ਇਜ਼ਰਾਈਲ ਨੇ 2 ਦਿਨਾਂ ''ਚ ਦੂਜੀ ਵਾਰ ਕੀਤਾ ਜ਼ਮੀਨੀ ਹਮਲਾ, ਗਾਜ਼ਾ ਸ਼ਹਿਰ ਦੇ ਬਾਹਰੀ ਇਲਾਕਿਆਂ ਨੂੰ ਬਣਾਇਆ ਨਿਸ਼ਾਨਾ

Friday, Oct 27, 2023 - 04:20 PM (IST)

ਦੀਰ ਅਲ-ਬਲਾਹ/ਗਾਜ਼ਾ ਪੱਟੀ (ਭਾਸ਼ਾ)- ਹਮਾਸ ਦੇ ਸ਼ਾਸਨ ਵਾਲੇ ਖੇਤਰ ਵਿੱਚ ਸੰਭਾਵਿਤ ਜ਼ਮੀਨੀ ਹਮਲੇ ਦੀ ਤਿਆਰੀ ਕਰ ਰਹੀ ਇਜ਼ਰਾਈਲੀ ਫੋਰਸ ਨੇ 2 ਦਿਨਾਂ ਵਿੱਚ ਦੂਜੀ ਵਾਰ ਗਾਜ਼ਾ ਵਿੱਚ ਜ਼ਮੀਨੀ ਹਮਲੇ ਕੀਤੇ ਅਤੇ ਸ਼ਹਿਰ ਦੇ ਬਾਹਰੀ ਇਲਾਕਿਆਂ ਨੂੰ ਨਿਸ਼ਾਨਾ ਬਣਾਇਆ। ਇਜ਼ਰਾਇਲੀ ਫੌਜ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਇਸ ਦੌਰਾਨ ਅਮਰੀਕੀ ਲੜਾਕੂ ਜਹਾਜ਼ਾਂ ਨੇ ਵੀ ਪੂਰਬੀ ਸੀਰੀਆ 'ਚ ਕੁਝ ਥਾਵਾਂ 'ਤੇ ਹਮਲੇ ਕੀਤੇ। ਅਮਰੀਕੀ ਰੱਖਿਆ ਮੰਤਰਾਲ ਦੇ ਦਫ਼ਤਰ ਪੈਂਟਾਗਨ ਨੇ ਕਿਹਾ ਕਿ ਈਰਾਨ ਦੇ ਰੈਵੋਲਿਊਸ਼ਨਰੀ ਗਾਰਡ ਕੋਰ (ਆਈ.ਆਰ.ਜੀ.ਸੀ.) ਨਾਲ ਸਬੰਧਤ ਟਿਕਾਣਿਆਂ 'ਤੇ ਸ਼ੁੱਕਰਵਾਰ ਤੜਕੇ ਹਵਾਈ ਹਮਲੇ ਕੀਤੇ ਗਏ। ਇਹ ਹਵਾਈ ਹਮਲੇ ਪਿਛਲੇ ਹਫ਼ਤੇ ਖੇਤਰ ਵਿੱਚ ਅਮਰੀਕੀ ਫੌਜੀ ਟਿਕਾਣਿਆਂ ਅਤੇ ਕਰਮਚਾਰੀਆਂ 'ਤੇ ਡਰੋਨ ਅਤੇ ਮਿਜ਼ਾਈਲ ਹਮਲਿਆਂ ਦੇ ਜਵਾਬ ਵਿੱਚ ਕੀਤੇ ਗਏ। ਇਨ੍ਹਾਂ ਹਮਲਿਆਂ ਨੇ ਗਾਜ਼ਾ ਯੁੱਧ ਨੂੰ ਲੈ ਕੇ ਖੇਤਰੀ ਤਣਾਅ ਨੂੰ ਹੋਰ ਵਧਾ ਦਿੱਤਾ ਹੈ। ਸਿਹਤ ਮੰਤਰਾਲਾ ਨੇ ਕਿਹਾ ਕਿ ਹਮਾਸ ਦੇ ਸ਼ਾਸਨ ਵਾਲੇ ਗਾਜ਼ਾ ਵਿੱਚ ਇਜ਼ਰਾਈਲੀ ਹਮਲਿਆਂ ਵਿੱਚ 2,900 ਤੋਂ ਵੱਧ ਨਾਬਾਲਗ ਅਤੇ 1,500 ਤੋਂ ਵੱਧ ਔਰਤਾਂ ਸਮੇਤ 7,000 ਤੋਂ ਵੱਧ ਫਲਸਤੀਨੀ ਮਾਰੇ ਗਏ ਹਨ। ਹਮਾਸ ਨੇ 7 ਅਕਤੂਬਰ ਨੂੰ ਦੱਖਣੀ ਇਜ਼ਰਾਈਲ ਵਿੱਚ ਅਚਾਨਕ ਹਮਲਾ ਕੀਤਾ ਸੀ, ਜਿਸ ਦੇ ਜਵਾਬ ਵਿੱਚ ਇਜ਼ਰਾਈਲ ਨੇ ਕਈ ਵਿਨਾਸ਼ਕਾਰੀ ਹਵਾਈ ਹਮਲੇ ਕੀਤੇ। ਇਜ਼ਰਾਈਲੀ ਸਰਕਾਰ ਦੇ ਅਨੁਸਾਰ, ਹਮਾਸ ਦੇ ਸ਼ੁਰੂਆਤੀ ਹਮਲੇ ਦੌਰਾਨ ਇਜ਼ਰਾਈਲ ਵਿੱਚ 1,400 ਤੋਂ ਵੱਧ ਲੋਕ ਮਾਰੇ ਗਏ ਸਨ, ਜਿਨ੍ਹਾਂ ਵਿੱਚ ਜ਼ਿਆਦਾਤਰ ਆਮ ਨਾਗਰਿਕ ਸਨ।

