ਇਟਲੀ ਦੇ ਨਾਪੋਲੀ ਇਲਾਕੇ ''ਚ ਚਾਈਨਾ ਵਾਲੇ ਨਕਲੀ ਮਾਸਕਾਂ ਦਾ ਧੰਦਾ ਜ਼ੋਰਾਂ ‘ਤੇ

05/05/2020 3:45:17 PM

ਰੋਮ (ਦਲਵੀਰ ਕੈਂਥ): ਦੁਨੀਆ ਵਿੱਚ ਕੋਵਿਡ-19 ਕਾਰਨ ਹੋਈ ਤਬਾਹੀ ਨੇ ਲੋਕਾਂ ਦੀ ਸੁੱਧ-ਬੁੱਧ ਭੁਲਾ ਦਿੱਤੀ ਹੈ।ਹਰ ਦੇਸ਼ ਦੀਆਂ ਸਰਕਾਰਾਂ ਨੂੰ ਕੋਵਿਡ-19 ਨੇ ਅਜਿਹਾ ਉਲਝਾਅ ਰੱਖਿਆ ਹੈ ਕਿ ਉਹ ਦਿਨ-ਰਾਤ ਹੀ ਕੋਵਿਡ-19 ਨੂੰ ਖਤਮ ਕਰਨ ਲਈ ਵਿਉਂਤਾਂ ਬਣਾਉਂਦੇ ਹਨ ।ਕੋਈ ਵੈਕਸੀਨੇਸ਼ਨ ਨਾ ਹੋਣ ਕਾਰਨ ਵਿਸ਼ਵ ਸਿਹਤ ਸੰਗਠਨ ਵੱਲੋਂ ਲੋਕਾਂ ਨੂੰ ਕੋਵਿਡ-19 ਤੋਂ ਬਚਣ ਲਈ ਵਾਰ-ਵਾਰ ਹੱਥ ਧੋਣ ਅਤੇ ਮਾਸਕ ਲਗਾ ਕੇ ਰੱਖਣ ਦੀ ਸਲਾਹ ਦਿੱਤੀ ਜਾ ਰਹੀ ਹੈ ਤਾਂ ਕਈ ਦੇਸ਼ਾਂ ਨੇ ਆਪਣੇ ਨਾਗਰਿਕਾਂ ਨੂੰ ਮਾਸਕ ਪਾਉਣਾ ਲਾਜ਼ਮੀ ਕਰ ਦਿੱਤਾ ਹੈ। ਇਟਲੀ ਵੀ ਉਹਨਾਂ ਵਿੱਚ ਇੱਕ ਹੈ ਪਰ ਹੈਰਾਨੀ ਦੀ ਗੱਲ ਇਹ ਹੈ ਏਸ਼ੀਆ ਦੇ ਕਈ ਦੇਸ਼ਾਂ ਵਿੱਚ ਮਾਸਕ ਜਾਂ ਕੋਵਿਡ-19 ਨਾਲ ਸੰਬਧਤ ਦਵਾਈਆਂ ਦਾ ਸ਼ੁੱਧਤਾ ਦੀ ਕਸੌਟੀ ਉਪੱਰ ਖਰਾ ਨਾ ਉਤਰਨਾ ਆਮ ਜਿਹੀ ਗੱਲ ਹੋ ਸਕਦੀ ਹੈ ਕਿਉਂਕਿ ਇਹਨਾਂ ਦੇਸ਼ਾਂ ਨੂੰ ਚਲਾਉਣ ਵਾਲੇ ਕਈ ਸਿਆਸਤਦਾਨ ਹੀ ਨਕਲੀ ਸਮਾਨ ਵੇਚਣ ਵਾਲੇ ਧੰਦੇ ਵਿੱਚ ਚਿੱਕੜ-ਮਲੀਨ ਹਨ ਪਰ ਜੇਕਰ ਯੂਰਪ ਜਾਂ ਹੋਰ ਵਿਕਾਸ਼ਸੀਲ ਦੇਸ਼ਾਂ ਵਿੱਚ ਵੀ ਨਕਲੀ ਮਾਸਕ ਜਾਂ ਦਵਾਈਆਂ ਮਿਲਦੀਆਂ ਹਨ ਤਾਂ ਇਹ ਇੱਕ ਬਹੁਤ ਵੱਡਾ ਸਵਾਲੀਆ ਚਿੰਨ ਬਣਦਾ ਜਾ ਰਿਹਾ ਹੈ।

