ਇਜ਼ਰਾਇਲ ਦੇ PM ਨੇ ਚੋਣਾਂ ਜਿੱਤਣ ''ਤੇ ਬਾਇਡੇਨ ਨੂੰ ਦਿੱਤੀ ਵਧਾਈ ਤੇ ਟਰੰਪ ਦਾ ਕੀਤਾ ਧੰਨਵਾਦ
Sunday, Nov 08, 2020 - 10:06 PM (IST)
ਵਾਸ਼ਿੰਗਟਨ/ਯੇਰੂਸ਼ਲਮ - ਇਜ਼ਰਾਇਲ ਦੇ ਪ੍ਰਧਾਨ ਮੰਤਰੀ ਬੇਂਜਾਮਿਨ ਨੇਤਨਯਾਹੂ ਨੇ ਜੋਅ ਬਾਇਡੇਨ ਅਤੇ ਕਮਲਾ ਹੈਰਿਸ ਨੂੰ ਅਮਰੀਕੀ ਰਾਸ਼ਟਰਪਤੀ ਚੋਣਾਂ ਵਿਚ ਧਮਾਕੇਦਾਰ ਜਿੱਤ ਹਾਸਲ ਕਰਨ 'ਤੇ ਵਧਾਈ ਦਿੱਤੀ ਹੈ। ਉਨ੍ਹਾਂ ਨੇ ਟਵਿੱਟਰ 'ਤੇ ਲਿਖਿਆ ਹੈ ਕਿ ਜੋਅ ਅਤੇ ਸਾਡੇ ਕਰੀਬ 40 ਸਾਲ ਪੁਰਾਣਾ ਰਿਸ਼ਤਾ ਹੈ ਅਤੇ ਮੈਂ ਉਨ੍ਹਾਂ ਨੂੰ ਇਜ਼ਰਾਇਲ ਦੇ ਇਕ ਚੰਗੇ ਦੋਸਤ ਦੇ ਤੌਰ 'ਤੇ ਜਾਣਦਾ ਹਾਂ। ਮੈਂ ਦੋਹਾਂ ਨਵੇਂ ਚੁਣੇ ਗਏ ਨੇਤਾਵਾਂ ਦੇ ਨਾਲ ਹੋਰ ਬਿਹਤਰ ਕੰਮ ਕਰਨ ਦੀ ਕਾਮਨਾ ਕਰਦਾ ਹਾਂ ਤਾਂ ਜੋ ਅਮਰੀਕਾ ਅਤੇ ਇਜ਼ਰਾਇਲ ਦੇ ਸਬੰਧ ਪਹਿਲਾਂ ਤੋਂ ਵੀ ਮਜ਼ਬੂਤ ਹੋਣ।
ਇਕ ਹੋਰ ਟਵੀਟ ਵਿਚ ਨੇਤਨਯਾਹੂ ਨੇ ਡੋਨਾਲਡ ਟਰੰਪ ਨੂੰ ਵੀ ਉਨ੍ਹਾਂ ਦੇ ਸਹਿਯੋਗ ਦੇ ਲਈ ਧੰਨਵਾਦ ਕੀਤਾ। ਉਨ੍ਹਾਂ ਲਿਖਿਆ ਕਿ ਧੰਨਵਾਦ, ਡੋਨਾਲਡ ਟਰੰਪ ਉਸ ਦੋਸਤੀ ਦੇ ਲਈ ਜੋ ਤੁਸੀਂ ਇਜ਼ਰਾਇਲ ਅਤੇ ਨਿੱਜੀ ਤੌਰ 'ਤੇ ਮੇਰੇ ਨਾਲ ਬਣਾਈ ਰੱਖੀ। ਯੇਰੂਸ਼ਲਮ ਅਤੇ ਗੋਲਨ ਨੂੰ ਪਛਾਣ ਦੇਣ ਲਈ ਬਹੁਤ-ਬਹੁਤ ਧੰਨਵਾਦ। ਨਾਲ ਹੀ ਈਰਾਨ ਦੇ ਮੁੱਦੇ 'ਤੇ ਖੜ੍ਹੇ ਹੋਣ ਅਤੇ ਇਤਿਹਾਸਕ ਸ਼ਾਂਤੀ ਸਮਝੌਤੇ ਕਰ ਇਜ਼ਰਾਇਲ ਅਤੇ ਅਮਰੀਕਾ ਦੇ ਰਿਸ਼ਤਿਆਂ ਨੂੰ ਚੋਟੀ 'ਤੇ ਪਹੁੰਚਾਉਣ ਲਈ ਵੀ ਧੰਨਵਾਦ। ਜ਼ਿਕਰਯੋਗ ਹੈ ਕਿ ਟਰੰਪ ਪ੍ਰਸ਼ਾਸਨ ਨੇ 7 ਦਹਾਕਿਆਂ ਤੋਂ ਚੱਲੀ ਆ ਰਹੀ ਅਮਰੀਕੀ ਵਿਦੇਸ਼ ਨੀਤੀ ਨੂੰ ਪਲਟਦੇ ਹੋਏ ਦਸੰਬਰ 2017 ਵਿਚ ਯੇਰੂਸ਼ਲਮ ਨੂੰ ਇਜ਼ਰਾਇਲ ਦੀ ਰਾਜਧਾਨੀ ਦੇ ਤੌਰ 'ਤੇ ਮਾਨਤਾ ਦਿੱਤੀ ਸੀ।