ਬ੍ਰਿਟੇਨ ’ਚ ਭਾਰਤੀ ਮੂਲ ਦੇ ਜੋੜੇ ’ਤੇ 3 ਸਾਲ ਦੀ ਬੇਟੀ ਨੂੰ ‘ਜਾਣਬੁੱਝ ਕੇ ਭੁੱਖਾ ਰੱਖ ਕੇ’ ਮਾਰਨ ਦਾ ਦੋਸ਼
Thursday, Oct 02, 2025 - 02:54 AM (IST)

ਲੰਡਨ (ਭਾਸ਼ਾ) - ਲੰਡਨ ’ਚ ਇਕ ਅਦਾਲਤੀ ਸੁਣਵਾਈ ਦੌਰਾਨ ਭਾਰਤੀ ਮੂਲ ਦੇ ਇਕ ਜੋੜੇ ’ਤੇ ਆਪਣੀ ਬੱਚੀ ਨੂੰ ਜਾਣਬੁੱਝ ਕੇ ਭੁੱਖਾ ਰੱਖਣ ਦਾ ਦੋਸ਼ ਲਾਇਆ ਗਿਆ, ਜਿਸ ਕਾਰਨ ਉਸਦੀ ਮੌਤ ਹੋ ਗਈ। ਜੋੜੇ ’ਤੇ ਕਰੀਬ ਦੋ ਸਾਲ ਪਹਿਲਾਂ ਆਪਣੀ ਤਿੰਨ ਸਾਲ ਦੀ ਬੇਟੀ ਦੀ ਹੱਤਿਆ ਦਾ ਦੋਸ਼ ਹੈ।
ਮਨਪ੍ਰੀਤ ਜਟਾਣਾ (34) ਅਤੇ ਜਸਕੀਰਤ ਸਿੰਘ ਉੱਪਲ (36) ਨੂੰ ਪੇਨੇਲੋਪ ਚੰਦਰੀ ਦੀ ਹੱਤਿਆ ਦੇ ਦੋਸ਼ ’ਚ ਮੰਗਲਵਾਰ ਨੂੰ ਓਲਡ ਬੇਲੀ ਅਪਰਾਧਿਕ ਅਦਾਲਤ ’ਚ ਪੇਸ਼ ਕੀਤਾ ਗਿਆ। ਜੋੜੇ ’ਤੇ ਹੱਤਿਆ, ਬੱਚੀ ਦੀ ਮੌਤ ਦਾ ਕਾਰਨ ਬਣਨ ਜਾਂ ਉਸ ਨੂੰ ਮਰਨ ਲਈ ਛੱਡ ਦੇਣ, ਜਾਣਬੁੱਝ ਕੇ ਤਸੀਹੇ ਦੇਣ ਜਾਂ ਸੱਟਾਂ ਮਾਰਨ ਦਾ ਵੀ ਦੋਸ਼ ਲਾਇਆ ਗਿਆ ਹੈ। ਜਸਟਿਸ ਲਿਨ ਟੇਟਨ ਨੇ ਦੋਵਾਂ ਨੂੰ 16 ਦਸੰਬਰ ਨੂੰ ਹੋਣ ਵਾਲੀ ਅਗਲੀ ਸੁਣਵਾਈ ਤੱਕ ਹਿਰਾਸਤ ’ਚ ਭੇਜ ਦਿੱਤਾ ਹੈ, ਜਿੱਥੇ ਉਹ ਦੋਸ਼ੀ ਜਾਂ ਨਿਰਦੋਸ਼ ਹੋਣ ਦੀ ਦਲੀਲ ਦੇਣਗੇ ਤਾਂ ਕਿ ਇਹ ਨਿਰਧਾਰਤ ਕੀਤਾ ਜਾ ਸਕੇ ਕਿ ਮਾਮਲਾ ਸਜ਼ਾ ਜਾਂ ‘ਜੂਰੀ ਟ੍ਰਾਇਲ’ ਵੱਲ ਵਧੇਗਾ ਜਾਂ ਨਹੀਂ।
ਇਸਤਗਾਸਾ ਪੱਖ ਦਾ ਦਾਅਵਾ ਹੈ ਕਿ ਜਟਾਣਾ ਅਤੇ ਉੱਪਲ ਨੇ ਆਪਣੀ ਧੀ ਨਾਲ ‘ਲੰਬੇ ਸਮਾਂ ਤੱਕ’ ਦੁਰਵਿਵਹਾਰ ਕੀਤਾ ਅਤੇ ਉਸ ਨੂੰ ‘ਜਾਣਬੁੱਝ ਕੇ ਭੁੱਖਾ ਰੱਖਿਆ’, ਜਿਸ ਕਾਰਨ ਉਸਦੀ ਮੌਤ ਹੋ ਗਈ। ਅਦਾਲਤ ਨੂੰ ਦੱਸਿਆ ਗਿਆ ਕਿ ਪੁਲਸ ਨੂੰ ਪੇਨੇਲੋਪ ਦੀ ‘ਬੇਹੱਦ ਮਾੜੀ ਹਾਲਤ’ ਵਿਚ ਲਾਸ਼ ਦਸੰਬਰ 2023 ’ਚ ਮਿਲੀ ਸੀ।