ਇੰਗਲੈਂਡ ਸਮੇਤ ਯੂਰਪ ਦੇ ਕਈ ਦੇਸ਼ਾਂ ਵਿੱਚ ਨਕਲੀ ਮਾਸਕਾਂ ਜਾਂ ਐਂਟੀ ਕੋਵਿਡ-19 ਨਕਲੀ ਦਵਾਈਆਂ ਦੁਆਰਾ ਲੋਕਾਂ ਦੀ ਜਾਨ ਨਾਲ ਵੱਡਾ ਖਿਲਵਾੜ ਹੋ ਰਿਹਾ ਹੈ।ਜਿਸ ਦੀ ਪੁਸ਼ਟੀ ਸਥਾਨਕ ਪੁਲਸ ਵੱਲੋਂ ਧੜਾਧੜ ਨਕਲੀ ਮਾਸਕ ਜਾਂ ਦਵਾਈਆਂ ਨੂੰ ਫੜ੍ਹ ਕੇ ਕੀਤੀ ਜਾ ਰਹੀ ਹੈ। ਇਟਲੀ ਵਿੱਚ ਵੀ ਬੀਤੇ ਦਿਨ ਮਾਫ਼ੀਏ ਦਾ ਗੜ੍ਹ ਮੰਨੇ ਜਾਂਦੇ ਇਲਾਕੇ ਨਾਪੋਲੀ ਵਿਖੇ ਪੋਂਟੀਚੈਲੀ ਦੀ ਗੁਆਰਦਾ ਦ ਫਿਨੈਂਸਾ (ਪੁਲਸ) ਨੇ ਚਾਈਨੀ ਨਕਲੀ 24000 ਮਾਸਕ ਜਿਹਨਾਂ ਉਪੱਰ ਨਕਲੀ ਸੀ ਈ ਦਾ ਮਾਰਕਾ ਲੱਗਾ ਸੀ ਅਤੇ ਨਾਲ ਹੀ ਐਂਟੀ-ਕੋਵਿਡ-19 ਨਕਲੀ ਚਾਈਨੀ ਦਵਾਈਆਂ ਦੇ 5000 ਪੈਕਟ ਫੜ੍ਹੇ ਜਿਹੜੇ ਕਿ ਪਾਲਮਾ ਕੰਪਾਨੀਆ ਦੀ ਕਿਸੇ ਨਜ਼ਾਇਜ ਫੈਕਟਰੀ ਵਿੱਚੋ ਬਰਾਮਦ ਕੀਤੇ ਗਏ ਹਨ।

ਨਾਪੋਲੀ ਦੇ ਪੁਰਬ ਵਿੱਚ ਸਥਿਤ ਇਸ ਫੈਕਟਰੀ ਵਿੱਚੋਂ 8000 ਮਾਸਕ ਬਿਨ੍ਹਾਂ ਸੀ ਈ ਦੇ ਮਾਰਕੇ ਦੇ ਵੀ ਪੁਲਸ ਨੇ ਜ਼ਬਤ ਕੀਤੇ ਹਨ।ਪੁਲਸ ਨੇ ਸੰਬਧਤ ਦੋਸ਼ੀ ਖਿਲਾਫ਼ ਕੇਸ ਦਰਜ਼ ਕਰਕੇ ਜਾਂਚ ਸੁਰੂ ਕਰ ਦਿੱਤੀ ਹੈ।ਇੱਕ ਹੋਰ ਕੇਸ ਵਿੱਚ ਪੁਲਸ ਨੇ 12 ਅਜਿਹੇ ਬੰਗਲਾਦੇਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਜਿਹੜੇ ਕਿ ਨਾਪੋਲੀ ਇਲਾਕੇ ਵਿੱਚ ਹੀ ਸਰਜੀਕਲ ਮਾਸਕ ਤਿਆਰ ਕਰਦੇ ਸਨ ।ਇਹਨਾਂ ਕਾਮਿਆਂ ਵਿੱਚ ਕੋਵਿਡ-19 ਤੋਂ ਬਚਣ ਲਈ ਕੋਈ ਸਾਵਧਾਨੀ ਨਹੀਂ ਵਰਤੀ ਗਈ ਅਤੇ ਨਹੀਂ ਇਹਨਾਂ ਦਸਤਾਨੇ ਪਾਕੇ ਮਾਸਕ ਬਣਾਉਣ ਦਾ ਕੰਮ ਕੀਤਾ।ਇਸ ਗੋਰਖ ਧੰਦੇ ਦਾ ਮਾਲਕ ਵੀ ਬੰਗਲਾਦੇਸ਼ੀ ਹੀ ਹੈ ਜਿਸ ਨੂੰ ਪੁਲਸ ਨੇ 3000 ਯੂਰੋ ਦਾ ਜ਼ੁਰਮਾਨਾ ਕੀਤਾ।

