ਈਰਾਨ ਇਕ ਮਹਾਨ ਦੇਸ਼ ਹੈ : ਡੋਨਾਲਡ ਟਰੰਪ

01/08/2020 11:12:46 PM

ਵਾਸ਼ਿੰਗਟਨ - ਈਰਾਨ ਦੇ ਹਮਲੇ ਤੋਂ ਬਾਅਦ ਵ੍ਹਾਈਟ ਹਾਊਸ 'ਚ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਨ ਲਈ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਜਿਥੇ ਕਰੀਬ 30 ਮਿੰਟ ਦੇਰੀ ਨਾਲ ਪਹੁੰਚੇ। ਉਥੇ ਹੀ ਪੂਰੀ ਦੁਨੀਆ ਦੀਆਂ ਨਜ਼ਰਾਂ ਉਨ੍ਹਾਂ (ਟਰੰਪ) ਦੀ ਇਸ ਪ੍ਰੈੱਸ ਕਾਨਫਰੰਸ 'ਤੇ ਸੀ ਕਿਉਂਕਿ ਲੋਕਾਂ ਨੂੰ ਸ਼ੱਕ ਸੀ ਕਿ ਸ਼ਾਇਦ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਕਿਤੇ ਈਰਾਨ ਨਾਲ ਜੰਗ ਛੇੜਣ ਦਾ ਐਲਾਨ ਕਰਕੇ ਤੀਜੇ ਵਿਸ਼ਵ ਯੁੱਧ ਦੀ ਸ਼ੁਰੂਆਤ ਨਾ ਕਰ ਦੇਣ। ਪਰ ਟਰੰਪ ਨੇ ਆਪਣੇ ਭਾਸ਼ਣ 'ਚ ਈਰਾਨ ਤੋਂ ਸ਼ਾਂਤੀ ਦੀ ਅਪੀਲ ਕੀਤੀ ਹੈ। ਉਥੇ ਹੀ ਟਰੰਪ ਨੇ ਆਪਣੇ ਭਾਸ਼ਣ ਦੀ ਸ਼ੁਰੂਆਤ ਕਰਦਿਆਂ ਆਖਿਆ ਕਿ, 'ਮੈਂ ਜਦੋਂ ਦਾ ਅਮਰੀਕੀ ਰਾਸ਼ਟਰਪਤੀ ਬਣਿਆ ਹਾਂ ਉਦੋਂ ਤੋਂ ਈਰਾਨ ਕੋਲ ਇਕ ਵੀ ਪ੍ਰਮਾਣੂ ਹਥਿਆਰ ਨਹੀਂ ਹੈ। ਉਨ੍ਹਾਂ ਅੱਗੇ ਆਖਿਆ ਕਿ ਅਮਰੀਕਾ ਦੇ ਲੋਕ ਖੁਸ਼ ਅਤੇ ਮਾਣ ਮਹਿਸੂਸ ਕਰ ਰਹੇ ਹਨ ਅਤੇ ਦੱਸ ਦਿਆਂ ਕਿ ਈਰਾਨ ਵੱਲੋਂ ਬੀਤੇ ਦਿਨੀਂ ਕੀਤੇ ਗਏ ਹਮਲੇ 'ਚ ਕਿਸੇ ਅਮਰੀਕਾ ਨੂੰ ਕੋਈ ਨੁਕਸਾਨ ਨਹੀਂ ਪਹੁੰਚਿਆ ਹੈ। ਸਾਡੇ ਸਾਰੇ ਫੌਜੀ ਸੁਰੱਖਿਅਤ ਹਨ ਹਾਲਾਂਕਿ ਫੌਜੀ ਕੈਂਪਾਂ ਨੂੰ ਥੋੜਾ ਨੁਕਸਾਨ ਪਹੁੰਚਿਆ ਹੈ।

