ਇਟਲੀ ਨੇੜੇ ਸਮੁੰਦਰ ''ਚੋਂ ਕਚਰਾ ਸਾਫ ਕਰਨ ''ਚ ਮਛੇਰੇ ਬਣੇ ਸਹਿਯੋਗੀ

06/07/2019 2:49:31 PM

ਰੋਮ (ਭਾਸ਼ਾ)— ਇਟਲੀ ਵਿਚ ਸਮੁੰਦਰ ਤੋਂ ਕਚਰਾ ਸਾਫ ਕਰਨ ਲਈ ਇਕ ਨਵੀਂ ਪਹਿਲ ਕੀਤੀ ਗਈ ਹੈ। ਇਸ ਪਹਿਲ ਵਿਚ ਮਛੇਰੇ ਸਰਗਰਮ ਭੂਮਿਕਾ ਨਿਭਾ ਰਹੇ ਹਨ। ਅਸਲ ਵਿਚ ਮੱਛੀਆਂ ਫੜਨ ਗਏ ਮਛੇਰੇ ਕੂੜੇ ਨੂੰ ਪਹਿਲਾਂ ਜ਼ਮੀਨ 'ਤੇ ਨਹੀਂ ਲਿਆ ਸਕਦੇ ਸਨ ਅਤੇ ਉਸ ਨੂੰ ਸਮੁੰਦਰ ਵਿਚ ਹੀ ਸੁੱਟ ਦਿੰਦੇ ਸਨ ਪਰ ਹੁਣ ਉਹ ਅਜਿਹਾ ਨਹੀਂ ਕਰ ਰਹੇ। ਸਮੁੰਦਰ ਵਿਚ ਸਫਾਈ ਦਾ ਨਕਸ਼ਾ ਤਿਆਰ ਕਰਨ ਲਈ ਕੀਤੇ ਜਾ ਰਹੇ ਪ੍ਰਯੋਗ ਦੇ ਤਹਿਤ ਕੂੜੇ ਨੂੰ ਇਕੱਠਾ ਕਰ ਕੇ ਉਸ ਦਾ ਵਿਸ਼ਲੇਸ਼ਣ ਕੀਤਾ ਜਾ ਰਿਹਾ ਹੈ ਅਤੇ ਇਨ੍ਹਾਂ ਨੂੰ ਰੀਸਾਈਕਲ ਕੀਤਾ ਜਾ ਰਿਹਾ ਹੈ। 

ਇਸ ਪ੍ਰਾਜੈਕਟ ਨੂੰ ਚਲਾਉਣ ਵਾਲੀ 'ਕਲੀਨ ਸੀ ਲਾਈਵ' ਦੀ ਕੋਆਰਡੀਨੇਟਰ ਐਲੋਨੋਰਾ ਡੀ ਸਬਾਟਾ ਨੇ ਕਿਹਾ,''ਕਈ ਮਛੇਰੇ ਕੂੜੇ ਨੂੰ ਸਮੁੰਦਰ ਵਿਚ ਹੀ ਸੁੱਟ ਆਉਂਦੇ ਸਨ ਕਿਉਂਕਿ ਕਾਨੂੰਨ ਮੁਤਾਬਕ ਉਹ ਇਸ ਨੂੰ ਜ਼ਮੀਨ 'ਤੇ ਨਹੀਂ ਲਿਆ ਸਕਦੇ ਸਨ।'' ਉਨ੍ਹਾਂ ਨੇ ਕਿਹਾ,''ਮਛੇਰਿਆਂ ਨੂੰ ਬੰਦਰਗਾਹਾਂ 'ਤੇ ਕੂੜਾ ਲਿਆਉਣ ਦਾ ਅਧਿਕਾਰ ਨਹੀਂ ਹੈ। ਇਸ ਤਰ੍ਹਾਂ ਦੇ ਕੂੜੇ ਨੂੰ ਰੱਖਣ ਲਈ ਕੋਈ ਜਗ੍ਹਾ ਨਹੀਂ ਹੈ ਅਤੇ ਇਹ ਵੀ ਸਪੱਸ਼ਟ ਨਹੀਂ ਹੈ ਕਿ ਇਸ ਦਾ ਨਿਪਟਾਰਾ ਕਿਵੇਂ ਕੀਤਾ ਜਾਵੇ।'' ਹੁਣ ਅਜਿਹੀ ਆਸ ਕੀਤੀ ਜਾ ਰਹੀ ਹੈ ਕਿ ਸੈਨ ਬੇਨੇਡੇਟੋ ਡੇਲ ਟ੍ਰਾਂਟੋ ਦੇ ਐਡ੍ਰੀਆਟਿਕ ਰਿਸੌਰਟ ਕੋਲ ਮੱਛੀਆਂ ਫੜਨ ਵਾਲੀਆਂ ਉਨ੍ਹਾਂ ਕਰੀਬ 40 ਕਿਸ਼ਤੀਆਂ ਦੇ ਸਾਹਮਣੇ ਇਹ ਸਮੱਸਿਆ ਨਹੀਂ ਆਵੇਗੀ, ਜੋ ਇਸ ਪਹਿਲ ਵਿਚ ਹਿੱਸਾ ਲੈ ਰਹੀਆਂ ਹਨ। 

