NRIs ਦੇ ਮਸਲੇ ਵੀ ਹੋਣਗੇ ਚੋਣ ਮੈਨੀਫੈਸਟੋ ਦਾ ਹਿੱਸਾ : ਸੈਮ ਪਿਟਰੌਦਾ
Tuesday, Nov 09, 2021 - 05:47 PM (IST)
ਮਿਲਾਨ/ਇਟਲੀ (ਸਾਬੀ ਚੀਨੀਆ): 'ਇੰਡੀਅਨ ਨੈਸ਼ਨਲ ਕਾਂਗਰਸ ਓਹ ਪਾਰਟੀ ਹੈ ਜਿਸ ਨੇ ਸਮੂਹ ਧਰਮਾਂ ਤੇ ਦੇਸ਼ ਦੇ ਨਾਗਰਿਕਾਂ ਨੂੰ ਸਮਾਨਤਾ ਦਾ ਅਧਿਕਾਰ ਦਿੱਤਾ ਹੈ। ਵਿਦੇਸ਼ਾਂ ਵਿੱਚ ਵਸਦੇ ਭਾਰਤੀਆਂ ਦੀਆ ਮੁਸ਼ਕਲਾਂ ਨੂੰ ਧਿਆਨ ਵਿਚ ਰੱਖਦੇ ਹਮੇਸ਼ਾ ਯੋਗ ਫ਼ੈਸਲੇ ਲੈਣੇ ਵੀ ਕਾਂਗਰਸ ਪਾਰਟੀ ਦੇ ਹਿੱਸੇ ਆਓੁਂਦਾ ਹੈ ਤੇ ਇਸ ਵਾਰ ਪੰਜਾਬ ਵਿਧਾਨ ਸਭਾ ਚੋਣਾਂ ਲਈ ਤਿਆਰ ਹੋਣ ਵਾਲੇ ਚੋਣ ਮੈਨੀਫੈਸਟੋ ਵਿੱਚ ਐਨ.ਆਰ.ਆਈਜ਼ ਦੀਆਂ ਮੁਸ਼ਕਲਾਂ ਪਹਿਲ ਦੇ ਆਧਾਰ 'ਤੇ ਸ਼ਾਮਿਲ ਕਰਕੇ ਇੱਕ ਨਵਾਂ ਇਤਿਹਾਸ ਸਿਰਜਿਆ ਜਾਵੇਗਾ।' ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਇੰਡੀਅਨ ਓਵਰਸੀਜ਼ ਕਾਂਗਰਸ ਦੇ ਐਨ ਆਰ ਆਈਜ਼ ਦੇ ਮਸਲਿਆਂ ਦੇ ਇੰਚਾਰਜ ਸੈਮ ਪਿਟਰੌਦਾ ਵਲੋਂ ਯੂਰਪ ਦੇ ਅਲੱਗ ਅਲੱਗ ਦੇਸ਼ਾ ਦੇ ਆਗੂਆਂ ਨਾਲ ਰੋਮ ਵਿਚ ਹੋਈ ਮੀਟਿੰਗ ਵਿਚ ਮੌਜੂਦ ਆਗੂਆਂ ਨਾਲ ਗੱਲਬਾਤ ਕਰਦੇ ਹੋਏ ਕੀਤਾ ਗਿਆ।
ਇਸ ਤੋ ਪਹਿਲਾਂ ਓਵਰਸ਼ੀਜ ਕਾਂਗਰਸ ਯੂਰਪ ਦੇ ਕੋਆਰਡੀਨੇਟਰ ਰਾਜਵਿੰਦਰ ਸਿੰਘ, ਯੂਰਪ ਪ੍ਰਧਾਨ ਪ੍ਰਮੋਦ ਕੁਮਾਰ ਮਿੰਟੂ,ਆਸਟਰੀਆ ਦੇ ਮੀਤ ਪ੍ਰਧਾਨ ਰੇਹਾਨ ਖਾਨ, ਫਿਨਲੈਂਡ ਦੀ ਪ੍ਰਧਾਨ ਡਾਕਟਰ ਕੋਮਲ, ਇਟਲੀ ਕਾਂਗਰਸ ਦੇ ਪ੍ਰਧਾਨ ਦਿਲਬਾਗ ਸਿੰਘ ਚਾਨਾ, ਸੁਖਚੈਨ ਸਿੰਘ ਮਾਨ ਮੀਤ ਪ੍ਰਧਾਨ ਯੂਰਪ ਆਦਿ ਨੇ ਸੈਮ ਪਿਟਰੌਦਾ ਨੂੰ ਪ੍ਰਵਾਸੀ ਭਾਰਤੀਆਂ ਦੀਆਂ ਮੁਸ਼ਕਲਾਂ ਤੋਂ ਚੰਗੀ ਤਰ੍ਹਾਂ ਜਾਣੂ ਕਰਵਾਇਆ ਅਤੇ ਕੈਬਨਿਟ ਮੰਤਰੀ ਪ੍ਰਗਟ ਸਿੰਘ ਦੇ ਨਾਲ ਵੀ ਦੂਰ ਸੰਚਾਰ ਰਾਹੀਂ ਗੱਲਬਾਤ ਕਰਦੇ ਹੋਏ ਨੂੰ ਇਟਲੀ ਰਹਿੰਦੇ ਪੰਜਾਬੀਆਂ ਦੇ ਮਸਲਿਆਂ ਤੋਂ ਜਾਣੂ ਕਰਵਾਇਆ। ਦੱਸਣਯੋਗ ਹੈ ਕਿ ਐਨ.ਆਰ.ਆਈਜ਼ ਦੀਆਂ ਜ਼ਮੀਨਾਂ ਪਲਾਟਾਂ ਤੇ ਘਰਾਂ 'ਤੇ ਹੋ ਰਹੇ ਨਾਜਾਇਜ਼ ਕਬਜ਼ਿਆਂ ਨੂੰ ਲੈ ਕੇ ਵਿਦੇਸ਼ਾਂ ਵਿਚ ਵੱਸਦੇ ਪੰਜਾਬੀ ਕਾਫੀ ਪ੍ਰੇਸਾਨ ਹਨ। ਇਨ੍ਹਾਂ ਮਸਲਿਆਂ ਨੂੰ ਸਰਕਾਰ ਤੇ ਅਫ਼ਸਰਸ਼ਾਹੀ ਵੱਲੋਂ ਕਦੇ ਵੀ ਗੰਭੀਰਤਾ ਨਾਲ ਨਹੀਂ ਵਿਚਾਰਿਆ ਗਿਆ।
ਪੜ੍ਹੋ ਇਹ ਅਹਿਮ ਖ਼ਬਰ- ਦੁਨੀਆ ਦੇ ਸਾਹਮਣੇ ਵੱਡਾ ਸਵਾਲ- ਕੀ ਤਾਲਿਬਾਨ ਨੂੰ ਮਾਨਤਾ ਦਿੱਤੇ ਬਿਨਾਂ ਅਫਗਾਨਿਸਤਾਨ 'ਚ ਟਲੇਗੀ ਭੁੱਖਮਰੀ?
ਸਟੇਟ ਦੇ ਪ੍ਰਧਾਨ ਹਰਪ੍ਰੀਤ ਸਿੰਘ ਜੀਰਾ, ਸੋਢੀ ਮਕੌੜਾ, ਵੇਦ ਸ਼ਰਮਾ, ਗੁਰਪ੍ਰੀਤ ਸਿੰਘ, ਸੱਤਪਾਲ ਰੋਮਾ ਵਲੋਂ ਆਏ ਹੋਏ ਆਗੂਆਂ ਨੂੰ ਫੁੱਲਾਂ ਦਾ ਗੁਲਦਸਤਾ ਭੇਂਟ ਕਰਦੇ ਹੋਏ ਇਟਲੀ ਦੀ ਰਾਜਧਾਨੀ ਰੋਮ ਪੁਜੱਣ ਤੇ ਨਿੱਘੀ ਜੀ ਆਇਆ ਆਖਿਆ ਗਿਆ। ਤਾਜ ਕਲੱਬ ਅਪਰੀਲੀਆ ਵਿਚ ਹੋਈ ਹੰਗਾਮੀ ਮੀਟਿੰਗ ਵਿਚ ਮੌਜੂਦ ਐਨ ਆਰ ਆਈ ਆਗੂਆਂ ਦੇ ਵਿਚਾਰਾਂ ਨੂੰ ਬੜੀ ਗੰਭੀਰਤਾ ਨਾਲ ਸੁਣਨ ਤੋਂ ਬਾਅਦ ਪਹੁੰਚੀ ਹੋਈ ਸੀਨੀਅਰ ਲੀਡਰਸ਼ਿਪ ਨੇ ਵਿਸ਼ਵਾਸ ਦਿਵਾਇਆ ਕਿ ਕਾਂਗਰਸ ਪਾਰਟੀ ਨੇ ਹਮੇਸ਼ਾ ਤੋਂ ਦੇਸ਼ ਦੇ ਨਾਗਰਿਕਾਂ ਦੇ ਹੱਕ ਵਿੱਚ ਹਾ ਦਾ ਨਾਰਾ ਮਾਰਿਆ ਤੇ ਅੱਗੇ ਵੀ ਇਸੇ ਤਰ੍ਹਾਂ ਦੀਆਂ ਕੋਸ਼ਿਸ਼ਾਂ ਨਿਰੰਤਰ ਜਾਰੀ ਰਹਿਣਗੀਆਂ।