ਆਸਟ੍ਰੇਲੀਆ ''ਚ ਇਪਸਾ ਵੱਲੋਂ ਜਗਵਿੰਦਰ ਜੋਧਾ ਦੀ ਕਿਤਾਬ ‘ਮੈਂ-ਅਮੈਂ’ ਲੋਕ ਅਰਪਣ

Sunday, Nov 14, 2021 - 03:35 PM (IST)

ਆਸਟ੍ਰੇਲੀਆ ''ਚ ਇਪਸਾ ਵੱਲੋਂ ਜਗਵਿੰਦਰ ਜੋਧਾ ਦੀ ਕਿਤਾਬ ‘ਮੈਂ-ਅਮੈਂ’ ਲੋਕ ਅਰਪਣ

ਬ੍ਰਿਸਬੇਨ (ਸੁਰਿੰਦਰਪਾਲ ਸਿੰਘ ਖੁਰਦ): ਆਸਟ੍ਰੇਲੀਆ ਦੀ ਨਾਮਵਰ ਸਾਹਿਤਕ ਸੰਸਥਾ ਇੰਡੋਜ਼ ਪੰਜਾਬੀ ਸਾਹਿਤ ਅਕਾਡਮੀ ਆਫ਼ ਆਸਟ੍ਰੇਲੀਆ ਵੱਲੋਂ ਸਥਾਨਕ ਇੰਡੋਜ਼ ਪੰਜਾਬੀ ਲਾਇਬ੍ਰੇਰੀ ਇਨਾਲਾ ਵਿਖੇ ਪੰਜਾਬੀ ਦੇ ਯੁਵਾ ਆਲੋਚਕ ਅਤੇ ਸ਼ਾਇਰ ਜਗਵਿੰਦਰ ਜੋਧਾ ਦੀ ਨਵ ਪ੍ਰਕਾਸ਼ਿਤ ਕਿਤਾਬ ‘ਮੈਂ ਅਮੈ’ ਦਾ ਵਿਮੋਚਨ ਕੀਤਾ ਗਿਆ। ਸਮਾਗਮ ਦੀ ਸ਼ੁਰੂਆਤ ਸੰਸਥਾ ਦੇ ਸੀਨੀਅਰ ਮੈਂਬਰ ਮਨਜੀਤ ਬੋਪਾਰਾਏ ਦੇ ਸਵਾਗਤੀ ਸ਼ਬਦਾਂ ਨਾਲ ਹੋਈ, ਉਨ੍ਹਾਂ ਨੇ ਸੰਸਥਾ ਦੇ ਇਤਿਹਾਸ ਅਤੇ ਬ੍ਰਿਸਬੇਨ ਵਿਚ ਮੁੱਢਲੇ ਦੌਰ ਦੀਆਂ ਸਰਗਰਮੀਆਂ ਬਾਰੇ ਚਾਨਣਾ ਪਾਇਆ। 

ਸ਼ਾਇਰ ਰੁਪਿੰਦਰ ਸੋਜ਼ ਨੇ ਕਿਤਾਬ ਬਾਰੇ ਬੋਲਦਿਆਂ ਕਿਹਾ ਜਗਵਿੰਦਰ ਦੀ ਗਜ਼ਲ ਵਿਚ ਵਿਚਾਰ ਸਹਿਜ-ਭਾਵੀ ਰੂਪ ਅੰਕਿਤ ਹੁੰਦੇ ਹਨ। ਇਸ ਕਿਤਾਬ ਵਿਚ ਦਰਜ ਗ਼ਜ਼ਲਾਂ ਯਥਾਰਥ ਵਿੱਚੋਂ ਕਸ਼ੀਦੇ ਅਨੁਭਵਾਂ ਦਾ ਪ੍ਰਗਟਾਵਾ ਹੈ। ਸਰਬਜੀਤ ਸੋਹੀ ਨੇ ਜਗਵਿੰਦਰ ਦੀ ਸ਼ਾਇਰੀ ਨੂੰ ਪੰਜਾਬੀ ਕਵਿਤਾ ਦਾ ਨਿਵੇਕਲਾ ਹਾਸਲ ਆਖਦਿਆਂ ਇਸ ਨੂੰ ਮਾਨਵੀ ਸੰਵੇਦਨਾ ਅਤੇ ਪਰਿਵਾਰਕ ਸਮੀਕਰਨਾਂ ਦੀ ਭਾਵਨਾਤਮਕ ਪੇਸ਼ਕਾਰੀ ਕਿਹਾ।ਇਸ ਮੌਕੇ ਹੋਏ ਕਵੀ ਦਰਬਾਰ ਵਿਚ ਹਾਜ਼ਰੀਨ ਕਲਮਕਾਰਾਂ ਨੇ ਆਪਣੀਆਂ ਰਚਨਾਵਾਂ ਪੇਸ਼ ਕੀਤੀਆਂ। ਕਵੀ ਦਰਬਾਰ ਦੀ ਸ਼ੁਰੂਆਤ ਹੈਪੀ ਚਾਹਲ ਦੇ ਰਿਸ਼ਤਿਆਂ ਬਾਰੇ ਭਾਵਪੂਰਤ ਗੀਤ ਨਾਲ ਹੋਈ। 

ਪੜ੍ਹੋ ਇਹ ਅਹਿਮ ਖਬਰ - ਆਸਟ੍ਰੇਲੀਆ ਜਨਵਰੀ ਤੋਂ 12 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦਾ ਕਰੇਗਾ ਟੀਕਾਕਰਨ

ਇਸ ਉਪਰੰਤ ਸੁਰਜੀਤ ਸੰਧੂ, ਆਤਮਾ ਸਿੰਘ ਹੇਅਰ, ਪੁਸ਼ਪਿੰਦਰ ਤੂਰ, ਚੇਤਨਾ ਗਿੱਲ, ਪਾਲ ਰਾਊਕੇ, ਹਰਜੀਤ ਕੌਰ ਸੰਧੂ, ਦਲਵੀਰ ਹਲਵਾਰਵੀ ਨੇ ਆਪਣੀਆਂ ਕਵਿਤਾਵਾਂ ਅਤੇ ਗੀਤਾਂ ਨਾਲ ਭਰਵੀਂ ਹਾਜ਼ਰੀ ਲਵਾਈ। ਇਸ ਸਮਾਗਮ ਵਿਚ ਹੋਰਨਾਂ ਤੋਂ ਇਲਾਵਾ ਪ੍ਰਧਾਨ ਅਮਰਜੀਤ ਮਾਹਲ, ਤਰਸੇਮ ਸਿੰਘ ਸਹੋਤਾ, ਲਿਬਰਲ ਆਗੂ ਪਿੰਕੀ ਸਿੰਘ, ਦੀਪਇੰਦਰ ਸਿੰਘ, ਰਛਪਾਲ ਸਿੰਘ ਗਿੱਲ, ਸ਼ਮਸ਼ੇਰ ਸਿੰਘ ਚੀਮਾ, ਹਰਦੇਵ ਸਿੰਘ ਧੀਰੇਕੋਟ ਅਤੇ ਗੁਰਦੀਪ ਸਿੰਘ ਮਲਹੋਤਰਾ ਮੌਜੂਦ ਸਨ। ਸਟੇਜ ਸੈਕਟਰੀ ਦੀ ਭੂਮਿਕਾ ਦਲਵੀਰ ਹਲਵਾਰਵੀ ਵੱਲੋਂ ਬਾਖੂਬੀ ਨਿਭਾਈ ਗਈ।


author

Vandana

Content Editor

Related News