ਇਜ਼ਰਾਈਲ ਨੇ ਗਾਜ਼ਾ ਪੱਟੀ ’ਤੇ ਕੀਤੇ ਜ਼ਬਰਦਸਤ ਹਵਾਈ ਹਮਲੇ
Monday, May 17, 2021 - 12:20 PM (IST)
ਗਾਜ਼ਾ ਪੱਟੀ (ਏ. ਪੀ.)-ਇਜ਼ਰਾਈਲ ਦੇ ਹਵਾਈ ਜਹਾਜ਼ਾਂ ਨੇ ਸੋਮਵਾਰ ਸਵੇਰੇ ਗਾਜ਼ਾ ਸਿਟੀ ਦੇ ਕਈ ਟਿਕਾਣਿਆਂ ’ਤੇ ਜ਼ਬਰਦਸਤ ਹਵਾਈ ਹਮਲੇ ਕੀਤੇ। ਇਸ ਤੋਂ ਕਈ ਘੰਟੇ ਪਹਿਲਾਂ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਗਾਜ਼ਾ ’ਤੇ ਕਾਬਜ਼ ਅੱਤਵਾਦੀ ਸਮੂਹ ਹਮਾਸ ਵਿਰੁੱਧ ਚੌਥੀ ਲੜਾਈ ਦੇ ਜ਼ੋਰ ਫੜਨ ਦਾ ਇਸ਼ਾਰਾ ਕੀਤਾ ਸੀ । ਤਕਰੀਬਨ 10 ਮਿੰਟ ਲਈ ਸ਼ਹਿਰ ਦਾ ਉੱਤਰ ਤੋਂ ਦੱਖਣੀ ਖੇਤਰ ਧਮਾਕਿਆਂ ਨਾਲ ਕੰਬ ਗਿਆ। ਇੱਕ ਵੱਡੇ ਖੇਤਰ ਉੱਤੇ ਭਾਰੀ ਬੰਬਾਰੀ ਕੀਤੀ ਗਈ ਅਤੇ 24 ਘੰਟੇ ਪਹਿਲਾਂ ਹੋਏ ਹਵਾਈ ਹਮਲਿਆਂ ਨਾਲੋਂ ਵੀ ਇਹ ਭਿਆਨਕ ਸੀ, ਜਿਸ ’ਚ 42 ਫਿਲਸਤੀਨੀ ਮਾਰੇ ਗਏ ਸਨ। ਇਜ਼ਰਾਈਲ ਅਤੇ ਹਮਾਸ ਸੰਗਠਨ ਦਰਮਿਆਨ ਹੋਈ ਹਿੰਸਾ ਦੀ ਇਸ ਤਾਜ਼ਾ ਘਟਨਾ ਤੋਂ ਪਹਿਲਾਂ ਇਜ਼ਰਾਈਲ ਦੇ ਹਵਾਈ ਹਮਲਿਆਂ ਨੇ ਤਿੰਨ ਇਮਾਰਤਾਂ ਨੂੰ ਤਬਾਹ ਕਰ ਦਿੱਤਾ ਸੀ।
ਸਥਾਨਕ ਮੀਡੀਆ ਰਿਪੋਰਟਾਂ ’ਚ ਕਿਹਾ ਗਿਆ ਹੈ ਕਿ ਸੋਮਵਾਰ ਸਵੇਰੇ ਹੋਏ ਹਮਲੇ ’ਚ ਸ਼ਹਿਰ ਦੇ ਪੱਛਮ ’ਚ ਮੁੱਖ ਤੱਟੀ ਸੜਕ ’ਤੇ ਸੁਰੱਖਿਆ ਕੰਪਲੈਕਸ ਅਤੇ ਖੁੱਲ੍ਹੀਆਂ ਥਾਵਾਂ ਨੂੰ ਨਿਸ਼ਾਨਾ ਬਣਾਇਆ ਗਿਆ ਸੀ। ਬਿਜਲੀ ਵੰਡਣ ਵਾਲੀ ਕੰਪਨੀ ਨੇ ਕਿਹਾ ਕਿ ਹਵਾਈ ਹਮਲੇ ਨੇ ਦੱਖਣੀ ਗਾਜ਼ਾ ਸ਼ਹਿਰ ਦੇ ਵੱਡੇ ਹਿੱਸਿਆਂ ਲਈ ਇਕਲੌਤੇ ਪਲਾਂਟ ਤੋਂ ਬਿਜਲੀ ਦੀ ਲਾਈਨ ਨੂੰ ਨੁਕਸਾਨ ਪਹੁੰਚਾਇਆ। ਹਾਲਾਂਕਿ ਮ੍ਰਿਤਕਾਂ ਬਾਰੇ ਫਿਲਹਾਲ ਕੋਈ ਜਾਣਕਾਰੀ ਨਹੀਂ ਹੈ। ਐਤਵਾਰ ਨੂੰ ਇੱਕ ਟੈਲੀਵਿਜ਼ਨ ਸੰਬੋਧਨ ’ਚ ਨੇਤਨਯਾਹੂ ਨੇ ਕਿਹਾ ਕਿ ਇਜ਼ਰਾਈਲ ਸਾਰੇ ‘ਦਮਖਮ’ ਨਾਲ ਹਮਲੇ ਜਾਰੀ ਰੱਖ ਰਿਹਾ ਹੈ ਅਤੇ ਇਹ ਕੁਝ ਸਮੇਂ ਲਈ ਜਾਰੀ ਰਹੇਗਾ। ਉਸ ਨੇ ਕਿਹਾ ਕਿ ਹਮਾਸ ਨੂੰ ‘ਇਸ ਦੀ ਭਾਰੀ ਕੀਮਤ ਚੁਕਾਉਣੀ ਪਏਗੀ।’
ਇਸ ਦੌਰਾਨ ਇਕਜੁੱਟਤਾ ਦਿਖਾਉਣ ਲਈ ਰੱਖਿਆ ਮੰਤਰੀ ਅਤੇ ਰਾਜਨੀਤਿਕ ਵਿਰੋਧੀ ਬੈਨੀ ਬੈਨੀ ਗੈਂਟਜ਼ ਵੀ ਉਨ੍ਹਾਂ ਦੇ ਨਾਲ ਸਨ। ਇਜ਼ਰਾਈਲੀ ਐਮਰਜੈਂਸੀ ਸੇਵਾ ਨੇ ਕਿਹਾ ਕਿ ਹਮਾਸ ਨੇ ਗਾਜ਼ਾ ਦੇ ਸਿਵਲੀਅਨ ਇਲਾਕਿਆਂ ਤੋਂ ਇਜ਼ਰਾਈਲ ਦੇ ਨਾਗਰਿਕ ਇਲਾਕਿਆਂ ਤੱਕ ਰਾਕੇਟ ਵੀ ਚਲਾਏ। ਪ੍ਰਾਰਥਨਾ ਸ਼ੁਰੂ ਹੋਣ ਤੋਂ ਥੋੜ੍ਹੀ ਦੇਰ ਪਹਿਲਾਂ ਇੱਕ ਰਾਕੇਟ ਦੱਖਣੀ ਸ਼ਹਿਰ ਅਸ਼ਕੇਲਨ ’ਚ ਪ੍ਰਾਰਥਨਾ ਸਥਾਨ ’ਤੇ ਸੁੱਟਿਆ ਗਿਆ।
ਹਾਲਾਂਕਿ, ਇਸ ਘਟਨਾ ’ਚ ਕਿਸੇ ਜਾਨੀ ਨੁਕਸਾਨ ਦੀ ਖ਼ਬਰ ਨਹੀਂ ਹੈ। ਗਾਜ਼ਾ ਦੇ ਸਿਹਤ ਮੰਤਰਾਲੇ ਨੇ ਕਿਹਾ ਕਿ ਮਰਨ ਵਾਲਿਆਂ ਵਿਚ 16 ਔਰਤਾਂ ਅਤੇ 10 ਬੱਚੇ ਸ਼ਾਮਲ ਹਨ ਅਤੇ 50 ਤੋਂ ਵੱਧ ਲੋਕ ਜ਼ਖਮੀ ਹੋਏ ਹਨ। ਉਸ ਨੇ ਕਿਹਾ, ‘‘ਸਾਨੂੰ ਸ਼ਾਂਤੀ ਚਾਹੀਦੀ ਹੈ।’’ ਅਸੀਂ ਹੁਣ ਹੋਰ ਤਬਾਹੀ ਨੂੰ ਬਰਦਾਸ਼ਤ ਨਹੀਂ ਕਰ ਸਕਦੇ।” ਇਜ਼ਰਾਈਲੀ ਫੌਜ ਦੇ ਬੁਲਾਰੇ ਦੇ ਦਫਤਰ ਨੇ ਕਿਹਾ ਕਿ ਹਮਾਸ ਦੇ “ਭੂਮੀਗਤ ਫੌਜੀ ਢਾਂਚਿਆਂ” ਨੂੰ ਨਿਸ਼ਾਨਾ ਬਣਾਇਆ ਗਿਆ। ਮਰਨ ਵਾਲਿਆਂ ’ਚ ਸ਼ਿਫਾ ਹਸਪਤਾਲ ਵਿਚ ਇੰਟਰਨਲ ਮੈਡੀਸਨ ਵਿਭਾਗ ਦੇ ਮੁਖੀ ਅਤੇ ਹਸਪਤਾਲ ਵਿਚ ਕੋਰਨਾ ਵਾਇਰਸ ਮੈਨੇਜਮੈਂਟ ਦੇ ਸੀਨੀਅਰ ਮੈਂਬਰ ਅਯਮਨ ਅਮਾਨ ਅਬੂ ਅਲ-ਓਫ ਸ਼ਾਮਲ ਹਨ। ਨੇਤਨਯਾਹੂ ਨੇ ਸ਼ਨੀਵਾਰ ਅਮਰੀਕੀ ਰਾਸ਼ਟਰਪਤੀ ਜੋ ਬਾਈਡੇਨ ਨਾਲ ਫ਼ੋਨ ’ਤੇ ਗੱਲਬਾਤ ਕੀਤੀ। ਗੱਲਬਾਤ ਦੌਰਾਨ ਕੀ ਉਨ੍ਹਾਂ ਨੇ ਇਮਾਰਤ ਵਿਚ ਹਮਾਸ ਦੀ ਮੌਜੂਦਗੀ ਦੇ ਸਬੂਤ ਦਾ ਜ਼ਿਕਰ ਕੀਤਾ, ਨੇਤਨਯਾਹੂ ਨੂੰ ਜਦੋਂ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਕਿਹਾ, ‘‘ਸਾਨੂੰ ਆਪਣੇ ਖੁਫੀਆ ਅਧਿਕਾਰੀਆਂ ਤੋਂ ਜਾਣਕਾਰੀ ਮਿਲੀ ਹੈ।’’ ਇਸ ਦੌਰਾਨ ਮੀਡੀਆ ਵਾਚਡੌਗ ‘ਰਿਪੋਰਟਰਜ਼ ਵਿਦਾਊਟ ਬਾਰਡਰਜ਼’ ਨੇ ਕੌਮਾਂਤਰੀ ਅਪਰਾਧਿਕ ਅਦਾਲਤ ਨੂੰ ਨਿਊਜ਼ ਏਜੰਸੀ ਏ. ਪੀ. ਦੀ ਇਮਾਰਤ ’ਤੇ ਇਜ਼ਰਾਈਲ ਦੀ ਬੰਬਾਰੀ ਦੀ ਜਾਂਚ ਕਰਨ ਦੀ ਬੇਨਤੀ ਕੀਤੀ ਹੈ। ਇਸ ਇਮਾਰਤ ਵਿਚ ਕੁਝ ਹੋਰ ਮੀਡੀਆ ਦਫਤਰ ਵੀ ਸਨ।