ਇਟਲੀ ''ਚ ਮਾਂ ਬੋਲੀ ਨੂੰ ਸਮਰਪਿਤ “ਫੱਟੀ ਤੋਂ ਫੌਂਟ ਤੱਕ” ਆਨਲਾਈਨ ਸਮਾਗਮ ਦਾ ਸਫ਼ਲ ਆਯੋਜਨ

02/23/2021 1:00:29 PM

ਰੋਮ (ਕੈਂਥ): ਸਾਹਿਤ ਸੁਰ ਸੰਗਮ ਸਭਾ ਇਟਲੀ ਵੱਲੋਂ ਮਾਂ ਬੋਲੀ ਦਿਵਸ ਨੂੰ ਸਮਰਪਿਤ “ਫੱਟੀ ਤੋਂ ਫੌਂਟ ਤੱਕ” ਵਿਸ਼ੇ ਨੂੰ ਲੈ ਕੇ ਵਿਚਾਰ ਚਰਚਾ ਕੀਤੀ ਗਈ। ਜਿਸ ਵਿੱਚ ਤਕਨੀਕੀ ਮਾਹਰਾਂ ਨੇ ਵਿਸ਼ੇਸ਼ ਤੌਰ ਤੇ ਹਾਜ਼ਰੀ ਲਗਵਾਈ। ਜਿਹਨਾਂ ਵਿੱਚ ਡਾ ਸੀ ਪੀ ਕੰਬੋਜ ਪੰਜਾਬੀ ਯੂਨੀਵਰਸਿਟੀ ਪਟਿਆਲਾ, ਜਗਤਾਰ ਸਿੰਘ ਸੋਖੀ ਸਟੇਟ ਅਵਾਰਡ ਜੇਤੂ ਅਧਿਆਪਕ, ਹਰਦੀਪ ਸਿੰਘ ਮਾਨ ਆਸਟਰੀਆ ਫੌਂਟ ਸੁਧਾਰਕ, ਜਸਵਿੰਦਰ ਪਾਲ ਸਿੰਘ ਰਾਠ ਸਮਾਜਿਕ ਤੇ ਰਾਜਨੀਤਕ ਸ਼ਖਸ਼ੀਅਤ ਜਰਮਨੀ ਦੇ ਨਾਂ ਮੁੱਖ ਹਨ। 

ਇਸ ਸਮਾਗਮ ਵਿੱਚ ਜਗਤਾਰ ਸਿੰਘ ਸੋਖੀ ਨੇ ਪੰਜਾਬੀ ਬੋਲੀ ਦੇ ਪਿਛੋਕੜ ਤੋਂ ਸ਼ੁਰੂ ਹੋ ਕੇ ਅੱਜ ਤੱਕ ਦੇ ਸਫਰ 'ਤੇ ਜਾਣਕਾਰੀ ਸਾਂਝੀ ਕੀਤੀ। ਹਰਦੀਪ ਸਿੰਘ ਮਾਨ ਨੇ ਫੌਂਟ ਦੀ ਮਹੱਹਤਾ, ਇਸ ਦੀ ਲੋੜ ਅਤੇ ਯੂਨੀਕੋਡ ਬਾਰੇ ਬੜੇ ਵਿਸਥਾਰ ਨਾਲ ਗੱਲ ਕੀਤੀ। ਡਾ ਸੀ ਪੀ ਕੰਬੋਜ ਨੇ ਹਰਦੀਪ ਮਾਨ ਦੀ ਗੱਲ ਨੂੰ ਅੱਗੇ ਤੋਰਦਿਆਂ ਫੌਂਟ ਸੰਬੰਧੀ ਗੱਲਾਂ ਕਰਦਿਆਂ ਬਹੁਤ ਸਾਰੇ ਤਕਨੀਕੀ ਪਹਿਲੂਆਂ ਤੋਂ ਜਾਣੂ ਕਰਵਾਇਆ। ਜਰਮਨ ਵਾਸੀ ਕੌਂਸਲਰ ਜਸਵਿੰਦਰਪਾਲ ਸਿੰਘ ਰਾਠ ਨੇ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਅਜੋਕੇ ਗਲੋਬਲੀ ਯੁੱਗ ਵਿੱਚ ਸਾਨੂੰ ਆਪਣੀ ਬੋਲੀ ਦੇ ਨਾਲ ਨਾਲ ਦੂਜੀਆਂ ਭਾਸ਼ਾਵਾਂ ਦਾ ਗਿਆਨ ਹੋਣਾ ਵੀ ਜ਼ਰੂਰੀ ਹੈ। ਉਹਨਾਂ ਪੰਜਾਬੀ ਸਮੇਤ ਡੱਚ ਅਤੇ ਫਰੈਂਚ ਭਾਸ਼ਾ ਦੀ ਵੀ ਗੱਲ ਕੀਤੀ। 

ਪੜ੍ਹੋ ਇਹ ਅਹਿਮ ਖਬਰ- ਫੇਸਬੁੱਕ ਵੱਲੋਂ ਆਸਟ੍ਰੇਲੀਆ ਦੀਆਂ ਖ਼ਬਰਾਂ 'ਤੇ ਪਾਬੰਦੀ ਖ਼ਤਮ ਕਰਨ ਦੀ ਤਿਆਰੀ

