ਇਟਲੀ : ਪੰਜਾਬੀਆਂ ਦੇ ਪਿੰਡ ਬੇਲਾ ਫਾਰਨੀਆ ''ਚ ਸਰਬੱਤ ਦੇ ਭਲੇ ਦੀ ਅਰਦਾਸ ਲਈ ਸਮਾਗਮ ਦਾ ਆਯੋਜਨ
Tuesday, Oct 14, 2025 - 04:15 PM (IST)

ਮਿਲਾਨ/ਇਟਲੀ (ਸਾਬੀ ਚੀਨੀਆ)- ਇਟਲੀ ਦੇ ਸ਼ਹਿਰ ਸਬੋਧੀਆ ਦੇ ਨਾਲ ਵਸਦੇ ਕਸਬਾ ਬੇਲਾ ਫਾਰਨੀਆ ਵਿਖੇ (ਜਿਸ ਨੂੰ ਮਿੰਨੀ ਪੰਜਾਬ ਜਾਂ ਪੰਜਾਬੀਆਂ ਦਾ ਪਿੰਡ ਕਰਕੇ ਵੀ ਜਾਣਿਆ ਜਾਂਦਾ ਹੈ) ਸਰਬੱਤ ਦੇ ਭਲੇ ਦੀ ਅਰਦਾਸ ਲਈ ਸਮਾਗਮ ਦਾ ਆਯੋਜਨ ਕੀਤਾ ਗਿਆ। ਦੱਸਣਯੋਗ ਹੈ ਕਿ ਪਿਛਲੇ ਕੁਝ ਸਾਲਾਂ ਤੋਂ ਨੌਜਵਾਨਾਂ ਵੱਲੋਂ ਨਗਰ ਖੇੜੇ ਦੀ ਚੜ੍ਹਦੀ ਕਲਾ ਦੇ ਲਈ ਹਰ ਸਾਲ ਆਖੰਡ ਪਾਠ ਸਾਹਿਬ ਕਰਵਾ ਕੇ ਲੰਗਰ ਲਾਏ ਜਾਂਦੇ ਹਨ। ਨੌਜਵਾਨਾਂ ਵੱਲੋਂ ਲਗਭਗ 15 ਦਿਨ ਪਹਿਲਾਂ ਇਸ ਪਿੰਡ ਦੀ ਸਫਾਈ ਦੀ ਸੇਵਾ ਆਰੰਭ ਕੀਤੀ ਜਾਂਦੀ ਹੈ ਅਤੇ ਫਿਰ ਸ੍ਰੀ ਆਖੰਡ ਪਾਠ ਸਾਹਿਬ ਆਰੰਭ ਕਰਵਾ ਕੇ 3 ਦਿਨ ਜਿਸ ਤਰ੍ਹਾਂ ਪੰਜਾਬ ਦੇ ਕਈ ਪਿੰਡਾਂ ਵਿੱਚ ਲੰਗਰ ਪ੍ਰਸ਼ਾਦਾ ਵਰਤਾਇਆ ਜਾਂਦਾ ਹੈ ਉਸੇ ਹੀ ਤਰ੍ਹਾਂ ਸਾਰਾ ਪਿੰਡ ਇਕੱਠਾ ਹੋ ਕੇ ਗੁਰੂ ਕਾ ਲੰਗਰ ਪਕਾਉਂਦਾ ਤੇ ਛਕਾਉਂਦਾ ਹੈ। ਫਿਰ ਭੋਗ ਉਪਰੰਤ ਖੁੱਲੇ ਦੀਵਾਨ ਸਜਾਏ ਜਾਂਦੇ ਹਨ।
ਗੁਰਦੁਆਰਾ ਸਿੰਘ ਸਭਾ ਸਬੋਧੀਆ ਦੇ ਗ੍ਰੰਥੀ ਸਿੰਘ ਵੱਲੋਂ ਸਮਾਪਤੀ ਅਰਦਾਸ ਉਪਰੰਤ ਭਾਈ ਸਰਬਜੀਤ ਸਿੰਘ ਮਾਣਕਪੁਰੀ ਅਤੇ ਉਹਨਾਂ ਦੇ ਸਾਥੀਆਂ ਦੁਆਰਾ ਸੰਗਤਾਂ ਨੂੰ ਸਿੱਖ ਇਤਿਹਾਸ ਸਰਵਣ ਕਰਵਾਉਂਦਿਆਂ ਹੋਇਆ ਪ੍ਰਬੰਧਕ ਕਮੇਟੀ ਦੇ ਉਪਰਾਲੇ ਦੀ ਸ਼ਲਾਘਾ ਕੀਤੀ ਗਈ। ਉਨ੍ਹਾਂ ਵੱਲੋਂ ਵਿਦੇਸ਼ਾਂ ਵਿੱਚ ਰਹਿੰਦੇ ਹੋਏ ਵੀ ਪੰਜਾਬ ਦੇ ਪਿੰਡਾਂ ਵਾਂਗ ਲੰਗਰ ਲਗਾ ਕੇ ਸਭ ਦੀ ਚੜ੍ਹਦੀ ਕਲਾ ਅਤੇ ਭਲੇ ਲਈ ਅਰਦਾਸ ਬੇਨਤੀ ਕੀਤੀ ਗਈ। ਇਸ ਮੌਕੇ 'ਤੇ ਗੁਰਦੁਆਰਾ ਸਿੰਘ ਸਭਾ ਸਬੋਧੀਆ ਦੇ ਮੁੱਖ ਸੇਵਾਦਾਰ ਬੀਬੀ ਇੰਦਰਜੀਤ ਕੌਰ ਢਿੱਲੋਂ ਵੱਲੋਂ ਆਈਆਂ ਹੋਈਆਂ ਸੰਗਤਾਂ ਅਤੇ ਸੇਵਾਦਾਰਾਂ ਦਾ ਧੰਨਵਾਦ ਕੀਤਾ ਗਿਆ। ਪ੍ਰਬੰਧਕਾਂ ਵੱਲੋਂ ਆਏ ਹੋਏ ਜਥਿਆਂ ਦਾ ਵਿਸ਼ੇਸ਼ ਤੌਰ 'ਤੇ ਸਨਮਾਨ ਕੀਤਾ ਗਿਆ।