ਦੱਖਣੀ ਸੂਡਾਨ ''ਚ ਸ਼ਾਂਤੀ ਦੀ ਭਾਵਨਾ ਕਾਇਮ ਕਰਨ ਲਈ ਭਾਰਤੀ ਸ਼ਾਂਤੀਦੂਤਾਂ ਦੀ ਹੋਈ ਸ਼ਲਾਘਾ
Wednesday, Jun 20, 2018 - 04:09 PM (IST)
ਸੰਯੁਕਤ ਰਾਸ਼ਟਰ— ਹਿੰਸਾ ਨਾਲ ਪੀੜਤ ਪੂਰਬੀ ਅਫਰੀਕੀ ਦੇਸ਼ ਦੱਖਣੀ ਸੂਡਾਨ ਦੇ ਅਕੋਬੋ ਸ਼ਹਿਰ ਵਿਚ ਸੁਰੱਖਿਆ ਅਤੇ ਸ਼ਾਂਤੀ ਕਾਇਮ ਕਰਨ ਵਿਚ ਮਦਦ ਕਰਨ ਲਈ ਦੱਖਣੀ ਸੂਡਾਨ ਦੇ ਸੰਯੁਕਤ ਰਾਸ਼ਟਰ ਮਿਸ਼ਨ (ਯੂ.ਐੱਨ.ਐੱਮ.ਆਈ.ਐੱਸ.ਐੱਸ) ਨਾਲ ਕੰਮ ਕਰ ਰਹੇ ਭਾਰਤ ਦੇ ਸ਼ਾਂਤੀਦੂਤਾਂ ਦੀ ਸ਼ਲਾਘਾ ਹੋ ਰਹੀ ਹੈ। ਸ਼ਹਿਰ ਵਿਚ ਹਿੰਸਾ ਦੇ ਚੱਲਦੇ ਨਾਗਰਿਕਾਂ ਨੂੰ ਦੌੜਨਾ ਪਿਆ ਹੈ, ਇੱਥੇ ਦੀ ਅਰਥ-ਵਿਵਸਥਾ ਵੀ ਤਬਾਹ ਹੋ ਗਈ ਹੈ। ਯੂ.ਐੱਨ.ਐੱਮ.ਆਈ.ਐੱਸ.ਐੱਸ. ਦੇ ਇਕ ਬਿਆਨ ਵਿਚ ਦੱਸਿਆ ਗਿਆ ਕਿ ਭਾਰਤੀ ਸ਼ਾਂਤੀਦੂਤ ਦੱਖਣੀ ਸੂਡਾਨ ਦੇ ਪੂਰਬੀ-ਉਤਰ ਵਿਚ ਜੋਂਗਲੇਈ ਖੇਤਰ ਦੇ ਅਕੋਬੋ ਸ਼ਹਿਰ ਵਿਚ ਇਸ ਸਾਲ ਫਰਵਰੀ ਵਿਚ ਬਣਾਏ ਗਏ ਅਸਥਾਈ ਠਿਕਾਣੇ ਤੋਂ ਕੰਮ ਕਰ ਰਹੇ ਹਨ।
ਸੰਯੁਕਤ ਰਾਸ਼ਟਰ ਦੇ ਸ਼ਾਂਤੀਦੂਤ ਪਹਿਲਾਂ ਅਕੋਬੋ ਤੋਂ ਕੰਮ ਕਰਦੇ ਸਨ ਪਰ ਦਸੰਬਰ 2013 ਵਿਚ ਹਮਲੇ ਤੋਂ ਬਾਅਦ ਉਨ੍ਹਾਂ ਦਾ ਠਿਕਾਣਾ ਬੰਦ ਕਰ ਦਿੱਤਾ ਗਿਆ ਸੀ। ਉਸ ਹਮਲੇ ਵਿਚ ਭਾਰਤ ਦੇ 2 ਸ਼ਾਂਤੀਦੂਤ ਅਤੇ 39 ਨਾਗਰਿਕ ਮਾਰੇ ਗਏ ਸਨ। ਇਸ ਤੋਂ ਬਾਅਦ ਸੰਯੁਕਤ ਰਾਸ਼ਟਰ ਮਿਸ਼ਨ ਦੇ ਮੁਖੀ ਡੈਵਿਡ ਸ਼ੀਅਰਰ ਨੇ ਮਿਸ਼ਨ ਨੂੰ ਫਿਰ ਤੋਂ ਸਥਾਪਿਤ ਕਰਨ ਦੀ ਕਵਾਇਦ ਕੀਤੀ। ਬਿਆਨ ਵਿਚ ਇੰਡੀਅਨ ਬਟਾਲੀਅਨ ਦੇ ਕਮਾਡਿੰਗ ਅਧਿਕਾਰੀ ਲੈਫਟੀਨੈਂਟ ਕਰਨਲ ਸਿੰਘ ਨੇਗੀ ਨੇ ਕਿਹਾ, 'ਨਤੀਜੇ ਸਾਹਮਣੇ ਹਨ, ਫਰਵਰੀ ਵਿਚ ਜਦੋਂ ਅਸੀਂ ਇੱਥੇ ਆਏ ਸੀ, ਉਦੋਂ ਇੱਥੇ ਕੁੱਝ ਨਹੀਂ ਸੀ। ਹੁਣ ਤੁਸੀਂ ਦੇਖ ਸਕਦੇ ਹੋ ਕਿ ਵੱਡੇ ਪੈਮਾਨੇ 'ਤੇ ਨਿਰਮਾਣ ਹੋ ਰਹੇ ਹਨ, ਕਈ ਬਸਤੀਆਂ ਇੱਥੇ ਬਣ ਗਈਆਂ ਹਨ। ਸਾਫ ਸੰਕੇਤ ਹੈ ਕਿ ਯੂ.ਐੱਨ.ਐੱਮ.ਆਈ.ਐੱਸ.ਐੱਸ. ਦੇ ਆਉਣ ਤੋਂ ਬਾਅਦ ਇੱਥੇ ਲੋਕ ਸੁਰੱਖਿਅਤ ਮਹਿਸੂਸ ਕਰ ਰਹੇ ਹਨ।' ਇਸ ਵਿਚ ਕਿਹਾ ਗਿਆ, 'ਲੋਕ ਅਕੋਬੋ ਪਰਤਣ ਲੱਗੇ। ਅਸੀਂ ਉਨ੍ਹਾਂ ਦੇ ਘਰ ਫਿਰ ਤੋਂ ਬਣਾ ਰਹੇ ਹਾਂ।'
