ਪੱਛਮੀ ਦੇਸ਼ਾਂ ਨਾਲ ਪ੍ਰਮਾਣੂ ਗੱਲਬਾਤ ਤੋਂ ਪਹਿਲਾਂ ਈਰਾਨ ਨੇ ਸ਼ੁਰੂ ਕੀਤਾ ਯੁੱਧ ਅਭਿਆਸ
Sunday, Nov 07, 2021 - 03:32 PM (IST)
ਤਹਿਰਾਨ (ਏ. ਪੀ.)-ਪੱਛਮੀ ਦੇਸ਼ਾਂ ਨਾਲ ਪ੍ਰਮਾਣੂ ਗੱਲਬਾਤ ਤੋਂ ਇਕ ਮਹੀਨੇ ਤੋਂ ਵੀ ਘੱਟ ਸਮਾਂ ਪਹਿਲਾਂ ਈਰਾਨ ਦੀ ਫੌਜ ਨੇ ਓਮਾਨ ਦੀ ਖਾੜੀ ਦੇ ਤੱਟੀ ਇਲਾਕੇ ’ਚ ਸਾਲਾਨਾ ਯੁੱਧ ਅਭਿਆਸ ਸ਼ੁਰੂ ਕੀਤਾ। ਸਰਕਾਰੀ ਟੀ. ਵੀ. ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ। ਸਰਕਾਰੀ ਟੀ. ਵੀ. ਦੀ ਖ਼ਬਰ ਦੇ ਅਨੁਸਾਰ ਨੇਵੀ ਤੇ ਹਵਾਈ ਫੌਜ ਦੀਆਂ ਇਕਾਈਆਂ ਦੇ ਨਾਲ ਥਲ ਸੈਨਾ ਵੀ ਰਣਨੀਤਕ ਤੌਰ ’ਤੇ ਮਹੱਤਵਪੂਰਨ ਹੋਰਮੁਜ ਜਲਡਮਰੂਮੱਧ ਦੇ ਪੂਰਬ ’ਚ 10 ਲੱਖ ਵਰਗ ਕਿਲੋਮੀਟਰ ਦੇ ਦਾਇਰੇ ’ਚ ਯੁੱਧ ਅਭਿਆਸ ’ਚ ਹਿੱਸਾ ਲੈ ਰਹੀ ਹੈ। ਤਕਰੀਬਨ 20 ਫੀਸਦੀ ਤੇਲ ਜਹਾਜ਼ ਜਲਡਮਰੂਮੱਧ ਤੋਂ ਲੰਘ ਕੇ ਓਮਾਨ ਦੀ ਖਾੜੀ ਤੇ ਹਿੰਦ ਮਹਾਸਾਗਰ ਜਾਂਦੇ ਹਨ।
ਇਹ ਅਭਿਆਸ ਅਜਿਹੇ ਸਮੇਂ ’ਚ ਹੀ ਹੋ ਰਿਹਾ ਹੈ, ਜਦੋਂ ਅਮਰੀਕਾ ਨੂੰ ਇਕਤਰਫ਼ਾ ਵੱਖ ਕਰਨ ਦੇ ਮੱਦੇਨਜ਼ਰ ਦੋਵਾਂ ਦੇਸ਼ਾਂ ਵਿਚਾਲੇ ਤਣਾਅ ਕਾਫ਼ੀ ਵਧਿਆ ਹੋਇਆ ਹੈ। ਅਜੇ ਇਹ ਸਪੱਸ਼ਟ ਨਹੀਂ ਹੈ ਕਿ ਇਹ ਅਭਿਆਸ ਕਦੋਂ ਤਕ ਚੱਲੇਗਾ। ਖ਼ਬਰ ’ਚ ਦੱਸਿਆ ਗਿਆ ਹੈ ਕਿ ਫੌਜੀ ਅਭਿਆਸ ‘ਜੋਲਫਾਘਰ-1400’ਦਾ ਟੀਚਾ ‘ਵਿਦੇਸ਼ੀ ਤਾਕਤਾਂ ਦੇ ਖ਼ਤਰੇ ਤੇ ਕਿਸੇ ਵੀ ਹਮਲੇ ਦਾ ਸਾਹਮਣਾ ਕਰਨ ਲਈ ਤਿਆਰੀਆਂ ’ਚ ਸੁਧਾਰ ਕਰਨਾ ਹੈ।