ਇਟਲੀ ''ਚ ਕੋਰੋਨਾ ਨੇ ਪਹਿਲਾਂ ਜਨ-ਜੀਵਨ ਤੇ ਹੁਣ ਬੱਚਿਆਂ ਦੀ ਜਨਮ ਦਰ ਨੂੰ ਵੀ ਲਾਇਆ ਖੋਰਾ

Saturday, Mar 27, 2021 - 05:02 PM (IST)

ਇਟਲੀ ''ਚ ਕੋਰੋਨਾ ਨੇ ਪਹਿਲਾਂ ਜਨ-ਜੀਵਨ ਤੇ ਹੁਣ ਬੱਚਿਆਂ ਦੀ ਜਨਮ ਦਰ ਨੂੰ ਵੀ ਲਾਇਆ ਖੋਰਾ

ਰੋਮ (ਦਲਵੀਰ ਕੈਂਥ) - ਦੁਨੀਆ ਦਾ ਸ਼ਾਇਦ ਕੋਈ ਅਜਿਹਾ ਦੇਸ਼ ਹੋਵੇ ਜਿਹੜਾ ਕਿ ਕੋਵਿਡ -19 ਨੂੰ ਪਿੰਡੇ ਹੰਢਾਉਣ ਤੋਂ ਬਚ  ਸਕਿਆ ਹੋਵੇ। ਕੋਰੋਨਾ ਵਾਇਰਸ ਦੇ ਪ੍ਰਭਾਵ ਨਾਲ ਜਿੱਥੇ ਲੋਕਾਂ ਲੋਕਾਂ ਨੂੰ ਆਰਥਿਕ ਤੰਗੀ ਦਾ ਸਾਹਮਣਾ ਕਰਨਾ ਪਿਆ ਹੈ। ਉੱਥੇ ਹੀ ਇਸ ਮਹਾਮਾਰੀ ਨਾਲ ਪ੍ਰਭਾਵਿਤ ਹੋ ਕੇ ਮਰਨ ਵਾਲਿਆਂ ਦੀ ਗਿਣਤੀ ਵੀ ਕਾਫੀ ਵਧ ਰਹੀ। ਇਟਲੀ 2020 ਵਿਚ ਜੋ ਕੋਰੋਨਾ ਵਾਇਰਸ ਨਾਲ ਬਹੁਤ ਜ਼ਿਆਦਾ ਪ੍ਰਭਾਵਿਤ ਰਿਹਾ, ਉੱਥੇ ਹੀ ਇਸ ਦੌਰਾਨ ਕਾਫ਼ੀ ਨਵੇਂ ਤੱਥ ਸਾਹਮਣੇ ਆਏ ਹਨ।

ਸਾਲ 2020 ਵਿੱਚ ਇਟਲੀ ਦੀ ਜਨਸੰਖਿਆ ਵਿਚ ਪਿਛਲੇ ਸਾਲ ਨਾਲੋਂ ਕਾਫੀ ਗਿਰਾਵਟ ਦੇਖਣ ਨੂੰ ਮਿਲੀ ਹੈ। ਇਟਲੀ ਦੀ ਰਾਸ਼ਟਰੀ ਅੰਕੜਾ ਏਜੰਸੀ ਇਸਤਾਤ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਪਿਛਲੇ ਸਾਲ ਦੀ ਸ਼ੁਰੂਆਤ ਦੇ ਸਬੰਧ ਵਿੱਚ ਇਟਲੀ ਦੀ ਆਬਾਦੀ 31 ਦਸੰਬਰ, 2020 ਨੂੰ ਲਗਭਗ 384,000 ਘੱਟ ਸੀ। ਘਟੀ ਜਨਮ-ਦਰ ਦੀ ਇਸ ਤਦਾਦ ਨਾਲ ਇਟਲੀ ਦੇ ਵੱਡੇ ਸ਼ਹਿਰ ਫਰੈਂਸੇ ਵਰਗੇ ਨੂੰ ਵਸਾਇਆ ਜਾ ਸਕਦਾ ਹੈ। ਰਾਸ਼ਟਰੀ ਅੰਕੜਾ ਏਜੰਸੀ ਨੇ ਕਿਹਾ ਕਿ ਕੋਵਿਡ -19 ਮਹਾਮਾਰੀ ਦੇ ਪ੍ਰਭਾਵਾਂ ਨੇ 2015 ਤੋਂ ਬਾਅਦ ਇਟਲੀ ਦੀ ਆਬਾਦੀ ਦੇ ਘੱਟ ਰਹੇ ਰੁਝਾਨ ਨੂੰ ਹੋਰ ਵਧਾ ਦਿੱਤਾ ਹੈ।

