮ/ਇਟਲੀ (ਕੈਂਥ): ਕੋਰੋਨਾ ਵਾਇਰਸ ਨੇ ਪੂਰੀ ਦੁਨੀਆ ਨੂੰ ਪ੍ਰਭਾਵਿਤ ਕੀਤਾ ਹੋਇਆ ਹੈ। ਦੁਨੀਆ ਭਰ ਵਿੱਚ ਆਏ ਦਿਨ ਕੋਰੋਨਾ ਵਾਇਰਸ ਦੇ ਨਾਲ ਪ੍ਰਭਾਵਿਤ ਮਰੀਜ਼ਾਂ ਦੀ ਗਿਣਤੀ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ ਅਤੇ ਹੋਰ ਲੋਕਾਂ ਦੀਆਂ ਮੌਤਾਂ ਹੋ ਰਹੀਆਂ ਹਨ। ਇਸ ਲਈ ਭਾਰਤ ਸਰਕਾਰ ਵਲੋਂ ਕੋਰੋਨਾ ਵਾਇਰਸ ਦੇ ਮੱਦੇਨਜ਼ਰ ਦੇਸ਼ ਵਿੱਚ ਆਉਣ ਵਾਲੇ ਯਾਤਰੀਆਂ ਲਈ ਨਵਾਂ ਫ਼ਰਮਾਨ ਜਾਰੀ ਕੀਤਾ ਗਿਆ ਹੈ। ਸਰਕਾਰ ਵੱਲੋਂ ਦੇਸ਼ ਦੇ ਨਾਗਰਿਕਾਂ ਦੀ ਸਿਹਤ ਸੰਬੰਧੀ ਖ਼ਿਆਲ ਰੱਖਦਿਆਂ ਇਹ ਫ਼ੈਸਲਾ ਕੀਤਾ ਗਿਆ ਹੈ, ਜਿਸ ਵਿੱਚ 22 ਫਰਵਰੀ ਤੋਂ ਭਾਰਤ ਵਿੱਚ ਦਾਖਲ ਹੋਣ ਵਾਲੇ ਸਾਰੇ ਯਾਤਰੀਆਂ ਨੂੰ ਕੋਰੋਨਾ ਵਾਇਰਸ ਦਾ ਟੈਸਟ ਕਰਵਾਉਣ ਅਤੇ ਆਨਲਾਈਨ ਰਜਿਸਟ੍ਰੇਸ਼ਨ ਕਰਵਾਉਣਾ ਲਾਜ਼ਮੀ ਹੋਵੇਗਾ।
ਜੇਕਰ ਯਾਤਰੀ ਆਪਣਾ ਕੋਰੋਨਾ ਵਾਇਰਸ ਦਾ ਟੈਸਟ ਦਾ ਪ੍ਰਮਾਣ ਪੱਤਰ ਜਾਰੀ ਨਹੀਂ ਕਰ ਪਾਉਂਦਾ ਤਾ ਯਾਤਰੀ ਦਾ ਸਫ਼ਰ ਰੱਦ ਕੀਤਾ ਜਾ ਸਕਦਾ ਹੈ। ਦੂਜੇ ਪਾਸੇ ਦਿੱਲੀ ਸਥਿਤ ਇਟਲੀ ਦੀ ਅੰਬੈਸੀ ਵਲੋਂ ਆਪਣੇ ਸੋਸ਼ਲ ਮੀਡੀਆ 'ਤੇ ਵੀ ਇਸ ਨਵੇਂ ਜਾਰੀ ਹੋਏ ਫ਼ਰਮਾਨ ਦੀ ਜਾਣਕਾਰੀ ਸਾਂਝੀ ਕੀਤੀ ਗਈ ਹੈ। ਉਨ੍ਹਾਂ ਵਲੋਂ ਸਪੱਸ਼ਟ ਕੀਤਾ ਗਿਆ ਹੈ ਕਿ ਵਿਦੇਸ਼ਾਂ ਵਿੱਚ ਵੱਧ ਰਹੇ ਕੋਰੋਨਾ ਮਹਾਮਾਰੀ ਦੇ ਪ੍ਰਭਾਵ ਦੇ ਮੱਦੇਨਜ਼ਰ ਇਹ ਫਰਮਾਨ ਜਾਰੀ ਕੀਤਾ ਗਿਆ ਹੈ, ਜੋ ਯੂਰਪ, ਇੰਗਲੈਂਡ ਅਤੇ ਮੱਧ ਪੂਰਬ ਦੇਸ਼ਾਂ ਤੋਂ ਆਉਣ ਵਾਲੇ ਸਾਰੇ ਯਾਤਰੀਆਂ 'ਤੇ ਲਾਗੂ ਕੀਤਾ ਗਿਆ ਹੈ।