ਉਨ੍ਹਾਂ ਆਖਿਆ ਕਿ ਸਾਡੇ ਫੌਜੀ ਹਰ ਇਕ ਸਥਿਤੀ ਨਾਲ ਨਜਿੱਠਣ ਲਈ ਤਿਆਰ ਹਨ। ਮੈਂ ਉਨ੍ਹਾਂ ਫੌਜੀਆਂ ਨੂੰ ਸਲਾਮ ਕਰਦਾ ਹਾਂ, ਜਿਨ੍ਹਾਂ ਨੇ ਇਸ ਸਖਤ ਵੇਲੇ ਦਾ ਸਾਹਮਣਾ ਕੀਤਾ। ਉਥੇ ਹੀ ਸਾਡੀ ਫੌਜ ਨੇ ਦੁਨੀਆ ਦੇ ਸਭ ਤੋਂ ਵੱਡੇ ਅੱਤਵਾਦੀ ਕਾਸਿਮ ਸੁਲੇਮਾਨੀ ਨੂੰ ਢੇਰ ਕਰ ਦਿੱਤਾ। ਉਨ੍ਹਾਂ ਆਖਿਆ ਕਿ ਕਾਸਿਮ ਸੁਲੇਮਾਨੀ, ਜਿਹੜਾ ਕਿ ਕੁਦਸ ਫੋਰਸ ਦਾ ਮੁਖੀ ਸੀ ਅਤੇ ਉਹ ਆਪਣੀਆਂ ਗਲਤੀਆਂ ਕਾਰਨ ਹੀ ਮਾਰਿਆ ਗਿਆ। ਉਸ ਨੇ ਹਿਜ਼ਬੁੱਲਾ ਅੱਤਵਾਦੀ ਸਮੂਹ ਅਤੇ ਕਈ ਹੋਰਨਾਂ ਅੱਤਵਾਦੀਆਂ ਨੂੰ ਸਿਖਲਾਈ ਦਿੱਤੀ। ਉਸ ਨੇ ਸਥਾਨਕ ਕਈ ਮਾਸੂਮ ਲੋਕਾਂ ਨੂੰ ਮਾਰਿਆ। ਸੁਲੇਮਾਨੀ ਨੇ ਸੜਕਾਂ ਵਿਚਾਲੇ ਬੰਬਾਂ ਦਾ ਜਾਲ ਵਿਛਾ ਕੇ ਅਮਰੀਕੀ ਫੌਜ ਦੇ ਹਜ਼ਾਰਾਂ ਜਵਾਨਾਂ ਦਾ ਕਤਲ ਕਰ ਦਿੱਤਾ ਸੀ। ਟਰੰਪ ਨੇ ਅੱਗੇ ਆਖਿਆ ਕਿ ਸੁਲੇਮਾਨੀ ਨੇ ਬਗਦਾਦ 'ਚ ਸਾਡੀ ਅੰਬੈਸੀ 'ਤੇ ਹਮਲਾ ਕਰਨ ਦੀ ਗੱਲ ਆਖੀ ਸੀ ਪਰ ਉਸ ਨੂੰ ਸਾਡੀ ਫੌਜ ਵੱਲੋਂ ਪਹਿਲਾਂ ਹੀ ਢੇਰ ਕਰ ਦਿੱਤਾ ਗਿਆ। ਸੁਲੇਮਾਨੀ ਦੀ ਮੌਤ ਉਨ੍ਹਾਂ ਅੱਤਵਾਦੀ ਸਮੂਹਾਂ ਅਤੇ ਅੱਤਵਾਦੀਆਂ ਲਈ ਇਕ ਸੁਨੇਹਾ ਦੇ ਕੇ ਗਈ ਹੈ ਕਿ ਜੇਕਰ ਉਹ ਲੋਕਾਂ ਨੂੰ ਮਾਰਨ ਅਤੇ ਸਾਡੇ ਦੇਸ਼ ਖਿਲਾਫ ਕੋਈ ਕਾਰਵਾਈ ਕਰਨ ਦੀ ਸੋਚਣਗੇ ਤਾਂ ਉਨ੍ਹਾਂ ਦਾ ਹਸ਼ਰ ਸੁਲੇਮਾਨੀ ਤੋਂ ਵੀ ਮਾੜਾ ਹੋਵੇਗਾ।

