ਪੱਛਮੀ ਦੇਸ਼ਾਂ ਨਾਲ ਪ੍ਰਮਾਣੂ ਮੁੱਦੇ ’ਤੇ ਗੱਲਬਾਤ ਤੋਂ ਪਹਿਲਾਂ ਈਰਾਨ ਨੇ ਚੁੱਕਿਆ ਭੜਕਾਊ ਕਦਮ
Friday, Nov 05, 2021 - 04:43 PM (IST)
ਤਹਿਰਾਨ (ਏ. ਪੀ.)-ਈਰਾਨ ਦੀ ਪ੍ਰਮਾਣੂ ਏਜੰਸੀ ਨੇ ਸ਼ੁੱਕਰਵਾਰ ਦਾਅਵਾ ਕੀਤਾ ਕਿ ਉਸ ਨੇ 20 ਫੀਸਦੀ ਸੰਸ਼ੋਧਿਤ ਯੂਰੇਨੀਅਮ ਦਾ ਤਕਰੀਬਨ 210 ਕਿਲੋਗ੍ਰਾਮ ਭੰਡਾਰ ਜਮ੍ਹਾ ਕਰ ਲਿਆ ਹੈ। ਉਸ ਨੇ ਪੱਛਮੀ ਦੇਸ਼ਾਂ ਨਾਲ ਪ੍ਰਮਾਣੂ ਮੁੱਦੇ ’ਤੇ ਗੱਲਬਾਤ ਤੋਂ ਪਹਿਲਾਂ ਭੜਕਾਊ ਕਦਮ ਚੁੱਕਿਆ ਹੈ। ਅਰਧ ਸਰਕਾਰੀ ਤਸਨਿਮ ਤੇ ਫਾਰਸ ਸਮਾਚਾਰ ਏਜੰਸੀ ਦੀ ਖ਼ਬਰ ਮੁਤਾਬਕ ਬੁਲਾਰੇ ਬੇਹਰੂਜ ਕਮਾਲਵੰਦੀ ਨੇ ਕਿਹਾ ਕਿ ਪ੍ਰਮਾਣੂ ਏਜੰਸੀ ਸੰਸਦ ਵੱਲੋਂ ਤੈਅ 20 ਫੀਸਦੀ ਸੰਸ਼ੋਧਿਤ 120 ਕਿਲੋਗ੍ਰਾਮ ਯੂਰੇਨੀਅਮ ਉਤਪਾਦਿਤ ਕਰਨ ਦੇ ਟੀਚੇ ਤੋਂ ਜ਼ਿਆਦਾ ਦਾ ਉਤਪਾਦਨ ਕਰ ਚੁੱਕੀ ਹੈ। ਜ਼ਿਕਰਯੋਗ ਹੈ ਕਿ ਈਰਾਨ ਤੇ ਵਿਸ਼ਵ ਸ਼ਕਤੀਆਂ ਵਿਚਾਲੇ 2015 ’ਚ ਹੋਏ ਇਤਿਹਾਸਕ ਸਮਝੌਤੇ ਦੇ ਤਹਿਤ ਤਹਿਰਾਨ 3.67 ਫੀਸਦੀ ਤੋਂ ਵੱਧ ਸੰਸ਼ੋਧਿਤ ਯੂਰੇਨੀਅਮ ਦਾ ਉਤਪਾਦਨ ਨਹੀਂ ਕਰ ਸਕਦਾ ਹੈ, ਜਦਕਿ ਪ੍ਰਮਾਣੂ ਬੰਬ ਬਣਾਉਣ ਲਈ 90 ਫੀਸਦੀ ਸੰਸ਼ੋਧਿਤ ਯੂਰੇਨੀਅਮ ਦੀ ਲੋੜ ਹੁੰਦੀ ਹੈ। ਕਈ ਮਹੀਨਿਆਂ ਦੀ ਦੇਰੀ ਤੋਂ ਬਾਅਦ ਯੂਰਪੀਅਨ ਸੰਘ, ਈਰਾਨ ਤੇ ਅਮਰੀਕਾ ਨੇ ਬੁੱਧਵਾਰ ਨੂੰ ਐਲਾਨ ਕੀਤਾ ਸੀ ਕਿ ਸਮਝੌਤੇ ਨੂੰ ਬਹਾਲ ਕਰਨ ਲਈ ਅਸਿੱਧੇ ਤੌਰ ’ਤੇ ਗੱਲਬਾਤ 29 ਨਵੰਬਰ ਤੋਂ ਦੁਬਾਰਾ ਵਿਏਨਾ ’ਚ ਸ਼ੁਰੂ ਹੋਵੇਗੀ।
