ਇਟਲੀ ਤੋਂ ਭਾਰਤ ਗਏ ਸੈਂਕੜੇ ਭਾਰਤੀਆਂ ਨੂੰ ਇਟਲੀ ਦੀ ਖਤਮ ਹੁੰਦੀ ਨਿਵਾਸ ਆਗਿਆ ਨੇ ਪਾਇਆ ਡੂੰਘੇ ਫਿਕਰੀਂ

03/16/2020 3:08:35 PM

ਰੋਮ/ਇਟਲੀ(ਕੈਂਥ): ਕੋਰੋਨਾਵਾਇਰਸ ਤੋਂ ਬਚਾਅ ਲਈ ਹਰ ਦੇਸ਼ ਹੌਲੀ-ਹੌਲੀ ਆਪਣੇ ਇੱਥੇ ਵਿਦੇਸ਼ੀਆਂ ਦੀ ਆਮਦ ਉੱਪਰ ਪੂਰਨ ਪਾਬੰਦੀ ਲਗਾਉਂਦਾ ਜਾ ਰਿਹਾ ਹੈ। ਸਿਰਫ ਉਹਨਾਂ ਵਿਦੇਸ਼ੀਆਂ ਨੂੰ ਹੀ ਦੇਸ਼ ਵਿੱਚ ਦਾਖਲ ਹੋਣ ਦੀ ਇਜ਼ਾਜ਼ਤ ਦਿੱਤੀ ਜਾ ਰਹੀ ਹੈ ਜਿਹਨਾਂ ਕੋਲ ਕੋਰੋਨਾਵਾਇਰਸ ਨਾਲ ਸੰਬੰਧਤ ਮੈਡੀਕਲ ਸਰਟੀਫਿਕੇਟ ਹਨ ਪਰ ਵੱਡੀ ਮੁਸੀਬਤ ਉਹਨਾਂ ਲੋਕਾਂ ਲਈ ਬਣ ਰਹੀ ਹੈ ਜਿਹੜੇ ਕਿ ਏਅਰ ਇੰਡੀਆ, ਉਜਬੇਕਿਸਤਾਨ ਜਾਂ ਹੋਰ ਅਜਿਹੀਆਂ ਏਅਰ ਲਾਈਨਾਂ ਰਾਹੀਂ ਭਾਰਤ ਗਏ ਜਾਂ ਭਾਰਤ ਤੋਂ ਬਾਹਰ ਆਏ ਹਨ ਜਿਹਨਾਂ ਕਿ ਆਪਣੀ ਫਲਾਈਟਾਂ ਹੀ ਅਪ੍ਰੈਲ ਤੱਕ ਬੰਦ ਕਰ ਦਿੱਤੀਆਂ ਹਨ। 

ਇਹਨਾਂ ਏਅਰ ਲਾਈਨਾਂ ਵੱਲੋਂ ਯਾਤਰੀਆਂ ਨੂੰ ਨਾ ਤਾਂ ਕੋਈ ਜਵਾਬ ਦਿੱਤਾ ਜਾ ਰਿਹਾ ਹੈ ਅਤੇ ਨਾਂ ਹੀ ਉਹਨਾਂ ਲਈ ਕਿਸੇ ਹੋਰ ਏਅਰ ਲਾਈਨ ਵਿੱਚ ਭੇਜਣ ਦੀ ਹਾਮੀ ਭਰੀ ਜਾ ਰਹੀ ਹੈ।ਇਸ ਸਮੇਂ ਇਟਲੀ ਤੋਂ ਭਾਰਤ ਹਜ਼ਾਰਾਂ ਭਾਰਤੀ ਗਏ ਹਨ, ਜਿਹਨਾਂ ਦੀ ਵਾਪਸੀ ਮਾਰਚ ਵਿੱਚ ਸੀ ਪਰ ਸੰਬਧਤ ਏਅਰਲਾਈਨਾਂ ਵੱਲੋਂ ਫਲਾਈਟਾਂ ਬੰਦ ਹੋਣ ਕਾਰਨ ਜਿੱਥੇ ਸੈਂਕੜੇ ਭਾਰਤੀ ਆਪਣੇ ਇਟਲੀ ਬੈਠੇ ਪਰਿਵਾਰ ਸੰਬੰਧੀ ਗੰਭੀਰ ਚਿੰਤਾ ਵਿੱਚ ਡੁੱਬੇ ਦਿਖਾਈ ਦੇ ਰਹੇ ਹਨ ਉੱਥੇ ਸੈਂਕੜੇ ਭਾਰਤੀਆਂ ਦੀ ਇਟਲੀ ਦੀ ਨਿਵਾਸ ਆਗਆ ਵੀ ਮਾਰਚ ਵਿੱਚ ਖਤਮ ਹੋਣ ਜਾ ਰਹੀ ਹੈ। ਜੇਕਰ ਇਹ ਭਾਰਤੀ ਅੱਜ-ਕਲ੍ਹ ਵਿੱਚ ਇਟਲੀ ਵਾਪਸ ਨਹੀਂ ਪਹੁੰਚਦੇ ਤਾਂ ਉਹਨਾਂ ਦੇ ਇਟਲੀ ਦੇ ਪੇਪਰ ਖਰਾਬ ਹੋ ਸਕਦੇ ਹਨ ਜਿਸ ਨਾਲ ਅਨੇਕਾਂ ਭਾਰਤੀਆਂ ਨੂੰ ਆਪਣਾ ਭੱਵਿਖ ਕੋਰੋਨਾਵਾਇਰਸ ਦੀ ਮਾਰ ਹੇਠ ਧੁੰਦਲਾ ਨਜ਼ਰੀਂ ਆ ਰਿਹਾ ਹੈ।

