ਈਰਾਨ ਨੇ 5 ਈਰਾਨੀ-ਅਮਰੀਕੀਆਂ ਨੂੰ ਜੇਲ੍ਹ ਤੋਂ ਨਜ਼ਰਬੰਦੀ ਕੇਂਦਰਾਂ ''ਚ ਕੀਤਾ ਤਬਦੀਲ
Friday, Aug 11, 2023 - 01:03 PM (IST)
ਦੁਬਈ (ਭਾਸ਼ਾ) : ਈਰਾਨ ਨੇ 5 ਈਰਾਨੀ-ਅਮਰੀਕੀ ਕੈਦੀਆਂ ਨੂੰ ਜੇਲ੍ਹ ਤੋਂ ਨਜ਼ਰਬੰਦੀ ਕੇਂਦਰਾਂ ਵਿੱਚ ਤਬਦੀਲ ਕਰ ਦਿੱਤਾ ਹੈ। ਈਰਾਨ ਨੇ ਇਹ ਕਦਮ ਉਸ ਸਮਝੌਤੇ ਲਈ ਚੁੱਕਿਆ ਹੈ, ਜਿਸ ਤਹਿਤ ਦੱਖਣੀ ਕੋਰੀਆ 'ਚ ਜ਼ਬਤ ਕੀਤੇ ਗਏ ਉਸ ਦੇ ਅਰਬਾਂ ਡਾਲਰ ਵਾਪਸ ਕਰਨ ਦੇ ਬਦਲੇ ਕੈਦੀਆਂ ਨੂੰ ਰਿਹਾਅ ਕੀਤਾ ਜਾਵੇਗਾ। ਅਮਰੀਕਾ ਅਤੇ ਈਰਾਨ ਦੇ ਅਧਿਕਾਰੀਆਂ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਸੰਯੁਕਤ ਰਾਸ਼ਟਰ ਵਿਚ ਈਰਾਨੀ ਅਧਿਕਾਰੀਆਂ ਨੇ ਸਮਝੌਤੇ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਕੈਦੀਆਂ ਨੂੰ ਨਜ਼ਰਬੰਦੀ ਕੇਂਦਰ ਵਿੱਚ ਤਬਦੀਲ ਕਰਨਾ ਇਸ ਸਮਝੌਤੇ ਨੂੰ ਲਾਗੂ ਕਰਨ ਵੱਲ ਇੱਕ ਮਹੱਤਵਪੂਰਨ ਸ਼ੁਰੂਆਤੀ ਕਦਮ ਹੈ।
ਈਰਾਨ ਨੇ ਇਹ ਵੀ ਮੰਨਿਆ ਕਿ ਸਮਝੌਤੇ ਵਿੱਚ ਪਾਬੰਦੀਆਂ ਕਾਰਨ ਜ਼ਬਤ ਕੀਤੇ ਗਏ 6-7 ਅਰਬ ਅਮਰੀਕੀ ਡਾਲਰ ਨੂੰ ਜਾਰੀ ਕਰਨਾ ਸ਼ਾਮਲ ਹੈ। ਸੰਯੁਕਤ ਰਾਸ਼ਟਰ ਮਿਸ਼ਨ ਨੇ ਕਿਹਾ ਕਿ ਜੇਕਰ ਸਮਝੌਤਾ ਹੁੰਦਾ ਹੈ, ਤਾਂ ਰਕਮ ਪਹਿਲਾਂ ਕਤਰ ਨੂੰ ਟਰਾਂਸਫਰ ਕੀਤਾ ਜਾਵੇਗੀ ਅਤੇ ਫਿਰ ਈਰਾਨ ਭੇਜੀ ਜਾਵੇਗੀ। ਅਧਿਕਾਰੀਆਂ ਨੇ ਦੱਸਿਆ ਕਿ ਅਗਲੇ ਮਹੀਨੇ ਤੱਕ ਇਹ ਰਕਮ ਈਰਾਨ ਭੇਜੀ ਜਾ ਸਕਦੀ ਹੈ ਅਤੇ 5 ਕੈਦੀਆਂ ਨੂੰ ਰਿਹਾਅ ਕੀਤਾ ਜਾ ਸਕਦਾ ਹੈ। ਅਮਰੀਕੀ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਨੇ ਕਿਹਾ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਰਕਮ ਟਰਾਂਸਫਰ ਕਰਨ ਨਾਲ ਕੈਦੀ ਅਮਰੀਕਾ ਪਰਤ ਆਉਣਗੇ ਅਤੇ ਉਨ੍ਹਾਂ ਦੇ ਅਤੇ ਉਨ੍ਹਾਂ ਦੇ ਪਰਿਵਾਰਾਂ ਦੇ ਦੁੱਖ ਖ਼ਤਮ ਹੋਵਗਾ।