UAE ''ਚ ਭਾਰਤੀ ਔਰਤਾਂ ਨੇ ਵਾਤਾਵਰਣ ਨੂੰ ਬਚਾਉਣ ਲਈ ਵਿੱਢੀ ਮੁਹਿੰਮ

10/06/2019 2:12:40 PM

ਦੁਬਈ— ਸੰਯੁਕਤ ਅਰਬ ਅਮੀਰਾਤ 'ਚ ਭਾਰਤੀ ਔਰਤਾਂ ਨੇ ਵਾਤਾਵਰਣ ਨੂੰ ਬਚਾਉਣ ਲਈ ਮੁਹਿੰਮ ਵਿੱਢੀ ਹੈ। 'ਦਿ ਇੰਡੀਅਨ ਲੇਡੀਜ਼ ਐਸੋਸੀਏਸ਼ਨ' ਯੂ. ਏ. ਈ. ਵਲੋਂ ਵਾਤਾਵਰਣ ਦੀ ਸੰਭਾਲ ਲਈ ਇਕ ਸਾਲ ਦਾ ਲੰਬਾ ਮਿਸ਼ਨ ਚਲਾਇਆ। ਇਸ ਤਹਿਤ ਆਬੂ ਧਾਬੀ 'ਚ ਦਰੱਖਤ ਲਗਾਉਣ, ਬੀਚਾਂ ਦੀ ਸਫਾਈ ਕਰਨ, ਖਰਾਬ ਕਾਗਜ਼ ਅਤੇ ਈ-ਵੇਸਟ ਆਦਿ ਨੂੰ ਸਾਫ ਕਰਨਾ ਸ਼ਾਮਲ ਹੈ। ਐਸੋਸੀਏਸ਼ਨ ਦੀ ਪ੍ਰਧਾਨ ਭਾਰਤੀ ਮੂਲ ਦੀ ਸੁਨੀਤਾ ਵੇਗਲ ਹੈ। ਉਨ੍ਹਾਂ ਨੇ ਦੱਸਿਆ ਕਿ ਉਹ ਹੁਣ ਤਕ 500 ਕਿਲੋ ਕੂੜਾ ਇਕੱਠਾ ਕਰ ਚੁੱਕੇ ਹਨ। ਉਨ੍ਹਾਂ ਨੇ ਸਫਾਈ ਦੌਰਾਨ ਦਫਤਰੀ ਕੰਮਾਂ ਲਈ ਵਰਤੇ ਗਏ ਕਾਗਜ਼, ਮੈਗਜ਼ੀਨ, ਪੁਰਾਣੀਆਂ ਕਿਤਾਬਾਂ, ਕਾਗਜ਼ ਦੇ ਲਿਫਾਫੇ, ਕਿਤਾਬਾਂ ਅਤੇ ਅਖਬਾਰਾਂ ਦੀਆਂ ਕਾਪੀਆਂ ਇਕੱਠੀਆਂ ਕੀਤੀਆਂ ਤੇ ਆਲੇ-ਦੁਆਲੇ ਨੂੰ ਸਾਫ ਕੀਤਾ।

ਐਸੋਸੀਏਸ਼ਨ ਵਾਤਾਵਰਣ ਨੂੰ ਸਾਫ ਤੇ ਸਮਾਜ ਨੂੰ ਇਸ ਪ੍ਰਤੀ ਸੁਚੇਤ ਕਰਨ ਲਈ ਲੋਕਾਂ ਨੂੰ ਜਾਗਰੂਕ ਕਰ ਰਿਹਾ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨਾਲ ਕਈ ਲੋਕ ਜੁੜ ਚੁੱਕੇ ਹਨ ਤੇ ਉਹ ਮਿਲ ਕੇ ਸਮਾਜ ਨੂੰ ਜਾਣਕਾਰੀ ਦੇ ਰਹੇ ਹਨ ਕਿ ਕਿਵੇਂ ਉਹ ਛੋਟੀ ਜਿਹੀ ਕੋਸ਼ਿਸ਼ ਕਰਕੇ ਵਾਤਾਵਰਣ ਨੂੰ ਦੂਸ਼ਿਤ ਹੋਣ ਤੋਂ ਬਚਾਅ ਸਕਦੇ ਹਨ। ਉਨ੍ਹਾਂ ਦੱਸਿਆ ਕਿ ਅਕਤੂਬਰ ਦੇ ਅਖੀਰ ਤਕ ਉਹ ਨਿੰਮ ਵਰਗੇ ਪੌਦੇ ਲਗਾਉਣ ਸਬੰਧੀ ਇਕ ਪਲਾਨ ਲਾਂਚ ਕਰਨਗੇ। ਉਹ ਪੌਦੇ ਲਗਾ ਕੇ ਇਨ੍ਹਾਂ ਦੀ ਸੰਭਾਲ ਸਬੰਧੀ ਕੰਮ ਕਰਾਂਗੇ। ਉਨ੍ਹਾਂ ਕਿਹਾ ਕਿ ਐਸੋਸੀਏਸ਼ਨ ਲੋਕਾਂ ਨੂੰ ਇਕ ਪਲੈਟਫਾਰਮ ਦੇ ਰਹੀ ਹੈ ਤਾਂ ਕਿ ਲੋਕ ਵਾਤਾਵਰਣ ਬਚਾਉਣ ਲਈ ਕੋਸ਼ਿਸ਼ ਕਰ ਸਕਣ। ਤੁਹਾਨੂੰ ਦੱਸ ਦਈਏ ਕਿ 'ਦਿ ਇੰਡੀਅਨ ਲੇਡੀਜ਼ ਐਸੋਸੀਏਸ਼ਨ' ਆਬੂ ਧਾਬੀ 'ਚ ਉਨ੍ਹਾਂ 5 ਭਾਰਤੀ ਭਾਈਚਾਰੇ ਦੀਆਂ ਆਰਗੇਨਾਇਜ਼ੇਸ਼ਨਾਂ 'ਚੋਂ ਇਕ ਹੈ ਜੋ ਯੂ. ਏ. ਈ. ਮਿਨਿਸਟਰੀ ਆਫ ਕਮਿਊਨਟੀ ਵਿਭਾਗ ਵਲੋਂ ਰਜਿਸਟਰਡ ਹਨ।


Related News