ਅਮਰੀਕੀ ਜੱਜ ਨੇ ਭਾਰਤੀ ਮੂਲ ਦੇ ਵਿਅਕਤੀ ਦੀ ਸਜ਼ਾ ''ਚ ਕੀਤਾ ਵਾਧਾ
Saturday, Oct 19, 2019 - 02:26 PM (IST)
 
            
            ਨਿਊਯਾਰਕ— ਭਾਰਤੀ ਮੂਲ ਦੇ ਇਕ ਵਿਅਕਤੀ ਨੂੰ ਸਜ਼ਾ ਕੱਟਣ ਲਈ ਆਤਮ ਸਮਰਪਣ ਕਰਨ 'ਚ ਅਸਫਲ ਰਹਿਣ 'ਤੇ 9 ਮਹੀਨੇ ਦੀ ਵਾਧੂ ਸਜ਼ਾ ਸੁਣਾਈ ਗਈ ਹੈ। ਅਮਰੀਕੀ ਅਟਾਰਨੀ ਐਮਗ੍ਰੇਗੋਰ ਸਕੌਟ ਨੇ ਕਿਹਾ ਕਿ ਲਾਸ ਏਂਜਲਸ ਦੇ 34 ਸਾਲਾ ਦਮਨਪ੍ਰੀਤ ਸਿੰਘ ਨੂੰ ਪਿਛਲੇ ਹਫਤੇ ਅਮਰੀਕਾ ਜ਼ਿਲਾ ਜੱਜ ਗਾਰਲੈਂਡ ਬਰੇਰਲ ਨੇ ਸਜ਼ਾ ਸੁਣਾਈ ਸੀ।
ਅਦਾਲਤੀ ਦਸਤਾਵੇਜ਼ਾਂ ਮੁਤਾਬਕ ਪਿਛਲੇ ਸਾਲ ਸਤੰਬਰ 'ਚ ਸਿੰਘ ਨੂੰ ਰਿਸ਼ਵਤ ਲੈਣ ਦੀ ਸਾਜਸ਼ ਕਰਨ, ਪਛਾਣ 'ਚ ਧੋਖਾਧੜੀ ਅਤੇ ਕੰਪਿਊਟਰ ਤਕ ਅਣ ਅਧਿਕਾਰਤ ਪਹੁੰਚ ਦੇ ਮਾਮਲੇ 'ਚ ਦੋ ਸਾਲ ਕੈਦ ਦੀ ਸਜ਼ਾ ਸੁਣਾਈ ਗਈ ਸੀ। ਉਸ ਨੂੰ ਇਸ ਸਾਲ ਜਨਵਰੀ ਤੋਂ ਸ਼ੁਰੂ ਹੋ ਰਹੀ ਸਜ਼ਾ ਲਈ ਆਤਮ-ਸਮਰਪਣ ਕਰਨ ਨੂੰ ਕਿਹਾ ਗਿਆ ਸੀ। ਹਾਲਾਂਕਿ ਸਿੰਘ ਨੇ ਆਤਮ-ਸਮਰਪਣ ਕਰਨ ਦੀ ਥਾਂ ਹਿਰਾਸਤ ਤੋਂ ਬਾਹਰ ਰਹਿਣ ਦੀ ਕੋਸ਼ਿਸ਼ ਕੀਤੀ। ਉਸ ਨੇ ਫੋਨ ਚੁੱਕਣਾ ਬੰਦ ਕਰ ਦਿੱਤਾ ਅਤੇ ਖੁਦ ਨੂੰ ਲੁਕਾਉਣ ਲਈ ਕਿਰਾਏ ਦੀ ਕਾਰ ਚਲਾਉਣੀ ਸ਼ੁਰੂ ਕਰ ਦਿੱਤੀ। ਇਸ ਸਾਲ ਮਾਰਚ ਦੇ ਅਖੀਰ 'ਚ ਗ੍ਰਿਫਤਾਰ ਕੀਤੇ ਜਾਣ ਮਗਰੋਂ ਸਿੰਘ ਨੇ ਹਿਰਾਸਤ ਤੋਂ ਬਚਣ ਲਈ ਅਧਿਕਾਰੀਆਂ ਨੂੰ ਆਪਣੀ ਪਛਾਣ ਬਾਰੇ ਝੂਠ ਬੋਲਿਆ।

 
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            