ਜ਼ਬਤ ਕੀਤੇ ਗਏ ਤੇਲ ਟੈਂਕਰ ਮਾਮਲੇ 'ਚ ਜਾਂਚ ਸਹਿਯੋਗ 'ਤੇ ਨਿਰਭਰ : ਈਰਾਨ
Sunday, Jul 21, 2019 - 04:00 PM (IST)

ਤੇਹਰਾਨ (ਭਾਸ਼ਾ)— ਈਰਾਨ ਨੇ ਐਤਵਾਰ ਨੂੰ ਕਿਹਾ ਕਿ ਬ੍ਰਿਟਿਸ਼ ਝੰਡੇ ਵਾਲੇ ਜ਼ਬਤ ਤੇਲ ਟੈਂਕਰ ਦੇ ਮਾਮਲੇ ਵਿਚ ਉਸ ਦੀ ਜਾਂਚ ਦੀ ਗਤੀ ਟੈਂਕਰ ਦੇ ਚਾਲਕ ਦਲ ਦੇ ਸਹਿਯੋਗ 'ਤੇ ਨਿਰਭਰ ਕਰਦੀ ਹੈ। ਜਹਾਜ਼ ਨੂੰ ਵਾਪਸ ਸੌਂਪਣ ਦੀਆਂ ਅਪੀਲਾਂ ਨੂੰ ਅਣਡਿੱਠਾ ਕਰਨ ਦੇ ਬਾਅਦ ਈਰਾਨ ਨੇ ਇਹ ਬਿਆਨ ਦਿੱਤਾ। ਬੀਤੇ ਸ਼ੁੱਕਰਵਾਰ ਨੂੰ ਈਰਾਨ ਦੇ ਇਸਲਾਮਿਕ ਰੇਵੋਲੂਸ਼ਨਰੀ ਗਾਰਡ ਕੋਰ ਵੱਲੋਂ ਬੰਦਰ ਅੱਬਾਸ ਪੋਰਟ 'ਤੇ ਸਟੇਨਾ ਇੰਪੇਰੋ ਟੈਂਕਰ ਨੂੰ ਜ਼ਬਤ ਕਰ ਲਿਆ ਗਿਆ ਸੀ। ਇਸ ਟੈਂਕਰ ਵਿਚ ਚਾਲਕ ਦਲ ਦੇ 23 ਮੈਂਬਰ ਸਵਾਰ ਸਨ।
ਚਾਲਕ ਦਲ ਦੇ ਮੈਂਬਰਾਂ ਵਿਚ 18 ਭਾਰਤੀ, 3 ਰੂਸੀ ਅਤੇ ਇਕ ਲਾਤਵਿਆਈ ਅਤੇ ਇਕ ਫਿਲੀਪੀਨ ਦਾ ਨਾਗਰਿਕ ਹੈ। ਜਹਾਜ਼ ਦਾ ਕਪਤਾਨ ਵੀ ਭਾਰਤੀ ਨਾਗਰਿਕ ਹੈ। ਇਸਲਾਮਿਕ ਰੇਵੋਲੂਸ਼ਨਰੀ ਗਾਰਡ ਕੋਰ ਨੇ ਸ਼ਨੀਵਾਰ ਨੂੰ ਇਕ ਵੀਡੀਓ ਫੁਟੇਜ ਜਾਰੀ ਕੀਤਾ ਜਿਸ ਵਿਚ ਸਟੇਨਾ ਇੰਪੇਰੋ ਲਿਖੇ ਇਕ ਜਹਾਜ਼ ਨੂੰ ਚਾਰੇ ਪਾਸਿਓਂ ਕਿਸ਼ਤੀਆਂ ਘੇਰ ਲੈਂਦੀਆਂ ਹਨ। ਫਿਰ ਇਕ ਹੈਲੀਕਾਪਟਰ ਤੋਂ ਕੁਝ ਜਵਾਨ ਰੱਸੀ ਸਹਾਰੇ ਹੇਠਾਂ ਉਤਰਦੇ ਹਨ ਅਤੇ ਜਹਾਜ਼ 'ਤੇ ਚਲੇ ਜਾਂਦੇ ਹਨ। ਤੇਲ ਟੈਂਕਰ ਨੂੰ ਜ਼ਬਤ ਕਰਨ ਨੂੰ ਲੈ ਕੇ ਈਰਾਨ ਦਾ ਦੋਸ਼ ਹੈ ਕਿ ਮੱਛੀ ਫੜਨ ਵਾਲੀ ਇਕ ਕਿਸ਼ਤੀ ਨੂੰ ਟੱਕਰ ਮਾਰਨ ਦੇ ਬਾਅਦ ਉਸ ਨੇ ਆਪਣਾ ਟਾਂਸਪਾਡਰ ਬੰਦ ਕਰ ਦਿੱਤਾ।
ਜਦੋਂ ਮੱਛੀ ਫੜਨ ਵਾਲੀ ਕਿਸ਼ਤੀ 'ਤੇ ਸਵਾਰ ਲੋਕਾਂ ਨੇ ਬ੍ਰਿਟਿਸ਼ ਜਹਾਜ਼ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਨੂੰ ਕੋਈ ਜਵਾਬ ਨਹੀਂ ਮਿਲਿਆ। ਹੋਰਮਜਗਨ ਸੂਬੇ ਦੇ ਬੰਦਰਗਾਹ ਅਤੇ ਸਮੁੰਦਰੀ ਸੰਗਠਨ ਦੇ ਜਨਰਲ ਸਕੱਕਤ ਅੱਲਾਹ-ਮੁਰਾਦ ਅਫੀਫੀਪੁਰ ਨੇ ਪ੍ਰੈੱਸ ਟੀ.ਵੀ. ਨੂੰ ਦੱਸਿਆ,''ਉਹ ਸਾਰੇ ਪੂਰੀ ਤਰ੍ਹਾਂ ਠੀਕ ਹਨ ਅਤੇ ਜਹਾਜ਼ 'ਤੇ ਹਨ। ਜਹਾਜ਼ ਨੂੰ ਸੁਰੱਖਿਅਤ ਜਗ੍ਹਾ 'ਤੇ ਰੱਖਿਆ ਗਿਆ ਹੈ। ਅਸੀਂ ਉਨਾਂ ਦੀਆਂ ਲੋੜਾਂ ਪੂਰੀਆਂ ਕਰਨ ਲਈ ਤਿਆਰ ਹਾਂ ਪਰ ਸਾਨੂੰ ਜਹਾਜ਼ ਸਬੰਧੀ ਛਾਣਬੀਣ ਕਰਨ ਦੀ ਲੋੜ ਹੈ।''
ਅਫੀਫੀਪੁਰ ਨੇ ਦੱਸਿਆ,''ਜਾਂਚ ਜਹਾਜ਼ ਦੇ ਚਾਲਕ ਦਲ ਦੇ ਮੈਂਬਰਾਂ ਦੇ ਸਹਿਯੋਗ ਅਤੇ ਮਾਮਲੇ ਦੀ ਜਾਂਚ, ਜ਼ਰੂਰੀ ਸਬੂਤਾਂ ਤੱਕ ਸਾਡੀ ਪਹੁੰਚ 'ਤੇ ਨਿਰਭਰ ਕਰਦੀ ਹੈ। ਆਸ ਹੈ ਕਿ ਅਸੀਂ ਸਾਰੀਆਂ ਸੂਚਨਾਵਾਂ ਜਲਦੀ ਹੀ ਇਕੱਠੀਆਂ ਕਰਨ ਦੀ ਕੋਸ਼ਿਸ਼ ਕਰਾਂਗੇ।''