ਇਟਲੀ ਦੀ ਪਹਿਲੀ ਪੰਜਾਬਣ ਜਸ਼ਨਦੀਪ ਕੌਰ ਨੇ ਅੰਤਰਰਾਸ਼ਟਰੀ ਘੋੜ ਸਵਾਰੀ ਮੁਕਾਬਲੇ ''ਚ ਭਾਰਤ ਵੱਲੋਂ ਖੇਡ ਗੱਡੇ ਝੰਡੇ

Saturday, May 08, 2021 - 11:15 AM (IST)

ਇਟਲੀ ਦੀ ਪਹਿਲੀ ਪੰਜਾਬਣ ਜਸ਼ਨਦੀਪ ਕੌਰ ਨੇ ਅੰਤਰਰਾਸ਼ਟਰੀ ਘੋੜ ਸਵਾਰੀ ਮੁਕਾਬਲੇ ''ਚ ਭਾਰਤ ਵੱਲੋਂ ਖੇਡ ਗੱਡੇ ਝੰਡੇ

ਰੋਮ/ਇਟਲੀ (ਦਲਵੀਰ ਕੈਂਥ): ਕਾਮਯਾਬੀ ਦਾ ਸ਼ਾਇਦ ਹੀ ਕੋਈ ਅਜਿਹਾ ਖੇਤਰ ਰਿਹਾ ਹੋਵੇ ਜਿਸ ਵਿੱਚ ਪੰਜਾਬ ਦੀਆਂ ਧੀਆਂ ਨੇ ਮੱਲਾਂ ਨਾ ਮਾਰੀਆਂ ਹੋਣ, ਉਹ ਵੀ ਸੱਤ ਸਮੁੰਦਰੋਂ ਪਾਰ ਵਿਦੇਸ਼ੀ ਧਰਤੀ 'ਤੇ ਜਿੱਥੇ ਆਕੇ ਬਹੁਤੇ ਬੱਚੇ ਆਪਣੇ ਸੰਸਕਾਰਾਂ ਤੋਂ ਹੀ ਸੱਖਣੇ ਹੋ ਜਾਂਦੇ ਹਨ। ਵਿਦੇਸ਼ ‘ਚ ਕਈ ਮਾਪੇ ਚੰਗੀ ਸੋਚ ਤੇ ਸਿਆਣਪ ਦੇ ਅਜਿਹੇ ਧਾਰਨੀ ਹੁੰਦੇ ਹਨ ਕਿ ਆਪਣੀ ਔਲਾਦ ਉਹ ਚਾਹੇ ਕੁੜੀ ਹੋਵੇ ਜਾਂ ਮੁੰਡਾ ਉਸ ਦੀ ਅਜਿਹੀ ਪ੍ਰਵਰਿਸ਼ ਕਰਦੇ ਹਨ ਕਿ ਬੱਚਿਆਂ ਦੀ ਕਾਮਯਾਬੀ ਮੂੰਹੋਂ ਬੋਲਦੀ। 

PunjabKesari

ਅਜਿਹੀ ਪੰਜਾਬ ਦੀ ਧੀ ਦੀ ਜਸ਼ਨਦੀਪ ਕੌਰ ਗਿੱਲ ਹੈ ਜਿਹੜੀ ਕਿ ਘੋੜ ਸਵਾਰੀ ਵਿੱਚ ਅਜਿਹੀ ਨਿਪੁੰਨ ਹੈ ਕਿ ਆਏ ਦਿਨ ਆਪਣੀ ਘੋੜ ਸਵਾਰੀ ਕਲਾ ਨਾਲ ਚਰਚਾ ਵਿੱਚ ਹੀ ਰਹਿੰਦੀ ਹੈ।ਹਾਲ ਹੀ ਵਿੱਚ ਜਸ਼ਨਦੀਪ ਕੌਰ ਗਿੱਲ ਨੇ ਇਟਲੀ ਦੇ ਆਰੇਸੋ ਸ਼ਹਿਰ ਵਿਖੇ ਹੋਏ 100 ਕਿਲੋਮੀਟਰ ਅੰਤਰਰਾਸ਼ਟਰੀ ਘੋੜ ਸਵਾਰੀ ਦੇ ਮੁਕਾਬਲੇ ਵਿੱਚ ਭਾਰਤ ਵੱਲੋਂ ਖੇਡ ਕੇ ਤੀਸਰਾ ਸਥਾਨ ਹਾਸਲ ਕੀਤਾ ਹੈ।ਜਸ਼ਨਦੀਪ ਕੌਰ ਅਤੇ ਪਿਤਾ ਪਰਮਿੰਦਰ ਸਿੰਘ ਗਿੱਲ ਰਵੀ ਨੇ ਪ੍ਰੈੱਸ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਇਸ ਅੰਤਰਰਾਸ਼ਟਰੀ ਮੁਕਾਬਲੇ ਲਈ ਉਹ ਉਚੇਚੇ ਤੌਰ 'ਤੇ ਭਾਰਤ ਸਰਕਾਰ ਵਲੋਂ ਖੇਡਣ ਲਈ ਦਿੱਤੀ ਇਜਾਜ਼ਤ ਲਈ ਸ਼ੁਕਰ ਗੁਜ਼ਾਰ ਹਨ ਅਤੇ ਅਤਿ ਧੰਨਵਾਦੀ ਹਨ। 

