ਇੰਡੋਨੇਸ਼ੀਆ ''ਚ ਡੁੱਬਿਆ ਕਾਰਗੋ ਜਹਾਜ਼, 17 ਲੋਕ ਲਾਪਤਾ

06/05/2019 1:54:30 PM

ਜਕਾਰਤਾ (ਭਾਸ਼ਾ)— ਇੰਡੋਨੇਸ਼ੀਆ ਦੇ ਪੂਰਬੀ ਹਿੱਸੇ ਵਿਚ ਇਕ ਕਾਰਗੋ ਜਹਾਜ਼ ਡੁੱਬ ਗਿਆ। ਇਸ ਹਾਦਸੇ ਦੇ ਬਾਅਦ 17 ਲੋਕ ਲਾਪਤਾ ਹਨ। ਅਧਿਕਾਰੀਆਂ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਉਨ੍ਹਾਂ ਨੇ ਦੱਸਿਆ ਕਿ ਸ਼ਨੀਵਾਰ ਨੂੰ ਇਹ ਜਹਾਜ਼ ਪਲਟ ਗਿਆ ਸੀ। ਇਸ ਵਿਚ 18 ਲੋਕ ਸਵਾਰ ਸਨ। ਜਹਾਜ਼ ਸੁਲਾਵੇਸੀ ਟਾਪੂ ਦੇ ਬਿਤੁੰਗ ਤੋਂ ਦੱਖਣ ਵਿਚ ਸਥਿਤ ਮੋਰੋਵਾਲੀ ਜਾ ਰਿਹਾ ਸੀ।

ਮੰਗਲਵਾਰ ਨੂੰ ਨੇੜਿਓਂ ਲੰਘ ਰਹੀ ਇਕ ਕਿਸ਼ਤੀ ਨੇ ਜਹਾਜ਼ ਦੇ 35 ਸਾਲਾ ਇਕ ਵਿਅਕਤੀ ਨੂੰ ਦੇਖਿਆ ਜੋ ਲਾਈਫ ਜੈਕਟ ਪਹਿਨੇ ਹੋਏ ਸੀ। ਇਸ ਵਿਅਕਤੀ ਦਾ ਇਲਾਜ ਚੱਲ ਰਿਹਾ ਹੈ। ਖੋਜ ਅਤੇ ਬਚਾਅ ਅਧਿਕਾਰੀ ਬਾਸਰਾਨੋ ਨੇ ਦੱਸਿਆ ਕਿ ਜਹਾਜ਼ ਦੇ ਚਾਲਕ ਦਲ ਦੇ 17 ਮੈਂਬਰਾਂ ਦੀ ਤਲਾਸ਼ ਕੀਤੀ ਜਾ ਰਹੀ ਹੈ। 80 ਮੀਟਰ ਲੰਬਾ ਕੇ.ਐੱਮ. ਲਿਨਟਾਸ ਤਿਮੂਰ ਜਹਾਜ਼ ਸੀਮੈਂਟ ਲੈ ਕੇ ਜਾ ਰਿਹਾ ਸੀ। ਜਾਣਕਾਰੀ ਮੁਤਾਬਕ ਇਸ ਦੇ ਇੰਜਣਾਂ ਨੇ ਕੰਮ ਕਰਨਾ ਬੰਦ ਕਰ ਦਿੱਤਾ ਅਤੇ ਜਹਾਜ਼ ਖਰਾਬ ਮੌਸਮ ਵਿਚ ਪਲਟ ਗਿਆ।


Vandana

Content Editor

Related News