ਸਿਡਨੀ ’ਚ ਮਨਾਇਆ ਗਿਆ ‘ਇੰਟਰਨੈਸ਼ਨਲ ਡੇਅ ਆਫ ਯੋਗਾ’ 2022
Sunday, Sep 18, 2022 - 09:47 AM (IST)
ਸਿਡਨੀ (ਜ.ਬ.)- ‘ਇੰਟਰਨੈਸ਼ਨਲ ਡੇਅ ਆਫ ਯੋਗਾ’ 2022 ਸਿਡਨੀ ’ਚ ਧੂਮ-ਧਾਮ ਨਾਲ ਮਨਾਇਆ ਗਿਆ। ਇਸ ਸਬੰਧੀ ਸਮਾਰੋਹ ਦਾ ਆਯੋਜਨ ਸਵਾਮੀ ਵਿਵੇਕਾਨੰਦ ਕਲਚਰਲ ਸੈਂਟਰ ਤੇ ਕਾਂਸੂਲੇਟ ਜਨਰਲ ਆਫ ਇੰਡੀਆ ਵੱਲੋਂ ਸ਼੍ਰੀਮਦ ਰਾਜਚੰਦਰਾ ਮਿਸ਼ਨ ਧਰਮਪੁਰ ਦੇ ਸਹਿਯੋਗ ਨਾਲ ਕੀਤਾ ਗਿਆ। ਇਸ ’ਚ 400 ਤੋਂ ਵੱਧ ਲੋਕਾਂ ਨੇ ਉਤਸ਼ਾਹ ਨਾਲ ਹਿੱਸਾ ਲਿਆ ਤੇ ਯੋਗਾ ਕੀਤਾ।
ਸਮਾਰੋਹ ਦਾ ਉਦਘਾਟਨ ਕਾਂਸੂਲੇਟ ਜਨਰਲ ਆਫ ਇੰਡੀਆ ਮਨੀਸ਼ ਗੁਪਤਾ ਨੇ ਕੀਤਾ। ਇਸ ਮੌਕੇ ’ਤੇ ਚੋਟੀ ਦੇ ਹੋਰ ਅਧਿਕਾਰੀ ਵੀ ਮੌਜੂਦ ਸਨ। ਗੁਪਤਾ ਨੇ ਸ਼ਮ੍ਹਾ ਰੌਸ਼ਨ ਕਰ ਕੇ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ। ਇਸ ਮੌਕੇ ਇਕ ਸਕੂਲ ਦੇ ਵਿਦਿਆਰਥੀਆਂ ਨੇ ‘ਯਜੁਰਵੇਦ’ ’ਚੋਂ ਸ਼ਾਂਤੀ ਦਾ ਪਾਠ ਕੀਤਾ। ਸਿਡਨੀ ਦੇ ਮੰਨੇ-ਪ੍ਰਮੰਨੇ ਯੋਗਾਚਾਰੀਆ ਆਪਣੇ ਪੈਰੋਕਾਰਾਂ ਨਾਲ ਪੁੱਜੇ ਹੋਏ ਸਨ। ਸਿਡਨੀ ਦੇ ਇਕ ਕਲਾਕਾਰ ਵਿਕਾਸ ਪਵਾਰ ਨੇ ਬੰਸਰੀ ਵਾਦਨ ਨਾਲ ਲੋਕਾਂ ਦਾ ਮਨ ਮੋਹ ਲਿਆ। ਉਨ੍ਹਾਂ ਦਾ ਤਬਲੇ ’ਤੇ ਅਮਨਪਾਲ ਨੇ ਸਾਥ ਦਿੱਤਾ। ਦੋਹਾਂ ਨੇ ਰਾਗ ਯਮਨ ਦੀ ਪੇਸ਼ਕਾਰੀ ਦਿੱਤੀ।ਇਸ ਮੌਕੇ ’ਤੇ ਵੱਖ-ਵੱਖ ਉਮਰ ਵਰਗ ਦੇ ਲੋਕਾਂ ਨੇ ਯੋਗ ਆਸਣ ਕੀਤੇ। ਸਭ ਦੇ ਚਿਹਰਿਆਂ ’ਤੇ ਮੁਸਕਾਨ ਸਪਸ਼ਟ ਨਜ਼ਰ ਆ ਰਹੀ ਸੀ।
ਪੜ੍ਹੋ ਇਹ ਅਹਿਮ ਖ਼ਬਰ- ਚੀਨ ਨੂੰ ਨਹੀਂ ਮਿਲੀ ਬ੍ਰਿਟਿਸ਼ ਮਹਾਰਾਣੀ ਦੇ 'ਲਾਈਂਗ ਇਨ ਸਟੇਟ' ਪ੍ਰੋਗਰਾਮ 'ਚ ਦਾਖਲ ਹੋਣ ਦੀ ਇਜਾਜ਼ਤ
ਪ੍ਰੋਗਰਾਮ ਦੀ ਸਮਾਪਤੀ ਡਾ. ਧਵਲ ਗਿਲਾਨੀ ਨੇ ਕੀਤੀ। ਉਹ ਐੱਸ. ਆਰ. ਐੱਮ. ਡੀ. ਆਸਟ੍ਰੇਲੀਆ ਦੇ ਮੁਖੀ ਹਨ। ਪ੍ਰੋਗਰਾਮ ਦੌਰਾਨ ਜੇਤੂ ਲੋਕਾਂ ਨੂੰ ਸਨਮਾਨਿਤ ਕੀਤਾ ਗਿਆ। ਮਹਿਮਾਨਾਂ ਨੇ ਰੋਜ਼ਾਨਾ ਦੀ ਜ਼ਿੰਦਗੀ ’ਚ ਯੋਗਾ ਦੀ ਅਹਿਮੀਅਤ ’ਤੇ ਜ਼ੋਰ ਦਿੱਤਾ ਅਤੇ ਕਿਹਾ ਕਿ ਯੋਗਾ ਕਰਨ ਨਾਲ ਜ਼ਿੰਦਗੀ ਸੰਤੁਲਿਤ ਰਹਿੰਦੀ ਹੈ। ਇਸ ਮੌਕੇ ਵੱਖ-ਵੱਖ ਸਕੂਲਾਂ, ਕਾਲਜਾਂ ਅਤੇ ਯੂਨੀਵਰਸਿਟੀਆਂ ਦੇ ਵਿਦਿਆਰਥੀਆਂ ਨੇ ਮੈਡੀਟੇਸ਼ਨ ਵੀ ਕੀਤੀ।