ਇਟਲੀ : ਸੰਘਣੀ ਧੁੰਦ ਕਾਰਨ ਲਗਭਗ 100 ਵਾਹਨਾਂ ਦੀ ਟੱਕਰ, ਦਰਜਨਾਂ ਲੋਕ ਜ਼ਖ਼ਮੀ

Tuesday, Feb 06, 2024 - 03:03 PM (IST)

ਇਟਲੀ : ਸੰਘਣੀ ਧੁੰਦ ਕਾਰਨ ਲਗਭਗ 100 ਵਾਹਨਾਂ ਦੀ ਟੱਕਰ, ਦਰਜਨਾਂ ਲੋਕ ਜ਼ਖ਼ਮੀ

ਰੋਮ (ਕੈਂਥ): 5 ਫਰਵਰੀ ਦੀ ਸਵੇਰ ਨੂੰ ਇਟਲੀ ਦੇ ਹਾਈਵੇ ਨੰਬਰ ਏ22 'ਤੇ ਸੰਘਣੀ ਧੁੰਦ ਕਾਰਨ ਕਾਰਪੀ ਸ਼ਹਿਰ ਤੋਂ ਰੈਜੌਲੋ ਦਰਮਿਆਨ ਇੱਕ ਸੜਕ ਹਾਦਸਾ ਵਾਪਰਿਆ। ਮੌਕੇ ਤੇ ਮੌਜੂਦ ਇੱਕ ਜ਼ਖਮੀ ਵਿਅਕਤੀ ਨੇ ਦੱਸਿਆ ਕਿ ਸਵੇਰੇ ਤਕਰੀਬਨ 8 ਵਜੇ ਧੁੰਦ ਬਹੁਤ ਜ਼ਿਆਦਾ ਸੀ। ਜਿਸ ਕਾਰਨ ਇਕ ਕਾਰ ਅਤੇ ਟਰੱਕ ਹਾਦਸੇ ਦਾ ਸ਼ਿਕਾਰ ਹੋ ਗਏ। ਇਸ ਤੋਂ ਬਾਅਦ ਪਿੱਛੋਂ ਆਉਣ ਵਾਲੀਆਂ ਤਕਰੀਬਨ 100 ਗੱਡੀਆਂ ਇਕ ਤੋਂ ਬਾਅਦ ਇਕ ਆਪਸ ਵਿੱਚ ਟਕਰਾ ਗਈਆਂ। ਇੰਨੀ ਜ਼ਿਆਦਾ ਗਿਣਤੀ ਵਿੱਚ ਗੱਡੀਆਂ ਦੀ ਟੱਕਰ ਹੋਣ ਕਾਰਨ ਬਹੁਤ ਸਾਰੇ ਯਾਤਰੀ ਗੱਡੀਆਂ ਵਿੱਚ ਬਹੁਤ ਬੁਰੀ ਤਰ੍ਹਾਂ ਫਸ ਗਏ ਅਤੇ ਮਦਦ ਲਈ ਗੁਹਾਰ ਲਗਾ ਰਹੇ ਸਨ। ਜਿਨ੍ਹਾਂ ਨੂੰ ਬਚਾਉਣ ਲਈ ਅੱਗ ਬੁਝਾਉਣ ਵਾਲੀਆਂ ਟੀਮਾਂ ਐਂਬੂਲੈਂਸ, ਮੈਡੀਕਲ ਸਹੂਲਤਾਂ ਵਾਲੀਆਂ ਗੱਡੀਆਂ ਮੋਦੇਨਾਂ, ਕਾਰਪੀ, ਰੇਜੋ ਇਮੀਲੀਆ, ਮਾਨਤੋਵਾ, ਗੁਸਤਾਲਾ ਅਤੇ ਸੁਜਾਰਾ ਤੋਂ ਪਹੁੰਚੀਆਂ। 