ਇਸ ਸਮੇਂ ਪ੍ਰੋ ਨਵਰੂਪ ਕੌਰ ਹੰਸ ਰਾਜ ਮਹਾਂਵਿਦਿਆਲਾ ਤੇ ਪ੍ਰੋ ਜਸਪਾਲ ਸਿੰਘ ਇਟਲੀ ਨੇ ਆਪਣੇ ਵਿਚਾਰਾਂ ਵਿੱਚ ਸਭਾ ਦੇ ਉਪਰਾਲੇ ਦੀ ਸਰਾਹਨਾ ਕਰਦਿਆਂ ਕਿਹਾ ਕਿ ਭਾਸ਼ਾ ਤੇ ਸਾਹਿਤ ਹੀ ਕਿਸੇ ਸਮਾਜ ਦੀ ਸਹੀ ਤਰਜਮਾਨੀ ਕਰਦੇ ਹਨ ਤੇ ਅਜੋਕੇ ਸਮੇਂ ਵਿੱਚ ਵਧੀਆ ਸੁਨੇਹਾ ਦੇਣ ਲਈ ਕਿਸੇ ਭਾਸ਼ਾ ਦਾ ਤਕਨੀਕੀ ਤੌਰ 'ਤੇ ਸਮੇਂ ਦੇ ਹਾਣ ਦੀ ਹੋਣਾ ਬਹੁਤ ਜ਼ਰੂਰੀ ਹੈ। ਇਸ ਸਮਾਗਮ ਦੀ ਪ੍ਰਧਾਨਗੀ ਕਰ ਰਹੇ ਸਭਾ ਦੇ ਪ੍ਰਧਾਨ ਬਲਵਿੰਦਰ ਸਿੰਘ ਚਾਹਲ ਨੇ “ਫੱਟੀ ਤੋਂ ਫੌਂਟ ਤੱਕ” ਬਾਰੇ ਬੋਲਦੇ ਹੋਏ ਕਿਹਾ ਕਿ ਸਮਾਂ ਬਹੁਤ ਤੇਜੀ ਨਾਲ ਬਦਲ ਰਿਹਾ ਹੈ ਅਤੇ ਸਾਨੂੰ ਵੀ ਦੂਜੀਆਂ ਭਾਸ਼ਾਵਾਂ ਦੀ ਤਰਾਂ ਮਾਂ ਬੋਲੀ ਪੰਜਾਬੀ ਦਾ ਤਕਨੀਕੀ ਮਿਆਰ ਹੋਰ ਵੀ ਵਧੀਆ ਤੇ ਪ੍ਰਭਾਵਸ਼ਾਲੀ ਬਣਾਉਣ ਦੀ ਲੋੜ ਹੈ। ਇਸ ਸਮਾਗਮ ਦੀ ਸੰਚਾਲਨਾ ਦਲਜਿੰਦਰ ਰਹਿਲ ਵੱਲੋਂ ਬਾਖੂਬੀ ਕੀਤੀ ਗਈ।

ਇਸ ਤੋਂ ਬਾਅਦ ਹੋਏ ਕਵੀ ਦਰਬਾਰ ਵਿੱਚ ਬਿੰਦਰ ਕੋਲੀਆਂਵਾਲ, ਡਾ ਸੀ ਪੀ ਕੰਬੋਜ, ਦਲਜਿੰਦਰ ਰਹਿਲ, ਰਵੇਲ ਸਿੰਘ, ਰਾਣਾ ਅਠੌਲਾ, ਸਿੱਕੀ ਝੱਜੀ ਪਿੰਡ ਵਾਲਾ, ਸਰਬਜੀਤ ਕੌਰ ਸਰਬ, ਰਾਜੂ ਹਠੂਰੀਆ, ਮੇਜਰ ਸਿੰਘ ਖੱਖ, ਪ੍ਰੋ ਬਲਦੇਵ ਸਿੰਘ ਆਦਿ ਨੇ ਹਾਜਰੀ ਲਗਵਾਈ। ਹੋਰਨਾਂ ਤੋਂ ਇਲਾਵਾ ਡਾ ਐਸ ਪੀ ਸਿੰਘ ਜੀ ਸਾਬਕਾ ਵਾਈਸ ਚਾਂਸਲਰ ਗੁਰੂ ਨਾਨਕ ਦੇਵ ਯੂਨੀਵਰਸਿਟੀ, ਪ੍ਰਸਿੱਧ ਕਹਾਣੀਕਾਰ ਅਜਮੇਰ ਸਿੱਧੂ, ਪ੍ਰਸਿੱਧ ਪੱਤਰਕਾਰ ਪਾਲ ਸਿੰਘ ਨੌਲੀ, ਈਸ਼ਰ ਸਿੰਘ, ਡਾ ਗਗਨਦੀਪ ਸਿੰਘ ਸੰਗਰੂਰ, ਪ੍ਰੋ ਕਰਮਜੀਤ ਕੌਰ ਸਮੇਤ ਬਹੁਤ ਸਾਰੇ ਵਿਦਿਆਰਥੀ ਅਤੇ ਸਰੋਤਿਆਂ ਨੇ ਇਸ ਸਮਾਗਮ ਵਿੱਚ ਆਪਣੀ ਹਾਜ਼ਰੀ ਬਣਾਈ ਰੱਖੀ।


Vandana

Content Editor

Related News