ਖ਼ੁਲਾਸਾ: ਤਾਲਿਬਾਨ ਨੇ ਜ਼ਿੰਦਾ ਫੜਿਆ ਸੀ ਦਾਨਿਸ਼ ਸਿੱਦੀਕੀ ਨੂੰ, ਜਦੋਂ ਪਤਾ ਲੱਗਾ ਭਾਰਤੀ ਹੈ ਤਾਂ ਬੇਰਹਿਮੀ ਨਾਲ ਕੀਤਾ ਕਤਲ
Friday, Jul 30, 2021 - 01:07 PM (IST)
ਵਾਸ਼ਿੰਗਟਨ (ਭਾਸ਼ਾ) : ਪੁਲਿਤਜ਼ਰ ਪੁਰਸਕਾਰ ਜੇਤੂ ਭਾਰਤੀ ਫੋਟੋ ਪੱਤਰਕਾਰ ਦਾਨਿਸ਼ ਸਿੱਦੀਕੀ ਨਾ ਤਾਂ ਅਫਗਾਨਿਸਤਾਨ ਵਿਚ ਗੋਲਬਾਰੀ ਵਿਚ ਫਸ ਕੇ ਮਾਰੇ ਗਏ, ਨਾ ਹੀ ਉਹ ਇਨ੍ਹਾਂ ਘਟਨਾਵਾਂ ਦੌਰਾਨ ਜ਼ਖ਼ਮੀ ਹੋਏ, ਸਗੋਂ ਤਾਲਿਬਾਨ ਵੱਲੋਂ ਉਨ੍ਹਾਂ ਦੀ ਪਛਾਣ ਕਰਨ ਦੇ ਬਾਅਦ ‘ਬੇਰਹਿਮੀ ਨਾਲ ਕਤਲ’ ਕੀਤਾ ਗਿਆ ਸੀ। ਅਮਰੀਕਾ ਦੀ ਇਕ ਮੈਗਜ਼ੀਨ ਨੇ ਵੀਰਵਾਰ ਨੂੰ ਪ੍ਰਕਾਸ਼ਿਤ ਇਕ ਰਿਪੋਰਟ ਵਿਚ ਇਹ ਦਾਅਵਾ ਕੀਤਾ। ਸਿੱਦੀਕੀ (38) ਅਫਗਾਨਿਸਤਾਨ ਵਿਚ ਅਸਾਈਨਮੈਂਟ ’ਤੇ ਸਨ ਜਦੋਂ ਉਹ ਮਾਰੇ ਗਏ।
ਪੁਰਸਕਾਰ ਜੇਤੂ ਪੱਤਰਕਾਰ ਦੀ ਕੰਧਾਰ ਸ਼ਹਿਰ ਦੇ ਸਪਿਨ ਬੋਲਡਕ ਜ਼ਿਲ੍ਹੇ ਵਿਚ ਅਫਗਾਨ ਫ਼ੌਜੀਆਂ ਅਤੇ ਤਾਲਿਬਾਨ ਵਿਚਾਲੇ ਸੰਘਰਸ਼ ਨੂੰ ਕਵਰ ਕਰਦੇ ਸਮੇਂ ਮੌਤ ਹੋਈ ਸੀ। ‘ਵਾਸ਼ਿੰਗਟਨ ਐਗਜ਼ਾਮੀਨਰ’ ਦੀ ਰਿਪੋਰਟ ਮੁਤਾਬਕ ਸਿੱਦੀਕੀ ਨੇ ਅਫਗਾਨ ਨੈਸ਼ਨਲ ਆਰਮੀ ਟੀਮ ਨਾਲ ਸਪਿਨ ਬੋਲਡਕ ਖੇਤਰ ਦੀ ਯਾਤਰਾ ਕੀਤੀ ਤਾਂ ਕਿ ਪਾਕਿਸਤਾਨ ਨਾਲ ਲੱਗਦੀ ਸਰਹੱਦ ਕ੍ਰਾਸਿੰਗ ’ਤੇ ਕੰਟਰੋਲ ਲਈ ਅਫਗਾਨ ਫ਼ੌਜਾਂ ਅਤੇ ਤਾਲਿਬਾਨ ਵਿਚਾਲੇ ਚੱਲ ਰਹੀ ਜੰਗ ਨੂੰ ਕਵਰ ਕੀਤਾ ਜਾ ਸਕੇ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਇਸ ਹਮਲੇ ਦੌਰਾਨ ਸਿੱਦੀਕੀ ਨੂੰ ਛਰਰੇ ਲੱਗੇ ਅਤੇ ਇਸ ਲਈ ਉਹ ਅਤੇ ਉਨ੍ਹਾਂ ਦੀ ਟੀਮ ਇਕ ਸਥਾਨਕ ਮਸਜਿਦ ਵਿਚ ਗਏ, ਜਿੱਥੇ ਉਨ੍ਹਾਂ ਨੂੰ ਮੁੱਢਲਾ ਇਲਾਜ ਮਿਲਿਆ।
ਇਹ ਵੀ ਪੜ੍ਹੋ: ਇਟਲੀ ਸਰਕਾਰ ਦਾ ਵੱਡਾ ਫ਼ੈਸਲਾ, ਭਾਰਤੀ ਉਡਾਣਾਂ 'ਤੇ ਲੱਗੀ ਪਾਬੰਦੀ ਦੀ ਮਿਆਦ ਵਧਾਈ