ਇਸ ਤੋਂ ਬਾਅਦ ਉਨ੍ਹਾਂ ਆਖਿਆ ਕਿ ਈਰਾਨ ਇਕ ਮਹਾਨ ਦੇਸ਼ ਹੈ। ਮੈਂ ਉਮੀਦ ਕਰਦਾ ਹਾਂ ਕਿ ਈਰਾਨ ਸ਼ਾਂਤੀ ਲਈ ਹੱਥ ਵਧਾਵੇਗਾ। ਮੈਂ ਨਾਟੋ ਤੋਂ ਵੀ ਅਪੀਲ ਕਰਨੀ ਚਾਹੁੰਦਾ ਹਾਂ ਕਿ ਉਹ ਮਿਡਲ ਈਸਟ 'ਚ ਆਪਣਾ ਕੁਝ ਸਮਾਂ ਦੇਵੇ। ਪਿਛਲੇ 3 ਸਾਲਾਂ ਤੋਂ ਮੇਰੇ ਕਾਰਜਕਾਲ 'ਚ ਅਮਰੀਕਾ ਦੀ ਅਰਥਵਿਵਸਥਾ ਟਾਪ 'ਤੇ ਹੈ ਅਤੇ ਸਾਡਾ ਦੇਸ਼ ਦੁਨੀਆ ਦਾ ਤੇਲ ਅਤੇ ਕੁਦਰਤੀ ਗੈਸ ਪੈਦਾ ਕਰਨ 'ਚ ਪਹਿਲਾ ਦੇਸ਼ ਬਣ ਗਿਆ ਹੈ। ਅਸੀਂ ਆਤਮ-ਨਿਰਭਰ ਹੋ ਗਏ ਹਾਂ ਅਤੇ ਸਾਨੂੰ ਮਿਡਸ ਈਸਟ ਦੇਸ਼ਾਂ ਤੋਂ ਤੇਲ ਦੀ ਕੋਈ ਲੋੜ ਨਹੀਂ ਹੈ। ਸਾਡੀ ਫੌਜ ਪਹਿਲਾਂ ਨਾਲੋਂ ਕਿਤੇ ਸ਼ਕਤੀਸ਼ਾਲੀ ਹੋ ਗਈ ਹੈ ਅਤੇ ਨਾਲ ਹੀ ਸਾਡੀ ਫੌਜ ਕੋਲ ਤਾਕਤਵਰ ਮਿਜ਼ਾਈਲਾਂ ਹਨ ਜਿਹੜੀਆਂ ਦੁਸ਼ਮਣਾਂ ਨੂੰ ਸਕਿੰਟਾਂ 'ਚ ਢੇਰ ਕਰ ਸਕਦੀਆਂ ਹਨ। ਇਸ ਤੋਂ ਪਹਿਲਾਂ ਸਾਡੀ ਫੌਜ ਨੇ ਅੱਤਵਾਦੀ ਅਲ ਬਗਦਾਦੀ ਨੂੰ ਢੇਰ ਕਰ ਦਿੱਤਾ ਸੀ ਅਤੇ ਮੇਰੇ ਕਾਰਜਕਾਲ 'ਚ ਕਰੀਬ 10,000 ਅੱਤਵਾਦੀਆਂ ਨੂੰ ਮਾਰਿਆ ਗਿਆ ਹੈ। ਦੱਸ ਦਿਆਂ ਕਿ ਆਈ. ਐੱਸ. ਆਈ. ਐੱਸ. ਈਰਾਨ ਦੇ ਦੁਸ਼ਮਣ ਹੈ। ਮੈਂ ਚਾਹੁੰਦਾ ਹਾਂ ਕਿ ਈਰਾਨ ਸਾਡੇ ਨਾਲ ਮਿਲ ਕੇ ਅੱਤਵਾਦ ਨੂੰ ਖਤਮ ਕਰਨ ਲਈ ਕੰਮ ਕਰੇ। ਮੈਂ ਈਰਾਨ ਦੇ ਲੋਕਾਂ ਅਤੇ ਉਨ੍ਹਾਂ ਦੇ ਲੀਡਰਾਂ ਨੂੰ ਉਨ੍ਹਾਂ ਦੇ ਚੰਗੇ ਭਵਿੱਖ ਲਈ ਸੋਚ ਰਿਹਾ ਹਾਂ ਅਤੇ ਈਰਾਨ ਨਾਲ ਸ਼ਾਂਤੀ ਸਥਾਪਿਤ ਕਰਨਾ ਚਾਹੁੰਦਾ ਹਾਂ।


Khushdeep Jassi

Content Editor

Related News