PunjabKesari

ਉਨ੍ਹਾਂ ਅਧਿਕਾਰੀਆਂ ਦਾ ਵੀ ਜਿਨ੍ਹਾਂ ਨੇ ਭਾਰਤ ਤੋਂ  ਜਸ਼ਨਦੀਪ ਕੌਰ ਨੂੰ ਅੰਤਰਰਾਸ਼ਟਰੀ ਪੱਧਰ 'ਤੇ ਖੇਡਣ ਲਈ ਯੋਗਦਾਨ ਪਾਇਆ।ਉਨ੍ਹਾਂ ਕਿਹਾ ਕਿ ਉਹਨਾਂ ਦੀ ਲਾਡਲੀ ਧੀ ਜਸ਼ਨਦੀਪ ਕੌਰ ਗਿੱਲ ਸੰਨ 2013 ਵਿੱਚ ਪਰਿਵਾਰ ਸਮੇਤ ਇਟਲੀ ਆਈ ਸੀ।ਜਿਸ ਨੇ ਪੜ੍ਹਾਈ  ਦੇ ਨਾਲ 2015 ਘੋੜ ਸਵਾਰੀ ਦੀ ਸਿਖਲਾਈ ਪੀਏਤਰੋ ਮੋਨਤੇ ਤੇ ਸਾਰਾ ਗੁਸੋਨੀ ਤੋਂ ਕੋਚਿੰਗ ਲੈਣੀ ਸ਼ੁਰੂ ਕਰ ਦਿੱਤੀ ਸੀ।ਉਸ ਨੇ ਸਖ਼ਤ ਮਿਹਨਤ ਨਾਲ 2017, ਵਿੱਚ ਪਹਿਲੀ ਵਾਲ 30 ਕਿਲੋਮੀਟਰ ਦੇ ਮੁਕਾਬਲੇ ਵਿੱਚ ਪਹਿਲਾ ਸਥਾਨ ਕੀਤਾ ਗਿਆ ਸੀ, ਇਸ ਦੇ ਬਾਅਦ ਜਸ਼ਨਦੀਪ ਨੇ ਹੋਰ ਸਖ਼ਤ ਮਿਹਨਤ ਕਰਦਿਆਂ ਅੱਗੇ ਵਧਣ ਦੇ ਜਨੂੰਨ ਵਿੱਚ ਕਾਮਯਾਬ ਹੋਣ ਲਈ 2019-2020 ਵਿੱਚ 30, 60, 90 ਕਿਲੋਮੀਟਰ ਦੇ ਮੁਕਾਬਲਿਆਂ ਵਿੱਚ ਵੀ ਰਹਿ ਕੇ ਆਪਣਾ, ਪਰਿਵਾਰ ਅਤੇ ਪੰਜਾਬੀ ਭਾਈਚਾਰੇ ਦਾ ਨਾਮ ਰੌਸ਼ਨ ਕੀਤਾ ਹੈ।

