ਭਾਰਤੀ ਮੂਲ ਦੀ ਪ੍ਰੋਫੈਸਰ ਨੂੰ ''ਇਮਰਜਿੰਗ ਲੀਡਰ ਇਨ ਹੈਲਥ ਐਂਡ ਮੈਡੀਸਨ ਸਕਾਲਰ'' ਚੁਣਿਆ ਗਿਆ
Sunday, Sep 04, 2022 - 09:30 AM (IST)
ਹਿਊਸਟਨ (ਏਜੰਸੀ) : ਭਾਰਤੀ ਮੂਲ ਦੀ ਪ੍ਰੋਫੈਸਰ ਸਵਾਤੀ ਅਰੂਰ ਨੂੰ 'ਨੈਸ਼ਨਲ ਅਕੈਡਮੀ ਆਫ਼ ਮੈਡੀਸਨ' (ਐੱਨ.ਏ.ਐੱਮ.) ਨੇ ਸਾਲ 2022 ਲਈ ‘ਇਮਰਜਿੰਗ ਲੀਡਰ ਇਨ ਹੈਲਥ ਐਂਡ ਮੈਡੀਸਨ ਸਕਾਲਰ’ ਵਜੋਂ ਚੁਣਿਆ ਹੈ। ਅਰੂਰ ਟੈਕਸਾਸ ਯੂਨੀਵਰਸਿਟੀ ਦੇ ਐੱਮ.ਡੀ. ਐਂਡਰਸਨ ਕੈਂਸਰ ਸੈਂਟਰ ਵਿੱਚ ਜੈਨੇਟਿਕਸ ਦੀ ਪ੍ਰੋਫੈਸਰ ਅਤੇ ਉਪ ਪ੍ਰਧਾਨ ਹੈ। ਐੱਮ.ਡੀ. ਐਂਡਰਸਨ ਦੀ ਸਥਾਪਨਾ 2016 ਵਿੱਚ ਕੀਤੀ ਗਈ ਸੀ ਅਤੇ ਅਰੂਰ ਇਸ ਵੱਕਾਰੀ ਸਮੂਹ ਵਿੱਚ ਸ਼ਾਮਲ ਕੀਤੀ ਜਾਣ ਵਾਲੀ ਫੈਕਲਟੀ ਦੀ ਪਹਿਲੀ ਮੈਂਬਰ ਹੈ।
ਸਿਹਤ ਸੇਵਾਵਾਂ ਵਿਚ ਸੁਧਾਰ ਨੂੰ ਲੈ ਕੇ ਉਨ੍ਹਾਂ ਦਾ ਜਨੂੰਨ ਉਦੋਂ ਤੋਂ ਜਗਜਾਹਿਰ ਹੈ ਜਦੋਂ ਉਹ 1991-1994 ਵਿੱਚ ਦਿੱਲੀ ਯੂਨੀਵਰਸਿਟੀ ਵਿੱਚ ਗ੍ਰੈਜੂਏਸ਼ਨ ਕਰ ਰਹੀ ਸੀ ਅਤੇ ਉਨ੍ਹਾਂ ਨੇ ਐੱਚ.ਆਈ.ਵੀ. ਪੀੜਤ ਬੱਚਿਆਂ ਦੀ ਬਿਹਤਰ ਦੇਖਭਾਲ ਲਈ ਇੱਕ ਗੈਰ ਸਰਕਾਰੀ ਐੱਨ.ਜੀ.ਓ. ਦੀ ਸ਼ੁਰੂਆਤ ਕੀਤੀ ਸੀ। ਅਰੂਰ ਨੇ 2001 ਵਿੱਚ ਆਲ ਇੰਡੀਆ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਿਜ਼ (AIIMS) ਤੋਂ ਮਾਈਕਰੋਬਾਇਓਲੋਜੀ ਵਿੱਚ ਪੀ.ਐੱਚ.ਡੀ. ਕੀਤੀ ਅਤੇ ਇਸ ਤੋਂ ਬਾਅਦ ਕਨੈਕਟੀਕਟ ਯੂਨੀਵਰਸਿਟੀ ਤੋਂ ਮਾਸਟਰਜ਼ ਕੀਤੀ।
ਐੱਮ.ਡੀ. ਐਂਡਰਸਨ ਦੇ ਪ੍ਰਧਾਨ ਪੀਟਰ ਪਿਸਟਰਸ ਨੇ ਕਿਹਾ, 'ਸਾਨੂੰ ਖੁਸ਼ੀ ਹੈ ਕਿ ਨੈਸ਼ਨਲ ਅਕੈਡਮੀ ਆਫ਼ ਮੈਡੀਸਨ ਨੇ ਲਾਈਫ ਸਾਇੰਸ ਦੇ ਖੇਤਰ ਵਿੱਚ ਡਾ. ਅਰੂਰ ਦੇ ਯੋਗਦਾਨ ਅਤੇ ਸ਼ਾਨਦਾਰ ਅਗਵਾਈ ਨੂੰ ਮਾਨਤਾ ਦਿੱਤੀ ਹੈ।" ਪਿਸਟਰਸ ਨੇ ਕਿਹਾ, ਕੈਂਸਰ ਮੈਟਾਸਟੈਸਿਸ ਖੋਜ ਨੂੰ ਅੱਗੇ ਵਧਾਉਣ ਦੀ ਉਨ੍ਹਾਂ ਦੀ ਲਗਣ, ਮੁਹਾਰਤ ਅਤੇ ਕੰਮ ਸਾਡੇ ਅਦਾਰੇ ਲਈ ਅਨਮੋਲ ਹੈ ਅਤੇ ਅਸੀਂ ਉਨ੍ਹਾਂ ਨੂੰ ਚੁਣੇ ਜਾਣ ਦਾ ਸਵਾਗਤ ਕਰਦੇ ਹਾਂ। 'NAM ਇਮਰਜਿੰਗ ਲੀਡਰ ਫੋਰਮ' ਵਾਸ਼ਿੰਗਟਨ ਵਿਚ 18 ਤੋਂ 19 ਅਪ੍ਰੈਲ 2023 ਨੂੰ ਆਯੋਜਨ ਕੀਤਾ ਜਾਵੇਗਾ।