ਇਹ ਵੀ ਪੜ੍ਹੋ : ਹਵਾ ਪ੍ਰਦੂਸ਼ਣ ਨਾਲ ਚੀਨ ਦਾ ਹੋਇਆ ਬੁਰਾ ਹਾਲ, ਹਾਈਵੇਅ ਕਰਨਾ ਪਿਆ ਬੰਦ
ਕਮਾਲਵੰਦੀ ਨੇ ਇਹ ਵੀ ਕਿਹਾ ਕਿ ਏਜੰਸੀ ਨੇ 25 ਕਿਲੋਗ੍ਰਾਮ 60 ਫੀਸਦੀ ਸੰਸ਼ੋਧਿਤ ਯੂਰੇਨੀਅਮ ਦਾ ਵੀ ਉਤਪਾਦਨ ਕੀਤਾ ਹੈ, ਇਸ ਪੱਧਰ ਦਾ ਉਤਪਾਦਨ ਕਰਨ ਦੀ ਸਮਰੱਥਾ ਸਿਰਫ਼ ਪ੍ਰਮਾਣੂ ਹਥਿਆਰਾਂ ਨਾਲ ਸੰਪੰਨ ਦੇਸ਼ਾਂ ਕੋਲ ਹੈ। ਸਾਲ 2018 ’ਚ ਅਮਰੀਕਾ ਦੇ ਤੱਤਕਾਲੀ ਰਾਸ਼ਟਰਪਤੀ ਡੋਨਾਲਡ ਟ੍ਰੰਪ ਈਰਾਨ ਦੇ ਨਾਲ ਹੋਏ ਪ੍ਰਮਾਣੂ ਸਮਝੌਤੇ ਤੋਂ ਹਟਣ ਦਾ ਫ਼ੈਸਲਾ ਕੀਤਾ ਸੀ ਪਰ ਬ੍ਰਿਟੇਨ, ਫਰਾਂਸ, ਜਰਮਨੀ, ਚੀਨ ਤੇ ਰੂਸ ਨੇ ਇਸ ਸਮਝੌਤੇ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ। ਮੰਨਿਆ ਜਾ ਰਿਹਾ ਹੈ ਕਿ ਤਹਿਰਾਨ ਜਾਣਬੁੱਝ ਕੇ ਸ਼ਰਤਾਂ ਦੀ ਉਲੰਘਣਾ ਕਰ ਰਿਹਾ ਹੈ ਤਾਂ ਕਿ ਖਾਸ ਤੌਰ ’ਤੇ ਯੂਰਪ ’ਤੇ ਦਬਾਅ ਬਣਾਇਆ ਜਾ ਸਕੇ ਕਿ ਉਹ ਅਮਰੀਕਾ ਵੱਲੋਂ ਸਮਝੌਤੇ ਤੋਂ ਹਟਣ ਤੋਂ ਬਾਅਦ ਪਾਬੰਦੀਆਂ ਨੂੰ ਬਹਾਲ ਕਰਨ ਦੇ ਕਦਮ ਲਈ ਉਤਸ਼ਾਹ ਦੇਵੇ। ਈਰਾਨ ਦੇ ਪ੍ਰਮਾਣੂ ਮੁਖੀ ਮੁਹੰਮਦ ਇਸਲਾਮੀ ਨੇ 15 ਸਤੰਬਰ ਨੂੰ ਕਿਹਾ ਸੀ ਕਿ ਉਨ੍ਹਾਂ ਦੇ ਦੇਸ਼ ਨੇ ਪ੍ਰਮਾਣੂ ਸਥਾਪਨਾਵਾਂ ’ਤੇ ਲੱਗੇ ਸੰਯੁਕਤ ਰਾਸ਼ਟਰ ਦੇ ਨਿਗਰਾਨੀ ਕੈਮਰਿਆਂ ਨੂੰ ਵੀ ਹਟਾ ਦਿੱਤਾ ਹੈ ਕਿਉਂਕਿ ਸਮਝੌਤੇ ’ਤੇ ਦਸਤਖ਼ਤ ਕਰਨ ਵਾਲਿਆਂ ਨੇ ਆਪਣਾ ਵਾਅਦਾ ਪੂਰਾ ਨਹੀਂ ਕੀਤਾ ਹੈ।