ਪੜ੍ਹੋ ਇਹ ਅਹਿਮ ਖਬਰ- ਇਟਲੀ 'ਚ ਮ੍ਰਿਤਕਾਂ ਦੀ ਗਿਣਤੀ 29 ਹਜ਼ਾਰ ਦੇ ਪਾਰ, 44 ਲੱਖ ਲੋਕ ਕੰਮ 'ਤੇ ਪਰਤੇ

ਇੱਕ ਹੋਰ ਕੇਸ ਵਿੱਚ ਇਲਾਕੇ ਦੇ ਜ਼ਿਲ੍ਹਾ ਕਸ਼ੇਰਤਾ ਵਿੱਚ ਵੇਚੇ ਜਾਣ ਵਾਲੇ 22600 ਮਾਸਕ ਸਥਾਨਕ ਪੁਲਸ ਨੇ ਜਬਤ ਕੀਤੇ ਹਨ । ਜ਼ਿਕਰਯੋਗ ਹੈ ਕਿ ਇਸ ਇਲਾਕੇ ਵਿੱਚ ਲਾਕਡਾਊਨ ਸੁਰੂ ਹੋਣ ਤੋਂ ਹੁਣ ਤੱਕ ਲੱਖਾਂ ਨਕਲੀ ਮਾਸਕ ਪੁਲਸ ਦੁਆਰਾ ਜ਼ਬਤ ਕੀਤੇ ਜਾ ਚੁੱਕੇ ਹਨ ਜਿਹੜੇ ਕਿ ਵਧੇਰੇ ਚਾਈਨਾ ਤੋਂ ਹੀ ਆਏ ਹਨ।ਪੁਲਸ ਨੇ ਇਸ ਇਲਾਕੇ ਵਿੱਚ 41 ਦਵਾਈਆਂ ਦੀਆਂ ਦੁਕਾਨਾਂ ਨੂੰ ਮਾਸਕ ਵੇਚਣ ਲਈ ਮਾਨਤਾ ਦਿੱਤੀ ਸੀ ਜਿਹਨਾਂ ਵਿੱਚੋਂ 27 ਦੁਕਾਨਾਂ ਉਪੱਰ ਕੇਸ ਦਰਜ ਹੋ ਚੁੱਕੇ ਹਨ।ਜ਼ਿਕਰਯੋਗ ਹੈ ਕਿ ਯੂਰਪ ਭਰ ਵਿੱਚ ਜਿਹੜਾ ਵੀ ਖਾਣ-ਪੀਣ, ਦਵਾਈਆਂ ਜਾਂ ਕੋਈ ਹੋਰ ਸਮਾਨ ਵਿਕਦਾ ਹੈ ਉਸ ਉਪੱਰ ਸੀ,ਈ ਮਾਰਕਾ ਲੱਗਾ ਹੁੰਦਾ ਹੈ ਜਿਹੜਾ ਕਿ ਇਸ ਗੱਲ ਨੂੰ ਪ੍ਰਮਾਣਿਤ ਕਰਦਾ ਹੈ ਕਿ ਸਮਾਨ ਸਿਹਤ, ਸੁਰੱਖਿਆ ਅਤੇ ਵਾਤਾਵਰਣ ਦੇ ਮਾਪਦੰਡਾਂ ਅਨੁਸਾਰ ਠੀਕ ਹੈ ਪਰ ਅਪਰਾਧਿਕ ਬਿਰਤੀ ਵਾਲੇ ਲੋਕ ਜਾਣ-ਬੁੱਝ ਕੇ ਇਸ ਮਾਰਕੇ ਦੀ ਨਕਲ ਵਾਲਾ ਸਮਾਨ ਵੇਚਕੇ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰ ਰਹੇ ਹਨ ਜਿਹੜਾ ਕਿ ਇੱਕ ਵੱਡਾ ਅਪਰਾਧ ਹੈ। ਅਜਿਹੇ ਸਮਾਜ ਵਿਰੋਧੀ ਅਨਸਰਾਂ ਨੂੰ ਨੱਥ ਪਾਉਣ ਲਈ ਇਟਲੀ ਪੁਲਸ ਦਿਨ-ਰਾਤ ਯਤਨਸ਼ੀਲ ਹੈ ਜੋ ਕਿ ਬਹੁਤ ਹੀ ਸ਼ਲਾਘਾਯੋਗ ਕਾਰਜ ਹੈ।
 


Vandana

Content Editor

Related News