ਇਸਤਾਤ ਨੇ ਦੱਸਿਆ ਕਿ ਇਟਲੀ ਵਿਚ ਪਿਛਲੇ ਸਾਲ ਜਨਮ ਦਰ ਏਕੀਕਰਨ ਤੋਂ ਬਾਅਦ ਸਭ ਤੋਂ ਘੱਟ ਰਿਕਾਰਡ ਦਰਜ ਹੋਈ ਹੈ ਅਤੇ ਦੂਜੇ ਵਿਸ਼ਵ ਯੁੱਧ ਤੋਂ ਬਾਅਦ 2020 ਵਿੱਚ ਸਭ ਤੋਂ ਵੱਧ ਮੌਤਾਂ ਹੋਈਆਂ ਹਨ। ਇਸ ਵਿਚ ਕਿਹਾ ਗਿਆ ਹੈ ਕਿ ਪਿਛਲੇ ਸਾਲ 404,104 ਜਨਮ ਰਜਿਸਟਰ ਕੀਤੇ ਗਏ ਸਨ, ਜੋ ਕਿ ਸਾਲ 2019 ਤੋਂ ਲਗਭਗ 16,000 ਘੱਟ ਹਨ। ਇਸਤਾਤ ਵੱਲੋਂ ਇਹ ਵੀ ਕਿਹਾ ਗਿਆ ਹੈ ਕਿ 2020 ਵਿਚ 746,146 ਮੌਤਾਂ ਰਜਿਸਟਰ ਹੋਈਆਂ, ਜੋ ਕਿ 2019 ਨਾਲੋਂ ਤਕਰੀਬਨ 112,000 ਵਧੇਰੇ ਹਨ, ਜੋ ਕਿ ਪਿਛਲੇ ਸਾਲ ਦੇ ਮੁਕਾਬਲੇ 17.6% ਵੱਧ ਹਨ।

ਇੱਥੇ ਇਹ ਵੀ ਜ਼ਿਕਰਯੋਗ ਹੈ ਇਟਲੀ ਵਿੱਚ ਕੋਵਿਡ -19 ਜਿੱਥੇ ਲੋਕਾਂ ਦਾ ਜਾਨੀ ਤੇ ਮਾਲੀ ਪੱਧਰ 'ਤੇ ਵੱਡਾ ਨੁਕਸਾਨ ਕਰ ਰਿਹਾ ਹੈ, ਉੱਥੇ ਹੀ ਕੋਵਿਡ-19 ਲੋਕਾਂ ਦੇ ਵਿਆਹੁਤਾ ਜੀਵਨ ਵਿੱਚ ਖਟਾਸ ਪੈਦਾ ਕਰਨ ਵਿੱਚ ਅਹਿਮ ਭੂਮਿਕਾ ਨਿਭਾਅ ਰਿਹਾ ਹੈ। ਉਂਝ ਪਿਛਲੇ ਤਿੰਨ ਦਹਾਕਿਆਂ ਤੋਂ ਪਹਿਲਾਂ ਹੀ ਨੌਜਵਾਨ ਪੀੜ੍ਹੀ ਵਿੱਚ ਵਿਆਹ ਕਰਵਾਉਣ ਦਾ ਰੁਝਾਨ ਘੱਟਦਾ ਜਾ ਰਿਹਾ ਹੈ। ਇਹਨਾਂ ਸਭ ਦੇ ਚੱਲਦਿਆਂ ਇਟਲੀ ਵਿੱਚ ਬੱਚਿਆਂ ਦੀ ਜਨਮ ਦਰ ਘਟਦੀ ਜਾ ਰਹੀ ਹੈ। ਜੇਕਰ ਕੋਵਿਡ-19 ਨੂੰ ਜਲਦ ਮੁਕੰਮਲ ਨੱਥ ਨਾ ਪੈ ਸਕੀ ਤਾਂ ਇਸ ਦੇ ਨਤੀਜੇ ਇਟਲੀ ਵਿੱਚ ਲੋਕਾਂ ਦੇ ਜਨ-ਜੀਵਨ ਨੂੰ ਹੋਰ ਵੀ ਪੇਚੀਦਾ ਢੰਗ ਨਾਲ ਪ੍ਰਭਾਵਿਤ ਕਰ ਸਕਦੇ ਹਨ ।
 


author

cherry

Content Editor

Related News