28 ਜੂਨ ਤੋਂ ਮਾਸਕ ਮੁਕਤ ਹੋ ਜਾਵੇਗਾ ਇਟਲੀ, ਟੀਕਾਕਰਨ ਦੀ ਸਫ਼ਲਤਾ ਤੋਂ ਬਾਅਦ ਲਿਆ ਗਿਆ ਫ਼ੈਸਲਾ

Tuesday, Jun 22, 2021 - 04:57 PM (IST)

28 ਜੂਨ ਤੋਂ ਮਾਸਕ ਮੁਕਤ ਹੋ ਜਾਵੇਗਾ ਇਟਲੀ, ਟੀਕਾਕਰਨ ਦੀ ਸਫ਼ਲਤਾ ਤੋਂ ਬਾਅਦ ਲਿਆ ਗਿਆ ਫ਼ੈਸਲਾ

ਰੋਮ (ਦਲਵੀਰ ਕੈਂਥ)- ਇਟਲੀ ਨੂੰ ਕੋਵਿਡ-19 ਮੁਕਤ ਕਰਨ ਲਈ ਸਰਕਾਰ ਵੱਲੋਂ ਹੁਣ ਤੱਕ ਐਂਟੀ ਕੋਵਿਡ -19 ਵੈਕਸੀਨ ਦੀ ਪਹਿਲੀ ਖ਼ੁਰਾਕ 46 ਮਿਲੀਅਨ ਤੋਂ ਵੱਧ ਲੋਕਾਂ ਨੂੰ ਦਿੱਤੀ ਜਾ ਚੁੱਕੀ ਤੇ ਹੋਰ ਲੋਕਾਂ ਨੂੰ ਵੈਕਸੀਨ ਦੀ ਖ਼ੁਰਾਕ ਦੇਣ ਲਈ ਕੰਮ ਜੰਗੀ ਪੱਧਰ 'ਤੇ ਚੱਲ ਰਿਹਾ ਹੈ, ਜਿਸ ਤੋਂ ਉਮੀਦ ਪ੍ਰਗਟਾਈ ਜਾ ਰਹੀ ਹੈ ਕਿ ਇਟਲੀ ਜਲਦ ਕੋਵਿਡ ਵਿਰੁੱਧ ਵਿੱਢੀ ਜੰਗ ਜਿੱਤ ਜਾਵੇਗਾ। ਇਟਲੀ ਵਿਚ ਹੁਣ ਕੋਰੋਨਾ ਵਾਇਰਸ ਦੇ ਕੇਸਾਂ ਵਿਚ ਕਾਫ਼ੀ ਹੱਦ ਤੱਕ ਸੁਧਾਰ ਹੋ ਜਾਣ ਨਾਲ ਇਟਲੀ ਦੇ ਸਿਹਤ ਮੰਤਰੀ ਰੋਬੈਰਤੋ ਸੰਪਰੈਂਜਾ ਨੇ ਬੀਤੇ ਦਿਨੀਂ ਐਲਾਨ ਕੀਤਾ ਕਿ 28 ਜੂਨ ਤੋਂ ਚਿੱਟੇ ਐਲਾਨੇ ਜ਼ੋਨਾਂ ਵਿਚ ਉਹਨਾਂ ਥਾਂਵਾਂ 'ਤੇ ਮਾਸਕ ਪਾਉਣ ਦੀ ਜ਼ਰੂਰਤ ਖ਼ਤਮ ਕੀਤੀ ਜਾਵੇਗੀ, ਜਿੱਥੇ ਜ਼ਿਆਦਾ ਭੀੜ ਨਹੀਂ ਹੋਵੇਗੀ। ਹਾਲਾਂਕਿ ਲੋਕਾਂ ਨੂੰ ਉਨ੍ਹਾਂ ਥਾਵਾਂ 'ਤੇ ਇਸ ਸਮੇਂ ਮਾਸਕ ਲਗਾਉਣ ਦੀ ਜ਼ਰੂਰਤ ਹੋ ਸਕਦੀ ਹੈ, ਜਿਥੇ ਵਾਇਰਸ ਦੇ ਤੇਜ਼ੀ ਨਾਲ ਫੈਲਣ ਦਾ ਖ਼ਤਰਾ ਹੈ। ਲੋਕਾਂ ਨੂੰ ਭੀੜ ਵਾਲੀਆਂ ਥਾਵਾਂ 'ਤੇ ਮਾਸਕ ਪਹਿਨਣ ਦੀ ਜ਼ਰੂਰਤ ਹੋ ਸਕਦੀ ਹੈ।