ਪੜ੍ਹੋ ਇਹ ਅਹਿਮ ਖਬਰ- ਯੂਕੇ : ਲੈਸਟਰਸ਼ਾਇਰ ਕੌਂਟੀ ਕੌਂਸਲ ‘ਚ ਕਮਲ ਸਿੰਘ ਘਟੋਰੇ ਦੀ ਸ਼ਾਨਦਾਰ ਜਿੱਤ 

ਦੱਸਣਯੋਗ ਹੈ ਕਿ ਪਿਛਲੇ ਸਾਲ ਨਵੰਬਰ ਵਿੱਚ ਆਰੇਸੋ ਸ਼ਹਿਰ ਵਿੱਚ ਹੋਏ ਮੁਕਾਬਲੇ ਵਿੱਚ ਵੀ ਜਸ਼ਨਦੀਪ ਕੌਰ ਨੇ ਘੋੜ ਸਵਾਰੀ ਵਿੱਚ ਇਟਾਲੀਅਨ ਬੱਚਿਆਂ ਨੂੰ ਮਾਤ ਦੇ ਕੇ ਪਹਿਲਾਂ ਸਥਾਨ ਹਾਸਲ ਕੀਤਾ ਸੀ।ਜਸ਼ਨਦੀਪ ਕੌਰ ਗਿੱਲ ਦਾ ਪਿਛੋਕੜ ਪਿੰਡ ਧਮੋਟ ਕਲਾਂ ਜ਼ਿਲ੍ਹਾ ਲੁਧਿਆਣਾ ਹੈ, ਜੋ ਕਿ ਇਸ ਸਮੇਂ ਆਪਣੇ ਮਾਤਾ-ਪਿਤਾ ਸਮੇਤ ਇਟਲੀ ਦੇ ਜ਼ਿਲ੍ਹਾ ਅਸਤੀ ਦੇ ਕਸਬਾ ਮਨਕਾਲਵੋ ਵਿਖੇ ਰਹਿ ਰਹੀ ਹੈ।ਜਸ਼ਨਦੀਪ ਕੌਰ ਨੇ ਮਾਂ ਬੋਲੀ ਪੰਜਾਬੀ ਤੋਂ ਇਲਾਵਾ ਇਟਾਲੀਅਨ, ਇੰਗਲਿਸ਼, ਫਰੈਂਚ, ਸਪੈਨਿਸ਼,ਡੌਂਚ ਆਦਿ ਭਾਸ਼ਾਵਾਂ ਵਿੱਚ ਡਿਪਲੋਮਾ ਵੀ ਹਾਸਲ ਕੀਤਾ ਹੋਇਆ। ਜਸ਼ਨਦੀਪ ਕੌਰ ਗਿੱਲ ਦੀ ਖੇਡ ਖੇਤਰ ਵਿੱਚ ਇਸ ਪ੍ਰਾਪਤੀ ਮੌਕੇ ਜਿੱਥੇ ਭਾਰਤੀ ਭਾਈਚਾਰਾ ਪਰਿਵਾਰ ਨੂੰ ਵਿਸ਼ੇਸ਼ ਮੁਬਾਰਕਬਾਦ ਦੇ ਰਿਹਾ ਹੈ ਉੱਥੇ ਹੀ ਇਟਾਲੀਅਨ ਲੋਕ ਵੀ ਹੈਰਾਨ ਹੋ ਪਰਿਵਾਰ ਨੂੰ ਵਧਾਈ ਦੇ ਰਹੇ ਹਨ।ਜ਼ਿਕਰਯੋਗ ਹੈ ਕਿ ਜਸ਼ਨਦੀਪ ਕੌਰ ਗਿੱਲ ਪਹਿਲੀ ਅਜਿਹੀ ਪੰਜਾਬਣ ਹੈ ਜਿਸ ਨੇ ਅਜਿਹਾ ਮੁਕਾਮ ਹਾਸਿਲ ਕੀਤਾ ਹੈ।

ਨੋਟ- ਜਸ਼ਨਦੀਪ ਕੌਰ ਨੇ ਅੰਤਰਰਾਸ਼ਟਰੀ ਘੋੜ ਸਵਾਰੀ ਮੁਕਾਬਲੇ 'ਚ ਭਾਰਤ ਵੱਲੋਂ ਖੇਡ ਗੱਡੇ ਝੰਡੇ, ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News