ਇਟਲੀ ਤੋਂ ਭਾਰਤ ਗਏ ਇੱਕ ਪਰਿਵਾਰ ਨੇ ਫੋਨ 'ਤੇ ਦੱਸਿਆ,''ਉਹ ਜਨਵਰੀ ਅਖੀਰ ਵਿੱਚ ਕਿਸੇ ਜ਼ਰੂਰੀ ਕੰਮ ਲਈ ਭਾਰਤ ਆਏ ਸਨ ਤੇ ਉਹਨਾਂ ਪਰਿਵਾਰ ਵਿੱਚੋਂ 4 ਜੀਆਂ ਦੀ ਨਿਵਾਸ ਆਗਿਆ ਮਾਰਚ ਦੇ ਅਖੀਰ ਵਿੱਚ ਖਤਮ ਹੋ ਰਹੀ ਹੈ। ਇਸ ਦੇ ਮੱਦੇ ਨਜ਼ਰ ਹੀ ਉਹਨਾਂ ਇਟਲੀ ਵਾਪਸੀ ਲਈ ਏਅਰ ਇੰਡੀਆ ਦੀਆਂ 15 ਮਾਰਚ ਦੀਆਂ ਟਿਕਟਾਂ ਲਈਆਂ ਸਨ ਪਰ ਅਫ਼ਸੋਸ ਏਅਰ ਇੰਡੀਆ ਨੇ 13 ਮਾਰਚ ਤੋਂ ਫਲਾਈਟਾਂ ਅਚਾਨਕ ਬੰਦ ਦਿੱਤੀਆਂ ਜਿਸ ਕਾਰਨ ਪਰਿਵਾਰ ਲਈ ਮੁਸੀਬਤ ਬਣ ਗਈ ਹੈ।'' 

ਹੋਰ ਵੀ ਕਈ ਭਾਰਤੀਆਂ ਨੇ ਇਸ ਪੱਤਰਕਾਰ ਨੂੰ ਆਪਣੀ ਬੇਵੱਸੀ ਦੀ ਵਿੱਥਿਆ ਸੁਣਾਉਂਦਿਆ ਕਿਹਾ ਕਿ ਉਹ ਗਏ ਤਾਂ ਭਾਰਤ ਸੀ ਖੁਸ਼ ਰਹਿਣ ਪਰ ਇਸ ਸਮੇਂ ਉਹਨਾਂ ਦੀ ਚਿੰਤਾ ਦਾ ਕੋਈ ਠਿਕਾਣਾ ਨਹੀਂ ਕਿਉਂਕਿ ਇਟਲੀ ਜਾਣ ਵਾਲੀਆਂ ਫਲਾਈਟਾਂ ਬੰਦ ਹੋਣ ਕਾਰਨ ਉਹਨਾਂ ਨੂੰ ਆਪਣੇ ਭੱਵਿਖ ਦੀ ਡੂੰਘੀ ਚਿੰਤਾ ਲੱਗੀ ਹੋਈ ਹੈ ਕਿਉਂਕਿ ਇਟਲੀ ਦੀ ਨਿਵਾਸ ਆਗਿਆ ਦੀ ਮਿਆਦ ਰਹਿੰਦਿਆਂ ਇਟਲੀ ਦਾਖਲ ਹੋਣਾ ਅਤੀ ਜ਼ਰੂਰੀ ਹੈ।ਭਾਰਤ ਗਏ ਭਾਰਤੀ ਭਾਈਚਾਰੇ ਦੇ ਲੋਕਾਂ ਨੇ ਭਾਰਤ ਸਰਕਾਰ ਤੋਂ ਮੰਗ ਕੀਤੀ ਹੈ ਕਿ ਸਰਕਾਰ ਜਲਦ ਉਹਨਾਂ ਦੀਆਂ ਪ੍ਰੇਸ਼ਾਨੀਆਂ ਨੂੰ ਸਮਝਦੇ ਹੋਏ ਇਸ ਮਸਲੇ ਦਾ ਹੱਲ ਕਰੇ।


Vandana

Content Editor

Related News