ਇਟਲੀ : ਬੈਂਕ ਦਾ ATM ਲੁੱਟਣ ਆਏ ਲੁਟੇਰਿਆਂ ਨੇ ਪੁਲਸ ਮੁਲਾਜ਼ਮ ਨੂੰ ਉਤਾਰਿਆ ਮੌਤ ਦੇ ਘਾਟ
Tuesday, Apr 28, 2020 - 12:26 PM (IST)
ਰੋਮ,(ਕੈਂਥ)- ਇਟਲੀ ਨੂੰ ਇੱਕ ਪਾਸੇ ਕੋਵਿਡ-19 ਨੇ ਝੰਬਿਆ ਹੋਇਆ ਹੈ, ਦੂਜੇ ਪਾਸੇ ਉਹ ਲੋਕ ਵੀ ਦੇਸ਼ ਦੇ ਪ੍ਰਸ਼ਾਸਨਿਕ ਢਾਂਚੇ ਨੂੰ ਖਤਮ ਕਰਨ ਵਿੱਚ ਕੋਈ ਕਸਰ ਨਹੀਂ ਛੱਡ ਰਹੇ ਜਿਨ੍ਹਾਂ ਦਾ ਕੰਮ ਹੀ ਅਪਰਾਧ ਕਰਨਾ ਹੈ। ਦੇਸ਼ ਵਿੱਚ ਲਾਕਡਾਊਨ ਦੇ ਚੱਲਦਿਆਂ ਕੰਪਾਨੀਆਂ ਸੂਬੇ ਦਾ ਇਲਾਕਾ ਨਾਪੋਲੀ ਨਸ਼ਾ ਤਸਕਰੀ ਤੇ ਮਾਫ਼ੀਦਾਰ ਕਾਰਨ ਬਦਨਾਮ ਹੈ। ਇਸ ਦੇ ਦੱਖਣੀ ਇਟਲੀ ਬੰਦਰਗਾਹ ਸਥਿਤ ਜ਼ਿਲ੍ਹਾ ਸੈਕਿੰਡੀਜਲਿਆਨੋ ਵਿਖੇ 4 ਲੁਟੇਰਿਆਂ ਨੇ ਇੱਕ ਬੈਂਕ ਦੇ ਏ. ਟੀ. ਐਮ. ਨੂੰ ਲੁੱਟਣ ਦੀ ਕੋਸ਼ਿਸ਼ ਕਰਦਿਆਂ ਇੱਕ ਪੁਲਸ ਵਾਲੇ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਹੈ।
ਮਿਲੀ ਜਾਣਕਾਰੀ ਮੁਤਾਬਕ ਤੜਕਸਾਰ 4 ਲੁਟੇਰਿਆਂ ਨੇ ਨਾਪੋਲੀ ਇਲਾਕੇ ਵਿੱਚ ਸਥਿਤ ਖੇਤੀਬਾੜੀ ਨਾਲ ਸੰਬਧਤ ਬੈਂਕ "ਬੰਕਾ ਦੀ ਕਰੋਦੀਤੋ ਐਗਰੀਕੋਲਾ" ਦੇ ਏ. ਟੀ. ਐਮ. ਨੂੰ ਲੁੱਟਣ ਦੀ ਕੋਸ਼ਿਸ਼ ਕੀਤੀ ਪਰ ਇਸ ਦੌਰਾਨ ਸਥਾਨਕ ਪੁਲਸ ਆ ਗਈ ਤੇ ਲੁਟੇਰਿਆਂ ਨੇ ਘਟਨਾ ਸਥਲ ਤੋਂ ਗੱਡੀ ਵਿੱਚ ਦੌੜਨ ਦੀ ਕੋਸ਼ਿਸ਼ ਕੀਤੀ । ਇਸ ਤੋਂ ਪਹਿਲਾਂ ਕਿ ਉਹ ਪੁਲਸ ਦੇ ਹੱਥ ਚੜ੍ਹਦੇ ਉਨ੍ਹਾਂ ਨੇ ਇੱਕ ਸਾਹਮਣੇ ਤੋਂ ਆ ਰਹੀ ਪੁਲਸ ਦੀ ਗੱਡੀ ਨੂੰ ਸਿੱਧੀ ਟੱਕਰ ਮਾਰ ਦਿੱਤੀ ਜਿਸ ਕਾਰਨ ਇੱਕ ਪੁਲਸ ਜਵਾਨ ਦੀ ਘਟਨਾ ਸਥਲ ’ਤੇ ਹੀ ਮੌਤ ਹੋ ਗਈ ਜਦੋਂ ਕਿ ਇੱਕ ਹੋਰ ਮੁਲਾਜ਼ਮ ਗੰਭੀਰ ਜ਼ਖ਼ਮੀ ਹੋ ਗਿਆ। ਇਸ ਟੱਕਰ ਵਿੱਚ ਦੋ ਲੁਟੇਰੇ ਵੀ ਗੰਭੀਰ ਜਖ਼ਮੀ ਹੋਏ ਜਦੋਂ ਕਿ ਦੋ ਲੁਟੇਰੇ ਭੱਜਣ ਵਿੱਚ ਕਾਮਯਾਬ ਹੋ ਗਏ। ਘਟਨਾ ਵਿੱਚ ਮਾਰਿਆ ਗਿਆ ਪੁਲਸ ਨੌਜਵਾਨ ਪਾਸਕੁਆਲੇ ਅਪੀਚੇਲਾ (37) ਸੰਨ 2014 ਨੂੰ ਇਟਲੀ ਦੀ ਪੁਲਸ "ਪੁਲਸੀਆ"ਵਿੱਚ ਭਰਤੀ ਹੋਇਆ ਸੀ ਜਿਹੜੇ ਕਿ ਆਪਣੇ ਪਿੱਛੇ ਵਿਧਵਾ ਪਤਨੀ ਤੋਂ ਇਲਾਵਾ ਦੋ ਛੋਟੇ-ਛੋਟੇ ਬੱਚਿਆਂ ਨੂੰ ਰੋਂਦਿਆਂ-ਕੁਰਲਾਉਂਦਿਆਂ ਛੱਡ ਗਿਆ ਹੈ।
ਇਟਲੀ ਪੁਲਸ ਸਾਰੇ ਮਾਮਲੇ ਦੀ ਜਾਂਚ ਕਰ ਰਹੀ ਹੈ। ਜ਼ਿਕਰਯੋਗ ਹੈ ਕਿ ਨਾਪੋਲੀ ਦਾ ਮਾਫ਼ੀਆ ਸਾਰੀ ਦੁਨੀਆ ਵਿੱਚ ਮੰਨਿਆ ਹੈ ਜਿੱਥੇ ਕਿ ਬੰਦਾ ਮਾਰਨਾ ਜਾਂ ਡਾਕਾ ਮਾਰਨਾ ਲੋਕਾਂ ਲਈ ਸਾਧਾਰਣ ਜਿਹੀ ਗੱਲ ਹੈ, ਇਟਲੀ ਵਿੱਚ ਪਹਿਲਾਂ ਵੀ ਸ਼ਹਿਰ ਤ੍ਰੇਏਸਤੇ ਦੇ ਥਾਣੇ ਵਿੱਚ ਹੀ ਲੁਟੇਰੇ ਨੇ ਪੁਲਸ ਦੀ ਪਿਸਤੌਲ ਖੋਹ ਕੇ ਦੋ ਪੁਲਸ ਮਲਾਜ਼ਮ ਮੌਤ ਦੇ ਘਾਟ ਉਤਾਰ ਦਿੱਤੇ ਸਨ।