ਇਹ ਵੀ ਪੜ੍ਹੋ: ਵੱਡੀ ਖ਼ਬਰ: ਕਤਰ ’ਚ 8 ਸਾਬਕਾ ਭਾਰਤੀ ਸਮੁੰਦਰੀ ਫ਼ੌਜੀਆਂ ਨੂੰ ਮੌਤ ਦੀ ਸਜ਼ਾ, ਲੱਗਾ ਸੀ ਇਹ ਦੋਸ਼

ਹਮਾਸ ਨੇ ਗਾਜ਼ਾ ਵਿੱਚ ਘੱਟੋ-ਘੱਟ 229 ਲੋਕਾਂ ਨੂੰ ਬੰਦੀ ਬਣਾਇਆ ਹੋਇਆ ਹੈ। ਇਸ ਮਹੀਨੇ ਦੇ ਸ਼ੁਰੂ ਵਿਚ ਦੱਖਣੀ ਇਜ਼ਰਾਈਲ ਵਿਚ ਹਮਾਸ ਦੇ ਹਮਲਿਆਂ ਤੋਂ ਬਾਅਦ ਗਾਜ਼ਾ ਦੀ ਸਖ਼ਤ ਘੇਰਾਬੰਦੀ ਕੀਤੀ ਗਈ ਹੈ ਅਤੇ ਉਥੇ ਭੋਜਨ, ਪਾਣੀ ਅਤੇ ਦਵਾਈਆਂ ਦੀ ਘਾਟ ਹੋ ਰਹੀ ਹੈ। ਇਜ਼ਰਾਈਲੀ ਫੌਜ ਨੇ ਕਿਹਾ ਕਿ ਜ਼ਮੀਨੀ ਫੋਰਸਾਂ ਨੇ ਪਿਛਲੇ 24 ਘੰਟਿਆਂ ਵਿੱਚ ਗਾਜ਼ਾ ਦੇ ਅੰਦਰ ਦਰਜਨਾਂ ਅੱਤਵਾਦੀ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ। ਉਸ ਨੇ ਦੱਸਿਆ ਕਿ ਇਸ ਦੌਰਾਨ ਜਹਾਜ਼ਾਂ ਅਤੇ ਤੋਪਾਂ ਨਾਲ ਗਾਜ਼ਾ ਸ਼ਹਿਰ ਦੇ ਬਾਹਰੀ ਇਲਾਕੇ ਸ਼ਿਜੈਯਾਹ 'ਤੇ ਬੰਬਾਰੀ ਕੀਤੀ ਗਈ। ਫੌਜ ਨੇ ਕਿਹਾ ਕਿ ਹਮਲੇ ਨੂੰ ਅੰਜਾਮ ਦੇਣ ਤੋਂ ਬਾਅਦ ਫੌਜੀ ਜਵਾਨ ਬਿਨਾਂ ਕਿਸੇ ਨੁਕਸਾਨ ਦੇ ਖੇਤਰ ਤੋਂ ਬਾਹਰ ਆ ਗਏ। ਇਸ ਤੋਂ ਪਹਿਲਾਂ ਵੀਰਵਾਰ ਨੂੰ ਫੌਜ ਨੇ ਕਿਹਾ ਸੀ ਕਿ ਜ਼ਮੀਨੀ ਹਮਲਿਆਂ ਦੌਰਾਨ ਫ਼ੌਜੀਆਂ ਨੇ ਹਮਾਸ ਦੇ ਲੜਾਕਿਆਂ, ਟਿਕਾਣਿਆਂ ਅਤੇ ਟੈਂਕ ਤਬਾਹ ਕਰਨ ਵਾਲੀ ਮਿਜ਼ਾਈਲ ਸਾਈਟਾਂ 'ਤੇ ਹਮਲੇ ਕੀਤੇ। ਇਜ਼ਰਾਈਲੀ ਫੌਜ ਦੇ ਬੁਲਾਰੇ ਰੀਅਰ ਐਡਮਿਰਲ ਡੇਨੀਅਲ ਹੈਗਾਰੀ ਨੇ ਕਿਹਾ ਕਿ ਹਮਲਿਆਂ ਨੇ “ਦੁਸ਼ਮਣ ਨੂੰ ਬੇਨਕਾਬ” ਕੀਤਾ ਅਤੇ ਇਸ ਦੌਰਾਨ ਅੱਤਵਾਦੀਆਂ ਨੂੰ ਨਿਸ਼ਾਨਾ ਬਣਾਇਆ। ਉਨ੍ਹਾਂ ਕਿਹਾ ਕਿ ਇਨ੍ਹਾਂ ਹਮਲਿਆਂ ਦਾ ਮਕਸਦ 'ਜੰਗ ਦੇ ਅਗਲੇ ਪੜਾਅ ਲਈ ਜ਼ਮੀਨ ਤਿਆਰ ਕਰਨਾ' ਹੈ।

ਇਹ ਵੀ ਪੜ੍ਹੋ: ਗੁਆਂਢੀ ਘੱਟ ਰੇਟ ’ਤੇ ਵੇਚ ਰਿਹਾ ਸੀ ਸਬਜ਼ੀ, ਵਜ੍ਹਾ ਪੁੱਛਣ ’ਤੇ ਤੇਜ਼ਧਾਰ ਹਥਿਆਰ ਨਾਲ ਕੀਤਾ ਜਾਨਲੇਵਾ ਹਮਲਾ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।

 


cherry

Content Editor

Related News