ਪੜ੍ਹੋ ਇਹ ਅਹਿਮ ਖਬਰ- ਯੂਕੇ: ਪੰਜ ਸਾਲਾਂ ਦੌਰਾਨ 85 ਜਾਅਲੀ ਯੂਨੀਵਰਸਿਟੀ ਵੈਬਸਾਈਟਾਂ ਨੂੰ ਕੀਤਾ ਗਿਆ ਬੰਦ
ਇਟਲੀ ਤੋਂ ਜਾਣ ਵਾਲੇ ਸਭ ਯਾਤਰੀਆਂ ਲਈ ਭਾਰਤ ਲਈ ਹਵਾਈ ਜਹਾਜ਼ ਦੀ ਟਿਕਟ ਲੈਣ ਲਈ ਪਹਿਲਾਂ ਹੁਣ ਕੋਵਿਡ-19 ਦਾ ਪੀ ਸੀ ਆਰ ਟੈਸਟ (ਜਿਹੜਾ ਖੂਨ ਵਿੱਚੋਂ ਨਹੀ ਸਗੋਂ ਨੱਕ ਤੇ ਗਲੇ ਵਿੱਚੋਂ ਚੋ ਹੁੰਦਾ ਹੈ ਤੇ ਜਿਸ ਦੀ ਰਿਪੋਰਟ 24 ਘੰਟਿਆਂ ਬਾਅਦ ਹੀ ਮਿਲਦੀ ਹੈ) ਕਰਵਾਉਣਾ ਲਾਜ਼ਮੀ ਹੈ। ਅਜਿਹਾ ਨਾ ਕਰਨ 'ਤੇ ਉਹਨਾਂ ਨੂੰ ਟਿਕਟ ਨਹੀ ਮਿਲ ਸਕੇਗੀ ਪਰ ਚਿੰਤਾ ਦੀ ਗੱਲ ਇਹ ਹੈ ਕਿ ਕੁਝ ਟ੍ਰੈਵਲ ਏਜੰਸੀਆਂ ਵਾਲੇ ਆਪਣੀਆਂ ਟਿਕਟਾਂ ਵੇਚਣ ਦੇ ਚੱਕਰ ਵਿੱਚ ਲੋਕਾਂ ਨੂੰ ਬਿਨਾਂ ਟੈਸਟ ਸਸਤੇ ਭਾਅ ਕੋਰੋਨਾ ਟੈਸਟ ਦੀ ਰਿਪੋਰਟ ਦੇਣ ਲਈ ਜਾਲ ਵਿਛਾ ਰਹੇ ਹਨ ਜੋ ਕਿ ਜਿੱਥੇ ਇਟਲੀ ਦੇ ਕਾਨੂੰਨ ਅਨੁਸਾਰ ਬਹੁਤ ਹੀ ਵੱਡਾ ਸੰਗੀਨ ਜੁਰਮ ਹੋਵੇਗਾ, ਉੱਥੇ ਹੀ ਉਹ ਲੋਕਾਂ ਦੀ ਜ਼ਿੰਦਗੀ ਨਾਲ ਖ਼ਿਲਵਾੜ ਵੀ ਕਰਨਗੇ ਕਿਉਂਕਿ ਉਹਨਾਂ ਦੀ ਗਲਤ ਰਿਪੋਰਟ ਕਿਸੇ ਦੀ ਮੌਤ ਦਾ ਕਾਰਨ ਬਣ ਸਕਦੀ ਹੈ ਸੋ ਕਿਰਪਾ ਸਭ ਭਾਰਤੀਆਂ ਨੂੰ ਇਸ ਪਾਸੇ ਉਚੇਚਾ ਧਿਆਨ ਦੇਣ ਦੀ ਲੋੜ ਹੈ ਕਿਤੇ ਅਜਿਹਾ ਨਾ ਹੋਵੇ ਕਿ ਉਹ ਕੁਝ ਪੈਸੇ ਤੇ ਸਮਾਂ ਬਚਾਉਣ ਦੇ ਵਿੱਚ ਆਪਣੇ ਵੱਡਾ ਨੁਕਸਾਨ ਕਰ ਬੈਠਣ।