ਇਸ ਮੁਹਿੰਮ ਦੀ ਸ਼ੁਰੂਆਤ ਤੋਂ ਹੁਣ ਤੱਕ ਮਛੇਰਿਆਂ ਨੇ ਇਕ ਮਹੀਨੇ ਵਿਚ ਪ੍ਰਤੀ ਹਫਤੇ ਕਰੀਬ ਇਕ ਟਨ ਕੂੜਾ ਇਕੱਠਾ ਕੀਤਾ, ਜਿਸ ਵਿਚ 60 ਫੀਸਦੀ ਪਲਾਸਟਿਕ ਹੈ। ਇਸ ਵਿਚ ਕੁਝ ਨੂੰ ਰੀਸਾਈਕਲ ਕੀਤਾ ਗਿਆ, ਕੁਝ ਦਾ ਘਰੇਲੂ ਜਾਂ ਉਦਯੋਗਿਕ ਕੂੜੇ ਨਾਲ ਨਿਪਟਾਰਾ ਕੀਤਾ ਗਿਆ ਪਰ ਸਮੁੰਦਰ ਵਿਚ ਕੂੜ ਵਾਪਸ ਨਹੀਂ ਸੁੱਟਿਆ ਗਿਆ। ਇਹ ਪ੍ਰਾਜੈਕਟ 'ਵਿਸ਼ਵ ਮਹਾਸਾਗਰ ਦਿਵਸ' ਤੋਂ ਇਕ ਦਿਨ ਪਹਿਲਾਂ 7 ਜੂਨ ਨੂੰ ਖਤਮ ਹੋਣਾ ਸੀ ਪਰ ਹੁਣ ਇਸ ਦੀ ਮਿਆਦ ਵਧਾ ਦਿੱਤੀ ਗਈ ਹੈ। ਆਯੋਜਕਾਂ ਨੂੰ ਆਸ ਹੈ ਕਿ ਇਸ ਨਾਲ ਕੂੜਾ ਪ੍ਰਬੰਧਨ ਦੇ ਸਬੰਧ ਵਿਚ ਹੱਲ ਮਿਲੇਗਾ ਅਤੇ ਇਸ ਨੂੰ ਪੂਰੇ ਇਟਲੀ ਅਤੇ ਇਸ ਤੋਂ ਵੀ ਅੱਗੇ ਵਧਾਇਆ ਜਾ ਸਕਦਾ ਹੈ।

62 ਸਾਲਾ ਮਛੇਰੇ ਕਲਾਡੀਆ ਉਰੀਯਾਨੀ ਨੇ ਕਿਹਾ ਕਿ ਸਭ ਤੋਂ ਜ਼ਿਆਦਾ ਕੂੜਾ ਪਲਾਸਟਿਕ ਹੁੰਦਾ ਸੀ। ਉਨ੍ਹਾਂ ਨੇ ਕਿਹਾ,''ਜੇਕਰ ਮੱਛੀ ਪਲਾਸਟਿਕ ਖਾ ਲਵੇ ਤਾਂ ਉਹ ਬੀਮਾਰ ਪੈ ਜਾਂਦੀ ਹੈ ਅਤੇ ਇਸ ਨਾਲ ਅਸੀਂ ਵੀ ਬੀਮਾਰ ਪੈ ਸਕਦੇ ਹਾਂ।''


Vandana

Content Editor

Related News