ਬੰਗਲਾਦੇਸ਼ ’ਚ ‘ਦੇਸ਼ ਵਿਰੋਧੀ ਭਾਸ਼ਣ’ ਦੇਣ ਦੇ ਦੋਸ਼ ’ਚ ਇਸਲਾਮਿਕ ਪ੍ਰਚਾਰਕ ਗ੍ਰਿਫਤਾਰ
Friday, Apr 09, 2021 - 12:31 PM (IST)
ਢਾਕਾ (ਭਾਸ਼ਾ)- ਬੰਗਲਾਦੇਸ਼ ’ਚ ਪੁਲਸ ਨੇ 27 ਸਾਲਾ ਇਕ ਇਸਲਾਮਿਕ ਪ੍ਰਚਾਰਕ ਨੂੰ ‘ਦੇਸ਼ ਦੇ ਵਿਰੁੱਧ ਭਾਸ਼ਣ’ ਦੇਣ ਅਤੇ ਪ੍ਰਬੰਧ ਭੰਗ ਕਰਨ ਦੇ ਦੋਸ਼ ’ਚ ਇਕ ਵਾਰ ਫਿਰ ਗ੍ਰਿਫਤਾਰ ਕੀਤਾ ਹੈ। ਇਸ ਵਾਰ ਦੋਸ਼ੀ ਨੂੰ ਡਿਜੀਟਲ ਸੁਰੱਖਿਆ ਕਾਨੂੰਨ (ਡੀ. ਐੱਸ. ਏ.) ਦੇ ਤਹਿਤ ਗ੍ਰਿਫਤਾਰ ਕੀਤਾ ਗਿਆ ਹੈ। ਮੀਡੀਆ ’ਚ ਆਈਆਂ ਖਬਰਾਂ ’ਚ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ ਗਈ। ਰੈਪਿਡ ਐਕਸ਼ਨ ਬਟਾਲੀਅਨ ਦੇ ਡਾਇਰੈਕਟਰ (ਕਾਨੂੰਨ ਅਤੇ ਮੀਡੀਆ) ਕਮਾਂਡਰ ਖਾਨਡਾਕੇਰ ਅਸਲ ਮੋਈਨ ਨੇ ਦੱਸਿਆ ਕਿ ਰਫੀਕੁਲ ਇਸਲਾਮ ਮਦਨੀ ਨੂੰ ਉੱਤਰੀ ਬੰਗਲਾਦੇਸ਼ ਦੇ ਨੇਤਰਕੋਨਾ ਜ਼ਿਲੇ ’ਚ ਉਸਦੇ ਜੱਦੀ ਘਰ ਤੋਂ ਫੜਿਆ ਗਿਆ।
ਉਹ ਸਾਵਤੁਲ ਹੀਰਾ ਮਦਰਸਾ ਦਾ ਡਾਇਰੈਕਟਰ ਹੈ। ‘ਦਿ ਢਾਕਾ ਟ੍ਰਿਬਿਊੁਨ’ ਦੀ ਖਬਰ ਮੁਤਾਬਕ ‘ਬੇਬੀ ਸਪੀਕਰ’ ਦੇ ਨਾਂ ਨਾਲ ਮਸ਼ਹੂਰ ਮਦਨੀ ’ਤੇ ਦੇਸ਼ ਦੇ ਵਿਰੁੱਧ ਟਿੱਪਣੀਆਂ ਕਰਨ ਦੇੇ ਨਾਲ ਹੀ ਅਸ਼ਾਂਤੀ ਭੜਕਾਉਣ ਦੇ ਦੋਸ਼ ’ਚ ਡਿਜੀਟਲ ਸੁਰੱਖਿਆ ਕਾਨੂੰਨ ਦੇ ਤਹਿਤ ਮੁਕੱਦਮਾ ਦਰਜ ਕੀਤਾ ਗਿਆ ਹੈ। ਇਕ ਮਹੀਨੇ ਤੋਂ ਵੀ ਘੱਟ ਸਮੇਂ ’ਚ ਇਹ ਦੂਸਰੀ ਵਾਰ ਹੈ ਜਦੋਂ ਮਦਨੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਪੁਲਸ ਨੇ ਇਥੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਯਾਤਰਾ ਦਾ ਵਿਰੋਧ ਕਰਨ ਲਈ ਢਾਕਾ ’ਚ ਮਦਨੀ ਨਾਲ 30 ਹੋਰ ਲੋਕਾਂ ਨੂੰ 25 ਮਾਰਚ ਨੂੰ ਗ੍ਰਿਫਤਾਰ ਕੀਤਾ ਸੀ। ਉਸ ਸਮੇਂ ਮਦਨੀ ਨੂੰ ਕੁਝ ਹੀ ਘੰਟਿਆਂ ਅੰਦਰ ਰਿਹਾਅ ਕਰ ਦਿੱਤਾ ਗਿਆ ਸੀ।