ਇਹ ਵੀ ਪੜ੍ਹੋ: ਹੈਰਾਨੀਜਨਕ! ਕੋਰੋਨਾ ਟੀਕਾ ਨਹੀਂ ਲਗਵਾਇਆ ਤਾਂ ਜਾਣਾ ਪਵੇਗਾ ਜੇਲ੍ਹ

ਇਸ ਸਮੇਂ ਸਿਰਫ਼ ਇਟਲੀ ਦਾ ਇਕ ਸੂਬਾ 'ਵਲ ਦ ਓਸਤਾ' ਨੂੰ ਛੱਡ ਕੇ ਪੂਰਾ ਦੇਸ਼ ਚਿੱਟੇ ਜ਼ੋਨ ਵਿਚ ਤਬਦੀਲ ਹੋ ਗਿਆ ਹੈ। ਸਰਕਾਰ ਦੇ ਇਸ ਐਲਾਨ ਦੇ ਨਾਲ ਇਟਲੀ ਦੇ ਬਾਸ਼ਿੰਦਿਆਂ ਨੇ ਸੁੱਖ ਦਾ ਸਾਹ ਲਿਆ ਹੈ। ਕਿਉਂਕਿ ਸਰਕਾਰ ਨੇ ਇਸ ਨੂੰ ਲਾਜ਼ਮੀ ਕੀਤਾ ਹੋਇਆ ਸੀ ਤੇ ਹਜ਼ਾਰਾਂ ਲੋਕਾਂ ਨੂੰ ਮਾਸਕ ਨਾ ਪਹਿਨਣ ਦੀ ਕੁਤਾਹੀ ਕਰਨ ਲਈ ਪੁਲਸ ਵੱਲੋਂ ਹਜ਼ਾਰਾਂ ਯੂਰੋ ਜੁਰਮਾਨਾ ਵੀ ਕੀਤਾ ਗਿਆ ਸੀ। ਹੋਰ ਤਾਂ ਹੋਰ ਨੰਨ੍ਹੇ ਬੱਚਿਆਂ ਨੂੰ ਵੀ ਇਸ ਸਰਕਾਰੀ ਫ਼ਰਮਾਨ ਤੋਂ ਨਿਜਾਤ ਨਹੀਂ ਸੀ ਪਰ ਹੁਣ ਮਾਸਕ ਲਾਜ਼ਮੀ ਦੇ ਫ਼ਰਮਾਨ ਤੋਂ ਆਜ਼ਾਦੀ ਮਿਲਣ ਨਾਲ ਲੋਕ ਬਹੁਤ ਹੀ ਰਾਹਤ ਮਹਿਸੂਸ ਕਰ ਰਹੇ ਹਨ। ਹਾਲਾਂਕਿ ਜਨਤਕ ਥਾਂਵਾਂ 'ਤੇ ਹਾਲੇ ਵੀ ਮਾਸਕ ਲਾਜ਼ਮੀ ਹੈ ਪਰ ਲੋਕ ਨੂੰ ਹੁਣ ਇਹ ਯਕੀਨ ਹੈ ਕਿ ਜਲਦ ਸਰਕਾਰ ਇਸ ਹੁਕਮ ਤੋਂ ਵੀ ਆਜ਼ਾਦ ਕਰ ਦਵੇਗੀ ।

ਇਹ ਵੀ ਪੜ੍ਹੋ: WHO ਨੇ ਵਧਾਈ ਚਿੰਤਾ, ਕਿਹਾ- ਭਾਰਤ ’ਚ ਮਿਲੇ ਡੈਲਟਾ ਵੈਰੀਐਂਟ ਖ਼ਿਲਾਫ਼ ਪ੍ਰਭਾਵੀ ਨਹੀਂ ਕੋਰੋਨਾ ਵੈਕਸੀਨ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।
 


author

cherry

Content Editor

Related News