PunjabKesari

ਇਸ ਹਾਦਸੇ ਕਾਰਨ ਨੌਗਾਰੋਲੇ ਰੌਕਾ ਤੋਂ ਕਾਂਪੋਗਲਿਆਨੋ ਤੱਕ ਤਕਰੀਬਨ 70 ਕਿਲੋਮੀਟਰ ਹਾਈਵੇ ਨੂੰ ਬੰਦ ਰੱਖਿਆ ਗਿਆ। ਜੋ ਕਿ ਦੁਪਹਿਰ ਤੋਂ ਬਾਅਦ ਹੌਲੀ- ਹੌਲੀ ਖੋਲ੍ਹ ਦਿੱਤਾ ਗਿਆ। ਆਖਰੀ ਖ਼ਬਰਾਂ ਮਿਲਣ ਤੱਕ ਇਸ ਹਾਦਸੇ ਵਿੱਚ ਜ਼ਖ਼ਮੀ ਹੋਣ ਵਾਲਿਆਂ ਦੀ ਗਿਣਤੀ 16 ਤੋਂ 25 ਤੱਕ ਦੱਸੀ ਗਈ। ਜਿਨ੍ਹਾਂ ਨੂੰ ਕਾਰਪੀ, ਮੋਦੇਨਾਂ, ਮਾਨਤੋਵਾ ਅਤੇ ਬਾਜੋਵੇਰਾ ਦੇ ਹਸਪਤਾਲਾਂ ਵਿੱਚ ਦਾਖਲ ਕਰਵਾਇਆ ਗਿਆ। ਮੋਦੇਨਾਂ ਦੇ ਪੋਲੀਕਲੀਨਿਕ ਵਿਚ ਇਕੋ ਪਰਿਵਾਰ ਦੇ ਤਿੰਨ ਜੀਅ ਦਾਖਲ ਸਨ। ਜਿਨ੍ਹਾਂ ਵਿੱਚ ਇੱਕ ਪਤੀ-ਪਤਨੀ ਤੋਂ ਇਲਾਵਾ ਉਹਨਾਂ ਦੀ ਤਿੰਨ ਸਾਲ ਦੀ ਬੱਚੀ ਵੀ ਸੀ। 

ਪੜ੍ਹੋ ਇਹ ਅਹਿਮ ਖ਼ਬਰ-ਹੁਣ ਦੁਬਈ 'ਚ ਬਣੇਗਾ 'Female Burj Khalifa' ਮਾਲ ਦੇ ਅੰਦਰ ਚੱਲਣਗੀਆਂ ਕਾਰਾਂ

11 ਜ਼ਖ਼ਮੀਆਂ ਦੀ ਹਾਲਤ ਖ਼ਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ। 11 ਵਜੇ ਦੇ ਕਰੀਬ ਇਸੇ ਸੜਕ 'ਤੇ ਵਾਪਰੇ ਇੱਕ ਹੋਰ ਹਾਦਸੇ ਦੌਰਾਨ ਦੋ ਟਰੱਕਾਂ ਦੀ ਟੱਕਰ ਦੌਰਾਨ ਕੂਨੇਓ ਦੇ ਰਹਿਣ ਵਾਲੇ 43 ਸਾਲਾ ਅਲਬਾਨੀਆਂ ਦੇ ਨਾਗਰਿਕ ਟਰੱਕ ਡਰਾਈਵਰ ਦੀ ਮੌਤ ਹੋ ਗਈ। ਰਾਹਤ ਕਰਮਚਾਰੀ ਭਾਰੀ ਮਸ਼ੀਨਰੀ ਨਾਲ ਉਸਦੇ ਬਚਾਅ ਲਈ ਪਹੁੰਚੇ। ਪਰ ਬਦਕਿਸਮਤੀ ਨਾਲ ਉਸ ਨੂੰ ਬਚਾ ਨਹੀਂ ਸਕੇ। ਇੱਕ ਹੋਰ ਹਾਦਸੇ ਦੌਰਾਨ ਹਾਈਵੇ ਏ1 'ਤੇ ਵੀ ਗੱਡੀਆਂ ਦੀ ਟੱਕਰ ਹੋ ਗਈ। ਜਿਸ ਕਾਰਨ ਆਵਾਜਾਈ ਵਿਚ ਕਾਫੀ ਵਿਘਨ ਪਿਆ ਪਰੰਤੂ ਖੁਸ਼ਕਿਸਮਤੀ ਨਾਲ ਕਿਸੇ ਦਾ ਵੀ ਜਾਨੀ ਨੁਕਸਾਨ ਹੋਣੋ ਬਚ ਗਿਆ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ। 


author

Vandana

Content Editor

Related News