ਯੂਕ੍ਰੇਨ ਦੇ ਸੁਮੀ ''ਚ ਫਸੇ ਭਾਰਤੀ ਵਿਦਿਆਰਥੀਆਂ ਨੂੰ ਨਹੀਂ ਦਿਸ ਰਹੀ ਸੁਰੱਖਿਅਤ ਬਚਣ ਦੀ ਕੋਈ ਉਮੀਦ
Monday, Mar 07, 2022 - 06:07 PM (IST)
ਇੰਟਰਨੈਸ਼ਨਲ ਡੈਸਕ (ਭਾਸ਼ਾ)- ਯੂਕ੍ਰੇਨ ਦੇ ਉੱਤਰ-ਪੂਰਬੀ ਸੁਮੀ ਸ਼ਹਿਰ ਵਿੱਚ ਫਸੇ ਇੱਕ ਭਾਰਤੀ ਵਿਦਿਆਰਥੀ ਨੇ ਇੱਕ ਵੀਡੀਓ ਸੰਦੇਸ਼ ਵਿੱਚ ਕਿਹਾ ਕਿ ਉਹ ਅਤੇ ਕੁਝ ਵਿਦਿਆਰਥੀ ਪਿਛਲੇ 10 ਦਿਨਾਂ ਤੋਂ ਇੰਤਜ਼ਾਰ ਕਰ ਰਹੇ ਹਨ ਪਰ ਉਮੀਦ ਦੀ ਕੋਈ ਕਿਰਨ ਨਹੀਂ ਦਿਸ ਰਹੀ ਹੈ ਕਿ ਉਨ੍ਹਾਂ ਨੂੰ ਇੱਥੋਂ ਕਦੋਂ ਸੁਰੱਖਿਅਤ ਕੱਢਿਆ ਜਾਵੇਗਾ। ਸੁਮੀ ਸਟੇਟ ਯੂਨੀਵਰਸਿਟੀ ਵਿੱਚ ਪੜ੍ਹਦੀ ਇੱਕ ਵਿਦਿਆਰਥਣ ਨੇ ਦੱਸਿਆ ਕਿ ਇੱਥੇ ਨਾ ਬਿਜਲੀ ਹੈ, ਨਾ ਪਾਣੀ ਆ ਰਿਹਾ ਹੈ ਅਤੇ ਦੁਕਾਨਦਾਰ ਕ੍ਰੈਡਿਟ ਜਾਂ ਡੈਬਿਟ ਕਾਰਡ ਨਹੀਂ ਲੈ ਰਹੇ ਹਨ, ਜਦੋਂ ਕਿ ਏ.ਟੀ.ਐਮ ਵਿੱਚ ਵੀ ਪੈਸੇ ਨਹੀਂ ਹਨ। ਉਸ ਨੇ ਕਿਹਾ ਕਿ ਅਸੀਂ ਜ਼ਰੂਰੀ ਵਸਤਾਂ ਅਤੇ ਖਾਣ-ਪੀਣ ਦੀਆਂ ਚੀਜ਼ਾਂ ਵੀ ਖਰੀਦਣ ਵਿਚ ਵੀ ਸਮਰੱਥ ਨਹੀਂ ਹਾਂ।
ਪੜ੍ਹੋ ਇਹ ਅਹਿਮ ਖ਼ਬਰ- ਜੰਗ ਦੇ ਬਾਵਜੂਦ ਚੀਨ ਨੇ ਰੂਸ ਨੂੰ ਦੱਸਿਆ ਆਪਣਾ ਮੁੱਖ "ਕੂਟਨੀਤਕ ਭਾਈਵਾਲ"
ਸੂਮੀ 'ਚ ਲਗਭਗ 700 ਭਾਰਤੀ ਵਿਦਿਆਰਥੀ ਫਸੇ ਹੋਏ ਹਨ, ਜਿੱਥੇ ਪਿਛਲੇ ਕੁਝ ਦਿਨਾਂ ਤੋਂ ਰੂਸੀ ਅਤੇ ਯੂਕ੍ਰੇਨੀ ਫ਼ੌਜੀਆਂ ਵਿਚਾਲੇ ਭਿਆਨਕ ਜੰਗ ਚੱਲ ਰਹੀ ਹੈ। ਭਾਰਤ ਸ਼ਹਿਰ ਤੋਂ ਆਪਣੇ ਨਾਗਰਿਕਾਂ ਨੂੰ ਕੱਢਣ ਦੀ ਕੋਸ਼ਿਸ਼ ਕਰ ਰਿਹਾ ਹੈ ਪਰ ਭਾਰੀ ਗੋਲਾਬਾਰੀ ਅਤੇ ਹਵਾਈ ਹਮਲਿਆਂ ਕਾਰਨ ਇਸ ਵਿਚ ਸਫਲਤਾ ਨਹੀਂ ਮਿਲ ਪਾ ਰਹੀ ਹੈ। ਸੂਮੀ ਵਿੱਚ ਫਸੇ ਇੱਕ ਹੋਰ ਭਾਰਤੀ ਵਿਦਿਆਰਥੀ ਆਸ਼ਿਕ ਹੁਸੈਨ ਸਰਕਾਰ ਨੇ ਪੀਟੀਆਈ ਨੂੰ ਦੱਸਿਆ ਕਿ ਸਾਡੀ ਹਿੰਮਤ ਜਵਾਬ ਦੇ ਰਹੀ ਹੈ। ਅਸੀਂ ਅਜੇ ਵੀ ਨਵੀਨਤਮ ਜਾਣਕਾਰੀ ਦੀ ਉਡੀਕ ਕਰ ਰਹੇ ਹਾਂ। ਮੈਡੀਕਲ ਦੇ ਚੌਥੇ ਸਾਲ ਦੇ ਵਿਦਿਆਰਥੀ ਅਜੀਤ ਗੰਗਾਧਰਨ ਨੇ ਕਿਹਾ ਕਿ ਅਸੀਂ ਪੈਦਲ ਚੱਲਣ ਲਈ ਤਿਆਰ ਸੀ ਪਰ ਸਰਕਾਰ ਨੇ ਸਾਨੂੰ ਰੁਕਣ ਅਤੇ ਕੋਈ ਜੋਖਮ ਨਾ ਲੈਣ ਲਈ ਕਿਹਾ। ਅਸੀਂ ਰੁਕ ਗਏ ਪਰ ਕਿੰਨਾ ਚਿਰ?
ਪੜ੍ਹੋ ਇਹ ਅਹਿਮ ਖ਼ਬਰ- ਰੂਸ 'ਤੇ ਪਾਬੰਦੀਆਂ ਲਗਾਉਣ ਲਈ ਨਵਾਂ ਕਾਨੂੰਨ ਬਣਾਏਗਾ ਨਿਊਜ਼ੀਲੈਂਡ
ਸੁਮੀ ਵਿਚ ਫਸੇ ਭਾਰਤੀ ਵਿਦਿਆਰਥੀਆਂ ਨੇ ਸ਼ਨੀਵਾਰ ਨੂੰ ਇਕ ਵੀਡੀਓ ਕਲਿਪ ਸੋਸ਼ਲ ਮੀਡੀਆ 'ਤੇ ਪਾ ਕੇ ਐਲਾਨ ਕੀਤਾ ਸੀ ਕਿ ਉਹਨਾਂ ਨੇ ਸੰਘਰਸ਼ ਦਰਮਿਆਨ ਕੜਾਕੇ ਦੀ ਠੰਡ ਵਿਚ ਰੂਸ ਦੀ ਸਰਹੱਦ ਤੱਕ ਪੈਦਲ ਜਾਣ ਦਾ ਜੋਖਮ ਲੈਣ ਦਾ ਫ਼ੈਸਲਾ ਲਿਆ ਹੈ। ਇਸ ਤੋਂ ਬਾਅਦ ਦਿੱਲੀ ਦੇ ਸਰਕਾਰੀ ਹਲਕਿਆਂ 'ਚ ਉਨ੍ਹਾਂ ਦੀ ਸੁਰੱਖਿਆ ਨੂੰ ਲੈ ਕੇ ਖਦਸ਼ਾ ਪੈਦਾ ਹੋ ਗਿਆ ਸੀ। ਵੀਡੀਓ ਜਾਰੀ ਹੋਣ ਤੋਂ ਥੋੜ੍ਹੀ ਦੇਰ ਬਾਅਦ ਭਾਰਤ ਸਰਕਾਰ ਨੇ ਵਿਦਿਆਰਥੀਆਂ ਨੂੰ ਬੰਕਰਾਂ ਅਤੇ ਹੋਰ ਸ਼ੈਲਟਰਾਂ ਵਿੱਚ ਰਹਿਣ ਲਈ ਕਿਹਾ ਅਤੇ ਭਰੋਸਾ ਦਿੱਤਾ ਕਿ ਉਨ੍ਹਾਂ ਨੂੰ ਜਲਦੀ ਹੀ ਬਾਹਰ ਕੱਢ ਲਿਆ ਜਾਵੇਗਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਮਵਾਰ ਨੂੰ ਯੂਕ੍ਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨਾਲ ਫੋਨ 'ਤੇ ਗੱਲ ਕੀਤੀ ਅਤੇ ਸੂਮੀ 'ਚ ਫਸੇ ਭਾਰਤੀ ਵਿਦਿਆਰਥੀਆਂ ਨੂੰ ਕੱਢਣ ਲਈ ਉਨ੍ਹਾਂ ਦਾ 'ਸਹਿਯੋਗ' ਮੰਗਿਆ।
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।