ਇਟਲੀ ਸਰਕਾਰ ਨੇ ਅਪ੍ਰੈਲ ਦੇ ਅੰਤ ਤੱਕ ਯੂਰਪੀ ਯੂਨੀਅਨ ਦੇ ਯਾਤਰੀਆਂ ਲਈ ਇਕਾਂਤਵਾਸ ''ਚ ਕੀਤਾ ਵਾਧਾ!
Thursday, Apr 08, 2021 - 11:39 AM (IST)
ਰੋਮ (ਕੈਂਥ) - ਇਟਲੀ ਸਰਕਾਰ ਕੋਰੋਨਾ ਵਾਇਰਸ ਦੇ ਮੱਦੇਨਜ਼ਰ ਸਖ਼ਤ ਰਵੱਈਆ ਅਪਣਾ ਰਹੀ ਹੈ, ਕਿਉਂਕਿ ਇਟਲੀ ਵਿੱਚ ਕੋਰੋਨਾ ਵਾਇਰਸ ਦਾ ਕਹਿਰ ਲਗਾਤਾਰ ਜਾਰੀ ਹੈ। ਇਟਲੀ ਸਰਕਾਰ ਵਲੋਂ ਐਲਾਨ ਕੀਤਾ ਗਿਆ ਹੈ ਕਿ ਯੂਰਪੀ ਯੂਨੀਅਨ ਦੇ ਦੂਜੇ ਹਿੱਸਿਆਂ ਤੋਂ ਇਟਲੀ ਆਉਣ ਵਾਲੇ ਲੋਕਾਂ ਨੂੰ ਅਪ੍ਰੈਲ ਮਹੀਨੇ ਦੌਰਾਨ ਇਕਾਂਤਵਾਸ ਵਿਚ ਰਹਿਣਾ ਪਾਵੇਗਾ। ਸਿਹਤ ਮੰਤਰਾਲਾ ਅਨੁਸਾਰ ਯੂਰਪੀਅਨ ਯੂਨੀਅਨ ਜਾਂ ਸ਼ੈਨੇਗੰਨ ਜ਼ੋਨ ਦੇ ਦੇਸ਼ਾਂ ਦੇ ਯਾਤਰੀਆਂ ਲਈ ਇਕਾਂਤਵਾਸ ਜ਼ਰੂਰੀ ਕਰ ਦਿੱਤਾ ਗਿਆ ਹੈ। ਇਸ ਤਹਿਤ ਯਾਤਰੀ ਨੂੰ 5 ਦਿਨਾਂ ਲਈ ਇਕਾਂਤਵਾਸ ਵਿੱਚ ਰਹਿਣਾ ਪਵੇਗਾ। ਇਹ ਨਿਯਮ 30 ਅਪ੍ਰੈਲ ਤੱਕ ਲਾਗੂ ਰਹਿਣਗੇ।
ਸਿਹਤ ਮੰਤਰਾਲਾ ਵੱਲੋਂ 31 ਮਾਰਚ ਨੂੰ ਇਹ ਨਿਯਮ ਪੇਸ਼ ਕੀਤੇ ਗਏ ਸਨ, ਜਿਨ੍ਹਾਂ ਦੀ ਮਿਆਦ 6 ਅਪ੍ਰੈਲ ਤੱਕ ਸੀ ਪਰ ਸਰਕਾਰ ਵੱਲੋਂ ਜਾਰੀ ਕੀਤੇ ਗਏ ਇੱਕ ਨਵੇਂ ਆਰਡੀਨੈਂਸ ਵਿਚ ਇਸ ਨੂੰ 7 ਅਪ੍ਰੈਲ ਤੋਂ ਵਧਾ ਕੇ 30 ਅਪ੍ਰੈਲ 2021 ਤੱਕ ਲਾਗੂ ਕਰ ਦਿੱਤਾ ਗਿਆ ਹੈ। ਯੂਰਪੀ ਸੰਘ ਜਾਂ ਸ਼ੈਨੇਗੰਨ ਜ਼ੋਨ ਦੇ ਕਿਸੇ ਵੀ ਦੇਸ਼ ਦੇ ਮੈਂਬਰ ਨੂੰ ਇਟਲੀ ਪਹੁੰਚਣ ਤੋਂ ਪਹਿਲਾਂ ਕੋਰੋਨਾ ਵਾਇਰਸ ਲਈ 48 ਘੰਟਿਆਂ ਤੋਂ ਵੱਧ ਸਮੇਂ ਲਈ ਨੈਗੇਟਿਵ ਟੈਸਟ ਕਰਨ ਦੀ ਜ਼ਰੂਰਤ ਪਵੇਗੀ ਅਤੇ ਫਿਰ ਪੰਜ ਦਿਨ ਵੱਖਰੇ ਤੌਰ ਰਹਿਣ ਤੋਂ ਬਾਅਦ ਉਨ੍ਹਾਂ ਨੂੰ ਇੱਕ ਹੋਰ ਟੈਸਟ ਕਰਵਾਉਣਾ ਲਾਜ਼ਮੀ ਹੋਵੇਗਾ। ਜ਼ਿਕਰਯੋਗ ਹੈ ਕਿ ਪਹਿਲਾਂ ਯੂਰਪੀ ਸੰਘ ਦੇ ਯਾਤਰੀਆਂ ਨੂੰ ਸਿਰਫ਼ ਇਟਲੀ ਆਉਣ ਤੋਂ ਪਹਿਲਾਂ ਨੈਗੇਟਿਵ ਟੈਸਟ ਦੀ ਜ਼ਰੂਰਤ ਹੁੰਦੀ ਸੀ ਪਰ ਈਸਟਰ ਤਿਉਹਾਰ ਦੇ ਹਫ਼ਤੇ ਤੋਂ ਸਰਕਾਰ ਵੱਲੋਂ ਇਟਲੀ ਵਿੱਚ ਕੋਵਿਡ-19 ਦੇ ਵੱਧ ਰਹੇ ਕੇਸਾਂ ਦੇ ਚੱਲਦਿਆਂ ਨਿਯਮਾਂ ਵਿੱਚ ਤਬਦੀਲੀ ਕੀਤੀ ਗਈ ਸੀ। ਇਹ ਨਿਯਮ ਸਿਰਫ਼ ਯੂਰਪੀ ਯੂਨੀਅਨ ਜਾਂ ਸ਼ੈਨੇਗੰਨ ਜ਼ੋਨ ਦੇ ਯਾਤਰੀਆਂ ਲਈ ਹੀ ਲਾਗੂ ਹਨ।