ਹਾਲਾਂਕਿ ਜਿਵੇਂ ਹੀ ਇਹ ਖ਼ਬਰ ਫੈਲੀ ਕਿ ਇਕ ਪੱਤਰਕਾਰ ਮਸਜਿਦ ਵਿਚ ਹੈ ਤਾਂ ਤਾਲਿਬਾਨ ਨੇ ਹਮਲਾ ਕਰ ਦਿੱਤਾ। ਸਥਾਨਕ ਜਾਂਚ ਤੋਂ ਪੱਤਾ ਲੱਗਾ ਹੈ ਕਿ ਤਾਲਿਬਾਨ ਨੇ ਸਿੱਦੀਕੀ ਦੀ ਮੌਜੂਦਗੀ ਕਾਰਨ ਹੀ ਮਸਜਿਦ ’ਤੇ ਹਮਲਾ ਕੀਤਾ ਸੀ। ਰਿਪੋਰਟ ਵਿਚ ਕਿਹਾ ਗਿਆ, ‘ਸਿੱਦੀਕੀ ਉਸ ਸਮੇਂ ਤੱਕ ਜ਼ਿੰਦਾ ਸਨ, ਜਦੋਂ ਤਾਲਿਬਾਨ ਨੇ ਉਨ੍ਹਾਂ ਨੂੰ ਫੜਿਆ। ਤਾਲਿਬਾਨ ਨੇ ਸਿੱਦੀਕੀ ਦੀ ਪਛਾਣ ਦੀ ਪੁਸ਼ਟੀ ਕੀਤੀ ਅਤੇ ਫਿਰ ਉਨ੍ਹਾਂ ਨੂੰ ਅਤੇ ਉਨ੍ਹਾਂ ਦੇ ਨਾਲ ਦੇ ਲੋਕਾਂ ਨੂੰ ਵੀ ਮਾਰ ਦਿੱਤਾ। ਕਮਾਂਡਰ ਅਤੇ ਉਨ੍ਹਾਂ ਦੀ ਟੀਮ ਦੇ ਬਾਕੀ ਮੈਂਬਰਾਂ ਦੀ ਮੌਤ ਹੋ ਗਈ, ਕਿਉਂਕਿ ਉਨ੍ਹਾਂ ਨੇ ਉਸ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਸੀ।’
ਅਮਰੀਕਨ ਇੰਟਰਪ੍ਰਾਈਜ਼ ਇੰਸਟੀਚਿਊਟ ਵਿਚ ਸੀਨੀਅਰ ਫੈਲੋ ਮਾਈਕਲ ਰੂਬੀਨ ਨੇ ਲਿਖਿਆ ਹੈ, ‘ਵਿਆਪਕ ਰੂਪ ਨਾਲ ਪ੍ਰਸਾਰਿਤ ਇਕ ਤਸਵੀਰ ਵਿਚ ਸਿੱਦੀਕੀ ਦੇ ਚਿਹਰੇ ਨੂੰ ਪਛਾਣਨ ਯੋਗ ਦਿਖਾਇਆ ਗਿਆ ਹੈ, ਹਾਲਾਂਕਿ ਮੈਂ ਭਾਰਤ ਸਰਕਾਰ ਦੇ ਇਕ ਸੂਤਰ ਵੱਲੋਂ ਮੈਨੂੰ ਦਿੱਤੀਆਂ ਗਈਆਂ ਹੋਰ ਤਸਵੀਰਾਂ ਅਤੇ ਸਿੱਦੀਕੀ ਦੀ ਲਾਸ਼ ਦੀ ਵੀਡੀਓ ਦੀ ਸਮੀਖਿਆ ਕੀਤੀ, ਜਿਸ ਵਿਚ ਦਿਸਿਆ ਕਿ ਤਾਲਿਬਾਨ ਨੇ ਸਿੱਦੀਕੀ ਦੇ ਸਿਰ ’ਤੇ ਹਮਲਾ ਕੀਤਾ ਅਤੇ ਫਿਰ ਉਨ੍ਹਾਂ ਨੂੰ ਗੋਲੀਆਂ ਮਾਰ ਦਿੱਤੀਆਂ।’ ਰਿਪੋਰਟ ਵਿਚ ਕਿਹਾ ਗਿਆ, ‘ਤਾਲਿਬਾਨ ਵੱਲੋਂ ਹਮਲਾ ਕਰਨ, ਸਿੱਦੀਕੀ ਨੂੰ ਮਾਰਨ ਅਤੇ ਫਿਰ ਉਨ੍ਹਾਂ ਦੀ ਲਾਸ਼ ਦੀ ਬੇਕਦਰੀ ਕਰਨ ਦਾ ਫ਼ੈਸਲਾ ਦਰਸਾਉਂਦਾ ਹੈ ਕਿ ਉਹ ਯੁੱਧ ਦੇ ਨਿਯਮਾਂ ਜਾਂ ਗਲੋਬਲ ਸੰਧੀਆਂ ਦਾ ਸਨਮਾਨ ਨਹੀਂ ਕਰਦੇ ਹਨ।’ ਸਿੱਦੀਕੀ ਦੀ ਲਾਸ਼ 18 ਜੁਲਾਈ ਦੀ ਸ਼ਾਮ ਨੂੰ ਦਿੱਲੀ ਹਵਾਈ ਅੱਡੇ ’ਤੇ ਲਿਆਈ ਗਈ ਅਤੇ ਜਾਮੀਆ ਮਿਲੀਆ ਇਸਲਾਮੀਆ ਦੇ ਕਬਰੀਸਤਾਨ ਵਿਚ ਉਨ੍ਹਾਂ ਨੂੰ ਸਪੁਰ-ਏ-ਖਾਕ ਕੀਤਾ ਗਿਆ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।